ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਦਾਰਿਆਂ ਵੱਲੋਂ ਦੀਵਾਲੀ ’ਤੇ ਸਮਾਗਮ
ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਨਵੰਬਰ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ (ਦੋਵੇਂ ਰਣਜੀਤ ਐਵੀਨਿਊ) ਵਿੱਚ ਦੀਵਾਲੀ ਉਤਸ਼ਾਹ ਨਾਲ ਮਨਾਈ ਗਈ। ਗ੍ਰੀਨ ਦੀਵਾਲੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਮੱਦੇਨਜਰ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਪਰੰਪਰਾਗਤ ਮਿੱਟੀ ਦੇ ਦੀਵਿਆਂ ਨਾਲ ਕੈਂਪਸ ਨੂੰ ਰੌਸ਼ਨ ਕੀਤਾ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਵਧ ਰਹੇ ਹਵਾ ਪ੍ਰਦੂਸ਼ਣ ’ਤੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਗ੍ਰੀਨ ਦੀਵਾਲੀ ਮਨਾਉਣ ਦੀ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤਮੰਦ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਰਨਾ ਸਭਨਾਂ ਦਾ ਸਾਂਝਾ ਫਰਜ਼ ਹੈ। ਇਸ ਮੌਕੇ ਰੰਗੋਲੀ, ਸਜਾਵਟੀ ਥਾਲੀਆਂ ਅਤੇ ਦੀਵਿਆਂ ਸਮੇਤ ਕਈ ਮੁਕਾਬਲੇ ਕਰਵਾਏ ਗਏ, ਜੋ ਗ੍ਰੀਨ ਦੀਵਾਲੀ ਵਿਸ਼ੇ ’ਤੇ ਕੇਂਦਰਿਤ ਸਨ। ਡਾ. ਮੰਜੂ ਬਾਲਾ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਿਰਜਣਾਤਮਕਤਾ ਅਤੇ ਵਾਤਾਵਰਨ ਅਨੁਕੂਲ ਦੀਵਾਲੀ ਸਬੰਧੀ ਸਮਰਥਨ ਲਈ ਸਰਟੀਫਿਕੇਟ ਦਿੱਤੇ।
ਗ੍ਰਾਮ ਪੰਚਾਇਤ ਰੁੜਕਾ ਕਲਾਂ ਨੇ ਦੀਵਾਲੀ ਮਨਾਈ
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਗ੍ਰਾਮ ਪੰਚਾਇਤ ਰੁੜਕਾ ਕਲਾਂ, ਵਾਈਐੱਫਸੀ, ਸਰਵਪੱਖੀ ਵਿਕਾਸ ਮੰਚ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਦੀਵਾਲੀ ਸਮਾਗਮ ਕਰਵਾਇਆ ਗਿਆ, ਜਿਸ ’ਚ ਵਿਕਾਸ ਕਾਰਜਾਂ ਵਿੱਚ ਸ਼ਾਮਲ ਸੈਂਕੜੇ ਕਿਰਤੀਆਂ ਤੇ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲਗਭਗ 350 ਭਾਗੀਦਾਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਮੁੱਖ ਮਹਿਮਾਨ ਵਜੋਂ ਮੌਜੂਦਾ ਸਰਪੰਚ ਬੀਬੀ ਅਕਵਿੰਦਰ ਕੌਰ ਅਤੇ ਸਾਬਕਾ ਸਰਪੰਚ ਬੀਬੀ ਕੁਲਵਿੰਦਰ ਕੌਰ ਸ਼ਾਮਲ ਹੋਏ। ਉਨ੍ਹਾਂ ਨਾਲ ਮੌਜੂਦਾ ਤੇ ਪਿਛਲੀ ਗ੍ਰਾਮ ਪੰਚਾਇਤ ਦੇ ਮੈਂਬਰ, ਸਰਬਪੱਖੀ ਵਿਕਾਸ ਮੰਚ ਮੈਂਬਰ, ਨਰੇਗਾ ਦੇ ਵਿਕਾਸ ਯੋਧੇ (ਔਰਤਾਂ ਅਤੇ ਮਰਦ), ਬੱਚੇ, ਕਮਿਊਨਿਟੀ ਕੋਚ, ਯੂਥ ਫੈਸਲੀਟੇਟਰ, ਕੰਪਿਊਟਰ ਸੈਂਟਰ ਦਾ ਸਟਾਫ਼, ਫਿਜੀਓਥਰੈਪੀ ਸੈਂਟਰ ਦਾ ਸਟਾਫ਼, ਵਾਈਐੱਫ਼ਸੀ ਦੇ ਵਾਲੰਟੀਅਰ ਸ਼ਾਮਲ ਸਨ। ਸਮਾਗਮ ’ਚ ਕਿਰਤੀ ਯੋਧਿਆਂ ਦੇ ਸਨਮਾਨ ਵਿੱਚ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਾਬਕਾ ਸਰਪੰਚ ਬੀਬੀ ਕੁਲਵਿੰਦਰ ਕੌਰ ਕੌਲਧਾਰ ਅਤੇ ਮੌਜੂਦਾ ਸਰਪੰਚ ਬੀਬੀ ਅਕਵਿੰਦਰ ਕੌਰ ਅਤੇ ਵਾਈਐੱਫਸੀ ਰੁੜਕਾ ਕਲਾਂ ਦੇ ਪ੍ਰਧਾਨ ਗੁਰਮੰਗਲ ਦਾਸ ਨੇ ਸਾਰੇ ਮਹਿਮਾਨਾਂ ਤੇ ਬੱਚਿਆਂ ਅਤੇ ਪਿੰਡ ਦੇ ਵਿਕਾਸ ਯੋਧਿਆਂ ਦੇ ਹੁਣ ਤੱਕ ਹੋਏ ਵਿਕਾਸ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ।