ਭਾਰਤੀ ਸਾਹਿਤ ਅਕੈਡਮੀ ਵੱਲੋਂ ਸੰਤ ਰਾਮ ਉਦਾਸੀ ਦੇ ਜੱਦੀ ਪਿੰਡ ਵਿੱਚ ਸਮਾਗਮ
ਨਵਕਿਰਨ ਸਿੰਘ
ਮਹਿਲ ਕਲਾਂ, 30 ਸਤੰਬਰ
ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ ਗੀਤ ਕਲਾ ਬਾਰੇ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਰਾਏਸਰ ਵਿੱਚ ਕਰਵਾਇਆ ਗਿਆ। ਇਸ ਮੌਕੇ ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਨੇ ਜੀ ਆਇਆਂ ਕਹਿੰਦਿਆਂ ਉਦਾਸੀ ਦੀ ਗੀਤਕਾਰੀ ਦੇ ਸਫ਼ਰ ਬਾਰੇ ਵੀ ਵਿਚਾਰ ਪੇਸ਼ ਕੀਤੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਸੁਰਜੀਤ ਸਿੰਘ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਦਾਸੀ ਸਮਾਜ ਦੀ ਸਭ ਤੋਂ ਲਤਾੜੀ ਹੋਈ ਧਿਰ ਦੇ ਕਵੀ ਸਨ। ਉਨ੍ਹਾਂ ਦੇ ਆਮ ਆਦਮੀ ਦੇ ਦੁੱਖਾਂ ਬਾਰੇ ਲਿਖੇ ਗੀਤਾਂ ਨੂੰ ਸਦੀਵੀ ਤੌਰ ’ਤੇ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਰਤੀ ਵਰਗ ਦੇ ਕਵੀ ਉਦਾਸੀ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦਿਆਂ ਸੰਘਰਸ਼ ਦਾ ਸੱਦਾ ਦਿੱਤਾ।
ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਉਦਾਸੀ ਨੇ ਆਪਣੀ ਗੀਤਕਾਰੀ ਅਤੇ ਮਧੁਰ ਆਵਾਜ਼ ਨੂੰ ਮੰਡੀ ਦੀ ਵਸਤੂ ਨਹੀਂ ਬਣਾਇਆ। ਉਸ ਦੇ ਗੀਤ ਅੱਜ ਤੱਕ ਵੀ ਵੱਡੇ ਇਕੱਠਾਂ ਅਤੇ ਲੋਕ ਸੰਘਰਸ਼ਾਂ ਵਿੱਚ ਗਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਉਦਾਸੀ ਨੇ ਆਪਣੀ ਸਾਰੀ ਉਮਰ ਲੋਕ ਹਿੱਤਾਂ ਖਾਤਰ ਸੰਘਰਸ਼ ਕਰਦਿਆਂ ਲਗਾਈ। ਲੇਖਕ ਡਾ. ਭੁਪਿੰਦਰ ਸਿੰਘ ਬੇਦੀ ਅਤੇ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਦਾਸੀ ਨੇ ਸਮਾਜ ਦੇ ਲਤਾੜੇ ਜਾ ਰਹੇ ਵਰਗ ਨੂੰ ਚੇਤਨ ਕਰਨ ਦਾ ਕੰਮ ਕੀਤਾ ਇਸ ਕਰਕੇ ਉਸਦੇ ਗੀਤ ਅੱਜ ਵੀ ਪ੍ਰਸੰਗਕ ਹਨ। ਇਸ ਮੌਕੇ ਅਕੈਡਮੀ ਵੱਲੋਂ ਉਦਾਸੀ ਦੀ ਪਤਨੀ ਨਸੀਬ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲੇਖਕ ਸੁਰਜੀਤ ਸਿੰਘ ਦਿਹੜ, ਦਰਸ਼ਨ ਸਿੰਘ ਗੁਰੂ, ਪਵਨ ਪਰਿੰਦਾ, ਜਗਜੀਤ ਗੁਰਮ, ਲਛਮਣ ਦਾਸ ਮੁਸਾਫ਼ਿਰ, ਲੱਕੀ ਛੀਨੀਵਾਲ, ਡਾ ਅਮਨਦੀਪ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਮੋਹਕਮ ਸਿੰਘ ਉਦਾਸੀ, ਜਗਤਾਰ ਜਜ਼ੀਰਾ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜਗਸੀਰ ਸਿੰਘ ਜੱਗੀ, ਸੁਖਦੀਪ ਸਿੰਘ, ਜਗਦੀਸ਼ ਸਿੰਘ ਗਗਨਦੀਪ ਕੌਰ ਆਦਿ ਹਾਜ਼ਰ ਸਨ।
ਸੰਤ ਰਾਮ ਉਦਾਸੀ ਨੇ ਹੱਕੀ ਸੰਘਰਸ਼ ਲਈ ਪ੍ਰੇਰਿਤ ਕੀਤਾ: ਹਰਭਗਵਾਨ
ਬਰਨਾਲਾ ਇਲਾਕੇ ਦੇ ਉੱਘੇ ਸਾਹਿਤਕਾਰ ਡਾ. ਹਰਭਗਵਾਨ ਨੇ ਕਿਹਾ ਕਿ ਉਦਾਸੀ ਨਕਸਲੀ ਲਹਿਰ ਦਾ ਕਵੀ ਸੀ, ਉਸ ਨੇ ਹਕੂਮਤੀ ਜ਼ਬਰ ਖਿਲਾਫ਼ ਖੁੱਲ੍ਹ ਕੇ ਲਿਖਿਆ ਸੀ। ਉਨ੍ਹਾਂ ਕਿਹਾ ਕਿ ਉਦਾਸੀ ਦੇ ਗੀਤ ਅੱਜ ਵੀ ਕਿਰਤੀ ਵਰਗ ਨੂੰ ਆਪਣੇ ਹੱਕਾਂ ਲਈ ਸੰਘਰਸ਼ ਖਾਤਰ ਪ੍ਰੇਰਿਤ ਕਰਦੇ ਹਨ।