For the best experience, open
https://m.punjabitribuneonline.com
on your mobile browser.
Advertisement

ਵੱਖ ਵੱਖ ਥਾਈਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

07:04 AM Aug 17, 2023 IST
ਵੱਖ ਵੱਖ ਥਾਈਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਮਾਰਚ ਪਾਸਟ ਤੋਂ ਸਲਾਮੀ ਲੈਂਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਹੋਰ।
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ (ਸੌਰਿਆ ਚੱਕਰ) ਸਰਕਾਰੀ ਕਾਲਜ ਫੇਜ਼-6 ਦੇ ਸਟੇਡੀਅਮ ਵਿੱਚ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਮਨਾਇਆ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿਰੰਗਾ ਲਹਿਰਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡੈਸੀ ਆਸ਼ਿਕਾ ਜੈਨ ਤੇ ਐੱਸਐੱਸਪੀ ਸੰਦੀਪ ਗਰਗ ਨਾਲ ਪਰੇਡ ਦਾ ਨਿਰੀਖਣ ਕੀਤਾ ਤੇ ਡੀਐਸਪੀ ਪ੍ਰਿਆ ਖੇੜਾ ਦੀ ਅਗਵਾਈ ਵਿੱਚ ਕੀਤੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ। ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲ ਰਹੀ ਹੈ। ਅਮਨ ਅਰੋੜਾ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪਿਛਲੇ ਸਵਾ ਸਾਲ ਵਿੱਚ 400 ਤੋਂ ਵੱਧ ਭ੍ਰਿਸ਼ਟ ਸਿਆਸਤਦਾਨ, ਉੱਚ ਅਫ਼ਸਰਾਂ, ਮੁਲਾਜ਼ਮਾਂ ਸਮੇਤ ਹੋਰ ਪ੍ਰਾਈਵੇਟ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਮੰਤਰੀ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਮੰਗ ਪ੍ਰਵਾਨ ਕਰ ਕੇ ਮੈਡੀਕਲ ਕਾਲਜ ਮੁਹਾਲੀ ਵਿੱਚ ਤੀਜੇ ਸਾਲ ਵਿੱਚ 100 ਐਮਬੀਬੀਐਸ ਸੀਟਾਂ ਦੀ ਦਾਖ਼ਲਾ ਪ੍ਰਕਿਰਿਆ ਚਲਾਈ ਹੈ। ਇਸੇ ਤਰ੍ਹਾਂ ‘ਸਿਟੀ ਬੱਸ ਸੇਵਾ’ ਦਾ ਤੋਹਫ਼ਾ ਵੀ ਸਰਕਾਰ ਵੱਲੋਂ ਜਲਦੀ ਹੀ ਪਾਇਲਟ ਪ੍ਰਾਜੈਕਟ ਦੇ ਰੂਪ ਵਿੱਚ ਮੁਹਾਲੀ ਨੂੰ ਮਿਲਣ ਜਾ ਰਿਹਾ ਹੈ। ਆਜ਼ਾਦੀ ਘੁਲਾਟੀਏ ਪਰਿਵਾਰਾਂ ’ਚੋਂ ਸੁਰਜੀਤ ਕੌਰ ਵਿਧਵਾ ਨੱਥਾ ਸਿੰਘ ਵਾਸੀ ਲਾਂਡਰਾਂ ਨੂੰ ਮੰਤਰੀ ਨੇ ਮਿਲ ਕੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਤੇ ਸਨਮਾਨ ਕੀਤਾ।

Advertisement

ਫ਼ਤਹਿਗੜ੍ਹ ਵਿੱੱਚ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਤੇ ਹੋਰ ਅਧਿਕਾਰੀ।

ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਸਟੇਡੀਅਮ ਸਰਹਿੰਦ ਵਿੱਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਨੇ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕੀਤਾ।
ਇਸੇ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਨਗਰ ਕੌਸਲ ਸਰਹਿੰਦ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਕੌਂਸਲ ਪ੍ਰਧਾਨ ਅਸ਼ੋਕ ਸੂਦ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਰੂਪਨਗਰ (ਪੱਤਰ ਪ੍ਰੇਰਕ): ਨਹਿਰੂ ਸਟੇਡੀਅਮ ਰੂਪਨਗਰ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ, ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਜ਼ਿਲ੍ਹਾ ਤੇ ਸ਼ੈਸ਼ਨ ਜੱਜ ਰਮੇਸ਼ ਕੁਮਾਰੀ ਏ.ਡੀ.ਜੀ.ਪੀ (ਐਸ.ਟੀ.ਐਫ.) ਰਾਜੇਸ਼ ਕੁਮਾਰ ਜੈਸਵਾਲ ਆਦਿ ਹਾਜ਼ਰ ਸਨ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਰਿਮਟ ਸਕੂਲ ਆਫ ਐਜੂਕੇਸ਼ਨ ਅਤੇ ਸਕੂਲ ਆਫ ਲੈਂਗੂਏਜ ਐਂਡ ਸੋਸ਼ਲ ਸਾਇੰਸ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ 77ਵਾਂ ਸੁਤੰਤਰਤਾ ਦਿਵਸ ਮਨਾਇਆ।
ਲਾਲੜੂ (ਪੱਤਰ ਪ੍ਰੇਰਕ): ਆਜ਼ਾਦੀ ਦਿਵਸ ਮੌਕੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਨੇ ਕੌਂਸਲ ਦਫ਼ਤਰ ਵਿਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਲਾਲੜੂ ਮੰਡੀ ਦੇ ਸਰਕਾਰੀ ਪਾਰਕ ਵਿੱਚ ਸ਼ਹਿਰ ਵਾਸੀਆਂ ਵੱਲੋਂ ਬਹਾਵਲਪੁਰੀ ਸਮਾਜ ਦੇ ਪ੍ਰਧਾਨ ਕਮਲ ਨੈਨ ਦੀ ਅਗਵਾਈ ਹੇਠ ਕੌਮੀ ਝੰਡਾ ਲਹਿਰਾਇਆ ਗਿਆ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜੇ ਮੌਕੇ ਪਿੰਡ ਮੁੱਲਾਂਪੁਰ ਗਰੀਬਦਾਸ, ਨਿਊ ਚੰਡੀਗੜ੍ਹ ਇਲਾਕੇ ਸਣੇ ਨਵਾਂ ਗਾਉਂ ਵਿੱਚ ਨਗਰ ਕੌਂਸਲ ਦੀ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਵਿੱਚ ਤੇ ਭਾਜਪਾ ਦੇ ਸਰਕਲ ਨਵਾਂ ਗਾਉਂ ਪ੍ਰਧਾਨ ਜੋਗਿੰਦਰਪਾਲ ਗੁੱਜਰ ਕਾਨੇ ਦਾ ਵਾੜਾ ਨੇ ਕੌਮੀ ਝੰਡਾ ਲਹਿਰਾਇਆ। ਪਿੰਡ ਹੁਸ਼ਿਆਰਪੁਰ ਵਾਸੀ ਰੂਪਚੰਦ, ਰਿਸ਼ੀ ਕੁਮਾਰ ਗੁਪਤਾ ਪਿੰਡ ਮੁੱਲਾਂਪੁਰ ਗਰੀਬਦਾਸ ਤੇ ਪਿੰਡ ਕਾਂਸਲ ਵਾਸੀ ਰਵੀ ਨੂੰ ਸਮਾਜਿਕ ਕੰਮਾਂ ਵਿੱਚ ਯੋਗਦਾਨ ਬਦਲੇ ਸਨਮਾਨਿਆ ਗਿਆ।
ਅਮਲੋਹ (ਪੱਤਰ ਪ੍ਰੇਰਕ): ਅਮਲੋਹ ਵਿੱਚ ਸਬ-ਡਿਵੀਜ਼ਨ ਪੱਧਰ ਦਾ ਸਮਾਗਮ ਨਵੀਂ ਅਨਾਜ ਮੰਡੀ ਵਿੱਚ ਤਹਿਸੀਲਦਾਰ ਦਿਵਿਆ ਸਿੰਗਲਾ ਦੀ ਅਗਵਾਈ ਹੇਠ ਹੋਇਆ। ਇੱਥੇ ਝੰਡਾ ਲਹਿਰਾਉਣ ਦੀ ਰਸਮ ਉਪ-ਮੰਡਲ ਮੈਜਿਸਟ੍ਰੇਟ ਗੁਰਵਿੰਦਰ ਸਿੰਘ ਜੌਹਲ ਨੇ ਅਦਾ ਕੀਤੀ। ਸਕੂਲਾਂ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਬਾਅਦ ਵਿਚ ਸੁਤੰਤਰਤਾ ਸੰਗਰਾਮੀ ਅਤੇ ਵੱਖ-ਵੱਖ ਖੇਤਰ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲਿਆਂ ਦਾ ਸਨਮਾਨ ਕੀਤਾ ਗਿਆ।
ਕਾਂਗਰਸ ਦਫ਼ਤਰ ਅਮਲੋਹ ਵਿਚ ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਨਗਰ ਕੌਂਸਲ ਅਮਲੋਹ ਦਫ਼ਤਰ ਵਿਚ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਦੇ ਸੈਕਟਰ-5 ਸਥਿਤ ਪਰੇਡ ਗਰਾਊਂਡ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਲਹਿਰਾਇਆ। ਇਸੇ ਤਰ੍ਹਾਂ ਸੈਕਟਰ-20 ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਗਿਆ।
ਬਨੂੜ (ਪੱਤਰ ਪ੍ਰੇਰਕ): ਸੁਤੰਤਰਤਾ ਦਿਵਸ ਸਬੰਧੀ ਮੁੱਖ ਸਮਾਗਮ ਨਗਰ ਕੌਂਸਲ ਦੇ ਅਹਾਤੇ ਵਿੱਚ ਹੋਇਆ, ਜਿੱਥੇ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਤਿਰੰਗਾ ਲਹਿਰਾਇਆ। ਇਸ ਮੌਕੇ ਕੌਂਸਲ ਦੇ ਈਓ ਜਗਜੀਤ ਸਿੰਘ ਜੱਜ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ‘ਆਪ’ ਦੇ ਪ੍ਰਧਾਨ ਕਿਰਨਜੀਤ ਪਾਸੀ ਆਦਿ ਹਾਜ਼ਰ ਸਨ। ਇਸ ਮੌਕੇ ਸਕੂਲੀ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।
ਇਸੇ ਤਰ੍ਹਾਂ ਖੇਤਰ ਦੇ ਸਕੂਲਾਂ ਵਿੱਚ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਚਿਤਕਾਰਾ ਯੂਨੀਵਰਸਿਟੀ ਵਿੱਚ ਪ੍ਰੋ. ਚਾਂਸਲਰ ਡਾ. ਮਧੂ ਚਿਤਕਾਰਾ ਨੇ ਝੰਡਾ ਲਹਿਰਾਇਆ। ਹੋਲੀ ਮੇਰੀ ਸਕੂਲ ਵਿੱਚ ਡਾਇਰੈਕਟਰ ਸੀਸੀ ਦੇਵਾਸੀ, ਆਈਟੀਆਈ ਬਨੂੜ ਵਿੱਚ ਪ੍ਰਿੰਸੀਪਲ ਪਰਮਜੀਤ ਸਿੰਘ ਅਤੇ ਬੇਬੀ ਕਾਨਵੈਟ ਸਕੂਲ ਵਿੱਚ ਚੇਅਰਮੈਨ ਦਿਆਲ ਸਿੰਘ ਤੇ ਪ੍ਰਿੰਸੀਪਲ ਰੀਮਾ ਬਠਲਾ, ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਚੇਅਰਮੈਨ ਰਮੇਸ਼ ਭਰਦਵਾਜ, ਡਾਇਰੈਕਟਰ ਆਸੂਤੋਸ਼ ਭਰਦਵਾਜ ਤੇ ਪ੍ਰਿੰਸੀਪਲ ਚੀਨੂੰ ਭਰਦਵਾਜ ਨੇ ਝੰਡਾ ਲਹਿਰਾਇਆ। ਸਰਕਾਰੀ ਹਾਈ ਸਕੂਲ ਦੇਵੀਨਗਰ ਅਬਰਾਵਾਂ ਵਿੱਚ ਲਖਵੀਰ ਸਿੰਘ ਲੱਖੀ ਨੇ ਝੰਡਾ ਲਹਿਰਾਇਆ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਅਨਾਜ ਮੰਡੀ ਵਿੱਚ ਕਰਵਾਏ ਸਬ-ਡਿਵੀਜ਼ਨ ਪੱਧਰੀ ਆਜ਼ਾਦੀ ਸਮਾਗਮ ਮੌਕੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਇਲਾਵਾ ਬੇਲਾ ਕਾਲਜ, ਪੰਜਾਬ ਇੰਟਰਨੈਸ਼ਨਲ ਸਕੂਲ, ਐਸ ਐਸ ਮੈਮੋਰੀਅਲ ਸੁਸਾਇਟੀ ਅਤੇ ਮੁਜ਼ਾਫਤ ਤੇ ਗੁਰੂ ਗੋਬਿੰਦ ਸਿੰਘ ਸਕੂਲ ਵਿੱਚ ਵੀ ਆਜ਼ਾਦੀ ਦਿਵਸ ਮਨਾਇਆ ਗਿਆ।
ਦੂਜੇ ਪਾਸੇ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਕਿ ਉਨ੍ਹਾਂ ਨੂੰ ਅਜਿਹੇ ਸਮਾਗਮਾਂ ਮੌਕੇ ਅਣਗੌਲਿਆਂ ਕੀਤਾ ਜਾਂਦਾ ਹੈ।
ਘਨੌਲੀ (ਪੱਤਰ ਪ੍ਰੇਰਕ): ਸ਼ਿਵ ਸੈਨਾ ਪੰਜਾਬ ਵੱਲੋਂ ਘਨੌਲੀ ਦੇ ਸੁਤੰਤਰਤਾ ਸੰਗਰਾਮੀ ਚੌਕ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਪ੍ਰਧਾਨ ਸੰਜੀਵ ਘਨੌਲੀ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਮੋਰਿੰਡਾ (ਪੱਤਰ ਪ੍ਰੇਰਕ): ਖਾਲਸਾ ਕਾਲਜ ਮੋਰਿੰਡਾ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਐਸਡੀਐਮ ਮੋਰਿੰਡਾ ਦੀਪਾਂਕਰ ਗਰਗ ਨੇ ਤਿਰੰਗਾ ਝੰਡਾ ਲਹਿਰਾਇਆ। ਨਗਰ ਕੌਂਸਲ ਮੋਰਿੰਡਾ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਦੋਵੇਂ ਥਾਵਾਂ ’ਤੇ ਪੁਲੀਸ ਪਾਰਟੀ ਵੱਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਆਜ਼ਾਦੀ ਦਿਵਸ ’ਤੇ ਪੁਲੀਸ ਲਾਈਨ ਮੈਦਾਨ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ ਤੇ ਐਸਡੀ ਕਾਲਜ ਅੰਬਾਲਾ ਛਾਉਣੀ ’ਚ ਡਿਵੀਜ਼ਨਲ ਪੱਧਰੀ ਸਮਾਰੋਹ ਵਿੱਚ ਰਾਜ ਸਭਾ ਮੈਂਬਰ ਕਾਰਤੀਕੇ ਸ਼ਰਮਾ ਨੇ ਝੰਡਾ ਝੁਲਾਇਆ ਤੇ ਪਰੇਡ ਦੀ ਸਲਾਮੀ ਲਈ।

ਪੀਣ ਵਾਲੇ ਪਾਣੀ ਨੂੰ ਤਰਸੇ ਸਕੂਲੀ ਬੱਚੇ

ਕੈਂਪਰਾਂ ਵਿੱਚੋਂ ਪਾਣੀ ਲੱਭਦੇ ਹੋਏ ਸਕੂਲੀ ਬੱਚੇ। -ਫੋਟੋ: ਰੂਬਲ

ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸਰਕਾਰੀ ਕਾਲਜ ਵਿਖੇ 76ਵਾਂ ਅਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐਸ. ਡੀ. ਐਮ. ਹਿਮਾਂਸ਼ੂ ਗੁਪਤਾ ਵੱਲੋਂ ਸਲਾਮੀ ਲੈਣ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸਮਾਗਮ ਵਿੱਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਰਕਤ ਕਰਦਿਆਂ ਸਕੂਲੀ ਬੱਚਿਆਂ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਦੂਜੇ ਪਾਸੇ ਸਮਾਗਮ ਨੂੰ ਚਾਰ ਚੰਦ ਲਾਉਣ ਵਾਲੇ ਸਕੂਲੀ ਬੱਚੇ ਗਰਮੀ ਵਿੱਚ ਪੀਣ ਵਾਲੇ ਪਾਣੀ ਨੂੰ ਤਰਸਦੇ ਨਜ਼ਰ ਆਏ। ਪ੍ਰਬੰਧਕਾਂ ਵੱਲੋਂ ਪੀਣ ਦੇ ਪਾਣੀ ਲਈ ਕੈਂਪਰ ਰੱਖੇ ਗਏ ਸਨ ਪਰ ਉਹ ਐਨੇ ਵੱਡੇ ਸਮਾਗਮ ਲਈ ਨਾਕਾਫ਼ੀ ਸਾਬਤ ਹੋਏ। ਬੱਚੇ ਖਾਲੀ ਕੈਂਪਰਾਂ ਵਿੱਚੋਂ ਪੀਣ ਲਈ ਪਾਣੀ ਲੱਭਦੇ ਵੇਖੇ ਗਏ।

ਆਜ਼ਾਦੀ ਦੇ ਸੰਘਰਸ਼ ’ਚ 80 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ: ਰਾਣਾ

ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਮਨੀਸ਼ਾ ਰਾਣਾ ਨੇ ਅੱਜ ਵਿਰਾਸਤ ਏ ਖਾਲਸਾ ਵਿੱਚ ਉਪ ਮੰਡਲ ਪੱਧਰ ਦੇ ਸਮਾਗਮ ਦੌਰਾਨ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਇਆ। ਉਪਰੰਤ ਮਨੀਸ਼ਾ ਰਾਣਾ ਨੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ 80 ਫ਼ੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਨੇ ਪਾਇਆ ਹੈ।

ਹੜ੍ਹ ਪੀੜਤ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਦਾ ਸਨਮਾਨ

ਕੁਰਾਲੀ (ਪੱਤਰ ਪ੍ਰੇਰਕ): ਸੁਤੰਤਰਤਾ ਦਿਵਸ ਸਬੰਧੀ ਇੱਥੇ ਮੁੱਖ ਸਮਾਗਮ ਸਥਾਨਕ ਨਗਰ ਕੌਂਸਲ ਦੇ ਅਹਾਤੇ ਵਿੱਚ ਕਰਵਾਇਆ ਗਿਆ। ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਝੰਡਾ ਲਰਿਹਾਇਆ ਜਦਕਿ ਪੁਲੀਸ ਦੀ ਟੁਕੜੀ ਨੇ ਝੰਡੇ ਨੂੰ ਸਲਾਮੀ ਦਿੱਤੀ। ਸਮਾਗਮ ਦੌਰਾਨ ਹੜ੍ਹਾਂ ਦੀ ਮਾਰ ਝੱਲ ਰਹੇ ਪਰਿਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਸੇਵਾ ਮੁਹੱਈਆ ਕਰਵਾ ਰਹੇ ਅਧਿਆਪਕਾਂ ਰਾਜਨ ਸ਼ਰਮਾ, ਵਰਿੰਦਰ ਸ਼ਰਮਾ ਅਤੇ ਦੀਪਕ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਕਾਲੇਵਾਲ ਦੇ ਐਜੂਸਟਰ ਆਦਰਸ਼ ਸਕੂਲ ਵਿੱਚ ਪ੍ਰਿੰਸੀਪਲ ਬੰਦਨਾ ਬੁਰੀ ਨੇ ਤਿੰਰਗਾ ਝੰਡਾ ਲਹਿਰਾਇਆ। ਸਕੂਲ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਮਾਲੀ ਹਰਬੰਸ ਸਿੰਘ ਅਤੇ ਵਿਦਾਇਗੀ ਲੈ ਰਹੇ ਪ੍ਰਬੰਧ ਅਫ਼ਸਰ ਸਤੀਸ਼ ਕੁਮਾਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸੀਨੀਅਰ ਕੋਆਰਡੀਨੇਟਰ ਗੁਰਿੰਦਰਪਾਲ ਕੌਰ ਨੇ ਅੰਤ ਵਿੱਚ ਸਭਨਾਂ ਦਾ ਧੰਨਵਾਦ ਕੀਤਾ।

Advertisement
Author Image

Advertisement
Advertisement
×