ਹਰੇਕ ਵਰਗ ਨੂੰ ਮਿਲੇਗਾ ਸਰਕਾਰੀ ਸਕੀਮਾਂ ਦਾ ਲਾਭ: ਨਾਪਾ
ਪੱਤਰ ਪ੍ਰੇਰਕ
ਰਤੀਆ, 3 ਦਸੰਬਰ
ਵਿਧਾਇਕ ਲਕਸ਼ਮਣ ਨਾਪਾ ਨੇ ਪਿੰਡ ਭਰਪੂਰ ਵਿੱਚ ਵਿਕਸਤ ਭਾਰਤ ਸੰਕਲਪ ਯਾਤਰਾ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਰ ਵਿਅਕਤੀ ਨੂੰ ਦਿੱਤਾ ਜਾ ਰਿਹਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਹਮੇਸ਼ਾ ਕਿਸਾਨਾਂ, ਔਰਤਾਂ, ਨੌਜਵਾਨਾਂ ਅਤੇ ਗਰੀਬ ਵਰਗ ਦਾ ਧਿਆਨ ਰੱਖਿਆ ਹੈ। ਵਿਧਾਇਕ ਲਕਸ਼ਮਣ ਨਾਪਾ ਨੇ ਦੱਸਿਆ ਕਿ ਇਸ ਯਾਤਰਾ ਦੌਰਾਨ ਸੂਬੇ ਭਰ ਵਿੱਚ 57 ਰੱਥ ਚੱਲ ਰਹੇ ਹਨ। ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਵਾਸੀਆਂ ਅਤੇ ਆਮ ਲੋਕਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਵਿਧਾਇਕ ਲਕਸ਼ਮਣ ਨਾਪਾ ਨੇ ਵਿਸ਼ੇਸ਼ ਤੌਰ ’ਤੇ ਆਡੀਓ ਕਲਿੱਪ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਸਾਂਝਾ ਕੀਤਾ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸਟਾਲ ਲਗਾ ਕੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਧਾਇਕ ਨੇ ਕਿਹਾ ਕਿ ਸਰਕਾਰ ਦੀਆਂ ਵੱਡੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦੇਸ਼ ਭਰ ਵਿੱਚ ਵਿਕਾਸ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਯਾਤਰਾ ਇਹ ਯਕੀਨੀ ਬਣਾਏਗੀ ਕਿ ਯੋਜਨਾਵਾਂ ਦਾ ਲਾਭ ਲਾਭਪਾਤਰੀਆਂ ਤੱਕ ਸਮਾਂਬੱਧ ਤਰੀਕੇ ਨਾਲ ਪਹੁੰਚ ਸਕੇ। ਇਸ ਦੌਰਾਨ ਵਿਧਾਇਕ ਨੇ ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਡਰੋਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਵਿਧਾਇਕ ਸੁਭਾਸ਼ ਸੁਧਾ ਨੇ ਅੱਜ ਇੱਥੇ ਕਿਹਾ ਕਿ ਸਮਾਜ ਦੇ ਹਰ ਵਿਅਕਤੀ ਨੂੰ ਖੁਸ਼ਹਾਲ ਬਣਾ ਕੇ ਹੀ ਵਿਕਸਤ ਭਾਰਤ ਦੀ ਨੀਂਹ ਮਜ਼ਬੂਤ ਕੀਤੀ ਜਾ ਸਕਦੀ ਹੈ। ਇਸ ਕਾਰਜ ਵਾਸਤੇ ਵਿਕਸਤ ਭਾਰਤ ਦੀ ਸੰਕਲਪ ਤੇ ਜਨ ਸੰਵਾਦ ਯਾਤਰਾ ਵਰਦਾਨ ਸਾਬਤ ਹੋਵੇਗੀ। ਇਸ ਯਾਤਰਾ ਨਾਲ ਕੇਂਦਰ ਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਤੋਂ ਵਾਂਝੇ ਵਿਅਕਤੀ ਲਾਭ ਲੈ ਕੇ ਅੱਗੇ ਵੱਧ ਸਕਣਗੇ। ਵਿਧਾਇਕ ਅੱਜ ਪਿੰਡ ਤਿਗਰੀ ਖਾਲਸਾ ਦੇ ਸਰਕਾਰੀ ਸਕੂਲ ਵਿਚ ਕਰਵਾਈ ਗਈ ਵਿਕਸਤ ਭਾਰਤ ਸੰਕਲਪ ਤੇ ਜਨ ਸੰਵਾਦ ਯਾਤਰਾ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ ਇਸ ਜਨ ਸੰਵਾਦ ਯਾਤਰਾ ਦੌਰਾਨ ਵਿਧਾਇਕ ਨੇ ਸੈਂਕੜੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਡਰੋਨ ਜ਼ਰੀਏ ਖੇਤਾਂ ਵਿਚ ਯੂਰੀਆ ਤੇ ਡੀਏਪੀ ਦਾ ਛਿੜਕਾਅ ਕਰਨ ਦੀ ਮੌਕ ਡਰਿੱਲ ਵੀ ਦੇਖੀ। ਜਨ ਸੰਵਾਦ ਯਾਤਰਾ ਵਿਚ ਵਿਕੇਸ਼, ਜਾਗੀਰ, ਮਹਾਂਵੀਰ ਸਿੰਘ, ਰੂਪਾ, ਸਰੋਜ ਬਾਲਾ, ਰਾਮ ਸਿੰਘ ਮਨਦੀਪ, ਸੀਮਾ ਰਾਣੀ ਤੇ ਬਲਰਾਮ ਆਦਿ ਦੇ ਬੀਪੀਐੱਲ ਕਾਰਡ ਵੀ ਬਣਾਏ ਗਏ।