‘ਪੰਜਾਬੀ ਪੱਤਰਕਾਰੀ: ਚੁਣੌਤੀਆਂ, ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਸਮਾਗਮ
ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
‘ਸਾਹਿਤਕਾਰਾਂ ਦਾ ਕਮਰਾ’ ਪਟਿਆਲਾ ਵਿੱਚ ਸਮਾਗਮ ਸੰਵਾਦ ਤਹਿਤ ‘ਪੰਜਾਬੀ ਪੱਤਰਕਾਰੀ: ਚੁਣੌਤੀਆਂ, ਸੀਮਾਵਾਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਬੁਲਾਰੇ, ਪੱਤਰਕਾਰ ਅਤੇ ਵਿਸ਼ਲੇਸ਼ਕ ਸ਼ਿਵਇੰਦਰ ਸਿੰਘ ਨੇ ਕਿਹਾ ਪੱਤਰਕਾਰੀ ਦਾ ਯੁੱਗ ਕਦੇ ਵੀ ਸੁਨਹਿਰਾ ਨਹੀਂ ਰਿਹਾ ਪਰ ਹੁਣ ਜਿਨ੍ਹਾਂ ਬਦਤਰ ਸਥਿਤੀਆਂ ’ਚ ਇਹ ਪਹੁੰਚ ਚੁੱਕਿਆ ਹੈ ਇਸ ਬਾਰੇ ਚਿੰਤਨ ਕਰਨ ਦੀ ਲੋੜ ਹੈ। ਅੱਜ ਇਹ ‘ਗੋਦੀ ਮੀਡੀਆ’ ਦੇ ਨਾਂ ਨਾਲ ਪ੍ਰਚਲਿਤ ਹੋ ਗਿਆ ਹੈ। ਮੌਜੂਦਾ ਦੌਰ ’ਚ ਪੰਜਾਬੀ ਪੱਤਰਕਾਰੀ ਪੰਜਾਬ ਤੋਂ ਅਗਾਂਹ ਤੱਕ ਨਹੀਂ ਜਾ ਰਹੀ। ਉਨ੍ਹਾਂ ਕੁਝ ਕੌਮੀ ,ਅ ਕੌਮਾਂਤਰੀ ਪੱਤਰਕਾਰਾਂ ਦੇ ਹਵਾਲੇ ਵੀ ਦਿੱਤੇ। ਉਨ੍ਹਾਂ ਕਿਹਾ, ‘‘ਤਕਨੀਕ ਕਦੇ ਵੀ ਤਰੱਕੀ ਨਹੀਂ ਕਰਦੀ, ਕਨਟੈਂਟ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਪੱਤਰਕਾਰੀ ਵਿੱਚ ਕਨਟੈਂਟ ਦੀ ਸੂਝ ਦੀ ਬੇਹੱਦ ਕਮੀ ਹੈ। ਸਾਡੀ ਪੱਤਰਕਾਰਤਾ ਸੱਤਾ ਨੂੰ ਸਵਾਲ ਨਹੀਂ ਕਰਦੀ।’’ ਅੱਜ ਮਿਸ਼ਨਰੀ ਕਿਸਮ ਦਾ ਨੈਰੇਟਿਵ ਸਿਰਜਣ ਵਾਲੇ ਅਖ਼ਬਾਰ ਰਸਾਲੇ ਬੰਦ ਹੋ ਰਹੇ ਹਨ। ਇਨ੍ਹਾਂ ਮਸਲਿਆਂ ਬਾਰੇ ਸਿਰ ਜੋੜ ਕੇ ਸੋਚਣ ਦੀ ਲੋੜ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੱਤਰਕਾਰਤਾ ਵਿੱਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰ, ਸਾਹਿਤਕਾਰ, ਅਨੁਵਾਦਕ ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਸਮਝਦਾਰ ਲੋਕਾਂ ਨੂੰ ਸਮਾਜ ਦੇ ਸਮਕਾਲੀ ਮਸਲਿਆਂ ’ਤੇ ਧਿਆਨ ਦੇਣਾ ਚਾਹੀਦਾ ਅਤੇ ਮਸਲਿਆਂ ਨੂੰ ਹਰ ਹੀਲੇ ਪੇਸ਼ ਕਰਨਾ ਚਾਹੀਦਾ ਹੈ।