ਜਨਮਅਸ਼ਟਮੀ ਮੌਕੇ ਵੱਖ-ਵੱਖ ਥਾਈਂ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 26 ਅਗਸਤ
ਲਕਸ਼ਿਆ ਸਪੈਸ਼ਲ ਸਕੂਲ ਤਲਾਣੀਆਂ ਨੇ ਭੋਲਾ ਸਵੀਟਸ ਹਾਲ ਸਰਹਿੰਦ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਮੁੱਖ-ਮਹਿਮਾਨ ਵਜੋਂ ਸਿਰਕਤ ਕੀਤੀ। ਪ੍ਰੋਗਰਾਮ ਵਿੱਚ ਭਾਰਤ ਵਿਕਾਸ ਪਰਿਸ਼ਦ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ ਅਤੇ ਪ੍ਰੋਗਰਾਮ ਦੌਰਾਨ ਪੂਰਨ ਸਹਿਯੋਗ ਦਿੱਤਾ। ਇਸ ਮੌਕੇ ਸੇਵਾ ਸਮਰਪਣ ਆਸ਼ੀਰਵਾਦ ਸੰਸਥਾ ਖੰਨਾ ਨੇ ਬੱਚਿਆਂ ਨੂੰ ਤੋਹਫ਼ੇ ਦਿੱਤੇ। ਪ੍ਰੋਗਰਾਮ ਵਿੱਚ ਦੂਜੇ ਸਕੂਲ ਦੇ ਬੱਚੇ ਵੀ ਸਪੈਸ਼ਲ ਵਿਦਿਆਰਥੀਆਂ ਨਾਲ ਸ਼ਾਮਲ ਹੋਏ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੁਰਗਾ ਮੰਦਰ, ਸੀਤਲਾ ਮਾਤਾ ਮੰਦਰ, ਗੌਬਿੰਦ ਗਊ ਧਾਮ ਅਤੇ ਪ੍ਰਾਚੀਨ ਸ਼ਿਵ ਮੰਦਰ ਖਮਾਣੋਂ ਕਲਾਂ ਵਿੱਚ ਮਨਾਇਆ ਗਿਆ। ਪ੍ਰਬੰਧਕਾਂ ਵੱਲੋਂ ਮੰਦਰਾਂ ਨੂੰ ਬਹਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ। ਇਸੇ ਤਰ੍ਹਾਂ ਸਰਵਹਿਤਕਾਰੀ ਵਿਦਿਆ ਮੰਦਰ ਖਮਾਣੋਂ ਵਿਚ ਵੀ ਜਨਮਅਸ਼ਟਮੀ ਮਨਾਈ ਗਈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਭਗਵਾਨ ਕ੍ਰਿਸ਼ਨ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ।
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਇੱਥੋਂ ਦੇ ਰਾਧਾ ਕ੍ਰਿਸ਼ਨ ਸਨਾਤਨ ਧਰਮ ਸਭਾ ਮੰਦਰ ਵਿੱਚ ਕ੍ਰਿਸ਼ਨ ਜਨਮਅਸ਼ਟਮੀ ਮੌਕੇ ਸਮਾਗਮ ਕਰਵਾਇਆ ਗਿਆ। ਜਨਮਅਸ਼ਟਮੀ ਮੌਕੇ ਅੱਜ ਸ਼ੋਭਾ ਯਾਤਰਾ ਕੱਢੀ ਗਈ ਜੋ ਸ਼ਹਿਰ ਦੇ ਮੁੱਖ ਬਾਜ਼ਾਰ, ਰਵਿਦਾਸ ਚੌਕ, ਕਲਗੀਧਰ ਮਾਰਕੀਟ, ਬੱਸ ਸਟੈਂਡ ਚੌਕ, ਮੁਹੱਲਾ ਫ਼ਤਹਿਗੜ੍ਹ ਸਾਹਿਬ ਆਦਿ ਤੋਂ ਹੁੰਦੀ ਹੋਈ ਵਾਪਸ ਰਾਧਾ ਕ੍ਰਿਸ਼ਨ ਸਨਾਤਨ ਧਰਮ ਸਭਾ ਮੰਦਰ ਵਿੱਚ ਪੁੱਜ ਕੇ ਸਮਾਪਤ ਹੋਈ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਮੰਦਰਾਂ ਵਿੱਚ ਸਜਾਵਟ ਕੀਤੀ ਗਈ ਸੀ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਕਈ ਥਾਵਾਂ ਉੱਤੇ ਜਨਮਅਸ਼ਟਮੀ ਮਨਾਈ ਗਈ। ਸੈਕਟਰ-2 ਪੰਚਕੂਲਾ ਦੇ ਰਾਮ ਮੰਦਰ ਵਿੱਚ ਝਾਕੀਆਂ ਕੱਢੀਆਂ ਗਈਆਂ। ਮੰਦਰ ਦੇ ਪ੍ਰਧਾਨ ਪਵਨ ਮਿੱਤਲ ਨੇ ਦੱਸਿਆ ਕਿ 27 ਅਗਸਤ ਨੂੰ ਅਨੰਦ ਉਤਸ਼ਵ ਮਨਾਇਆ ਜਾਵੇਗਾ। ਇੱਥੇ ਸੈਕਟਰ-12 ਦੇ ਇਸਕਾਨ ਮੰਦਰ ਵਿੱਚ ਵੀ ਜਨਮਅਸ਼ਟਮੀ ਮਨਾਈ ਗਈ।
ਜਨਮਅਸ਼ਟਮੀ ਮੌਕੇ ਵਾਤਾਵਰਨ ਸੰਭਾਲ ਦਾ ਸੱਦਾ
ਕੁਰਾਲੀ (ਪੱਤਰ ਪ੍ਰੇਰਕ): ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਚਨਾਲੋਂ (ਵਾਰਡ ਨੰਬਰ-10) ਦੇ ਸ਼ਿਵ ਮੰਦਰ ਵਿੱਚ ਜਨਮਅਸ਼ਟਮੀ ਮੌਕੇ ਸਮਾਗਮ ਦੌਰਾਨ ਸੰਗਤ ਨੂੰ ਤੁਲਸੀ ਤੇ ਹੋਰ ਬੂਟੇ ਵੰਡੇ ਗਏ। ਇਸ ਮੌਕੇ ਮੰਦਰ ਵਿੱਚ ਪੁੱਜੇ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਅਤੇ ਕੌਂਸਲਰ ਬਹਾਦਰ ਸਿੰਘ ਓਕੇ ਨੇ ਕਿਹਾ ਕਿ ਅੱਜ ਸਾਡਾ ਵਾਤਾਵਰਨ ਤੇਜ਼ੀ ਨਾਲ ਵਿਗੜ ਰਿਹਾ ਹੈ। ਇਸ ਨੂੰ ਸੰਤੁਲਿਤ ਕਰਨ ਲਈ ਬੂਟੇ ਲਗਾਉਣਾ ਹੀ ਇੱਕੋ ਇੱਕ ਵਿਕਲਪ ਹੈ। ਇਸ ਸਬੰਧੀ ਮੰਦਰ ਵਿੱਚ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ ਅਤੇ ਭਜਨ ਮੰਡਲੀ ਨੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਰਾਣਾ ਮੁਕੇਸ਼ ਕੁਮਾਰ, ਪ੍ਰਦੀਪ ਰੂੜਾ, ਓਮ ਪੰਚ ਸਣੇ ਕਈ ਪਤਵੰਤੇ ਹਾਜ਼ਰ ਸਨ।
ਲਾਰਡ ਕ੍ਰਿਸ਼ਨਾ ਸਕੂਲ ਵਿੱਚ ਜਨਮਅਸ਼ਟਮੀ ਮਨਾਈ
ਘਨੌਲੀ (ਪੱਤਰ ਪ੍ਰੇਰਕ): ਲਾਰਡ ਕ੍ਰਿਸ਼ਨਾ ਪਬਲਿਕ ਸਕੂਲ ਘਨੌਲੀ ਵਿੱਚ ਜਨਮਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਕਵਿਤਾ ਸ਼ਰਮਾ ਤੇ ਡਾਇਰੈਕਟਰ ਐਡਵੋਕੇਟ ਰਾਜੀਵ ਸ਼ਰਮਾ ਦੀ ਅਗਵਾਈ ਅਧੀਨ ਕਰਵਾਏ ਸਮਾਗਮ ਦੌਰਾਨ ਪੂਜਾ ਕਰਨ ਤੋਂ ਬਾਅਦ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਨੰਨ੍ਹੇ ਮੁੰਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਝਾਕੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਸਰਬਜੀਤ ਕੌਰ, ਰਾਜਵਿੰਦਰ ਕੌਰ, ਵੀਨਾ ਕੁਮਾਰੀ, ਸਰਬਜੀਤ ਕੌਰ, ਪਰਮਿੰਦਰ ਕੌਰ, ਭੁਪਿੰਦਰ ਕੌਰ ਆਦਿ ਅਧਿਆਪਕਾਵਾਂ ਤੇ ਸਕੂਲ ਦਾ ਸਟਾਫ ਹਾਜ਼ਰ ਸੀ।