ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਦੀ ਯਾਦ ਵਿੱਚ ਸਮਾਗਮ
ਮਨੋਜ ਸ਼ਰਮਾ
ਬਠਿੰਡਾ, 7 ਨਵੰਬਰ
ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਸਥਾਨਕ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਸ਼ਹੀਦ ਮੇਜਰ ਦੇ ਮਾਤਾ ਪਰਮਿੰਦਰ ਕੌਰ ਸੰਧੂ, ਪਿਤਾ ਪ੍ਰੋ. ਜਸਬੀਰ ਸਿੰਘ ਸੰਧੂ, ਤਾਇਆ ਸੁਰਮੁਖ ਸਿੰਘ ਸੰਧੂ, ਹਰਿੰਦਰ ਕੌਰ ਸੰਧੂ ਸਮੁੱਚੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਐੱਸਐੱਮਸੀ ਦੇ ਚੇਅਰਪਰਸਨ ਮਨਪ੍ਰੀਤ ਕੌਰ, ਵਾਈਸ ਚੇਅਰਮੈਨ ਪਰਵਿੰਦਰ ਸਿੰਘ ਲਾਖਾ ਸਮੇਤ ਹੋਰ ਕਮੇਟੀ ਮੈਂਬਰਾਂ ਅਤੇ ਸਕੂਲ ਸਟਾਫ਼ ਨੇ ਸ਼ਹੀਦ ਮੇਜਰ ਰਵੀ ਇੰਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਦੇਸ਼ ਪ੍ਰਤੀ ਸੇਵਾ ਅਤੇ ਬਲੀਦਾਨ ਨੂੰ ਯਾਦ ਕੀਤਾ। ਸ਼ਹੀਦ ਦੀ ਮਾਤਾ ਨੇ ਆਪਣੇ ਬੇਟੇ ਦੀ ਪੰਜਵੀਂ ਬਰਸੀ ਮੌਕੇ ਵਿਦਿਆਰਥਣਾਂ ਨੂੰ ਸ਼ਹੀਦਾਂ ਅਤੇ ਦੇਸ਼ ਦੀਆਂ ਸਨਮਾਨਯੋਗ ਸ਼ਖ਼ਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ। ਸੇਵਾਮੁਕਤ ਲੈਕਚਰਾਰ ਸੁਰਿੰਦਰਪਾਲ ਕੌਰ ਨੇ ਸ਼ਹੀਦ ਦੀ ਜ਼ਿੰਦਗੀ ਅਤੇ ਦੇਸ਼ ਪ੍ਰਤੀ ਸੇਵਾਵਾਂ ਦਾ ਜ਼ਿਕਰ ਕਰਦਿਆਂ ਵਿਦਿਆਰਥਣਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸ਼ਹੀਦ ਮੇਜਰ ਦੇ ਪਰਿਵਾਰ ਵੱਲੋਂ ਪੜ੍ਹਾਈ, ਖੇਡਾਂ ਅਤੇ ਹੋਰ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸਕੂਲ ਲੈਕਚਰਾਰ ਅਮਨਦੀਪ ਸਿੰਘ ਬਰਾੜ ਨੇ ਨਿਭਾਈ। ਪ੍ਰਿੰਸੀਪਲ ਕੁਲਵਿੰਦਰ ਸਿੰਘ ਢਿੱਲੋਂ ਨੇ ਸ਼ਹੀਦ ਦੇ ਸਮੂਹ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ।