ਪਟਿਆਲਾ ਵਿੱਚ ਮਰਹੂਮ ਸ਼ਾਇਰ ਮੋਹਨਜੀਤ ਦੀ ਯਾਦ ਵਿੱਚ ਸਮਾਗਮ
ਪੱਤਰ ਪ੍ਰੇਰਕ
ਪਟਿਆਲਾ, 27 ਅਗਸਤ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਮਰਹੂਮ ਸ਼ਾਇਰ ਮੋਹਨਜੀਤ ਦੀ ਯਾਦ ਵਿਚ ਪ੍ਰੋਗਰਾਮ ‘ਮੋਹਨਜੀਤ: ਸ਼ਖ਼ਸੀਅਤ ਤੇ ਸਿਰਜਣਾ’ ਕਰਵਾਇਆ ਗਿਆ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਇਸ ਦੌਰਾਨ ਨਾਟਕਕਾਰ ਸਵਰਾਜਬੀਰ ਨੇ ਮੋਹਨਜੀਤ ਨਾਲ ਦਹਾਕਿਆਂ ਦੀ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਮੋਹਨਜੀਤ ਬਾਰੇ ਬੋਲਣਾ ਬਹੁਤ ਹੀ ਭਾਵੁਕ ਮਸਲਾ ਹੈ ਪਰ ਮੋਹਨਜੀਤ ਬਾਰੇ ਗੱਲ ਕਰਨੀ ਸਦੀ ਦੀ ਕਵਿਤਾ ਨਾਲ ਸੰਵਾਦ ਰਚਾਉਣ ਵਰਗਾ ਹੈ। ਉਸ ਦੇ ਰੇਖਾ ਚਿੱਤਰਾਂ ਦਾ ਰੰਗ ਕਵਿਤਾ ਦੇ ਹਵਾਲੇ ਨਾਲ ਇੰਨਾ ਵਿਲੱਖਣ ਹੈ ਕਿ ਉਨ੍ਹਾਂ ਨੂੰ ਦੁਨੀਆ ਦੀ ਕਿਸੇ ਵੀ ਭਾਸ਼ਾ ਦੇ ਵੱਡੇ ਸਾਹਿਤ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਸ ਵੇਲੇ ਨਵਾਂ-ਨਵਾਂ ਬਾਜ਼ਾਰ ਪੰਜਾਬੀ ਸ਼ਾਇਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਸੀ ਤਾਂ ਉਸ ਦੌਰ ਵਿੱਚ ਲੋਕ ਸਰੋਕਾਰਾਂ ਦੀ ਗੱਲ ਕਰਨਾ ਤੇ ਕਵਿਤਾ ਦੇ ਸੁਹਜ ਨੂੰ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਮੋਹਨਜੀਤ ਨੇ ਬਾਖ਼ੂਬੀ ਨਿਭਾਇਆ। ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਨੌਜਵਾਨ ਅਧਿਆਪਕ ਯਾਦਵਿੰਦਰ ਸਿੰਘ ਨੇ ਮੋਹਨਜੀਤ ਦੇ ਰੇਖਾ ਚਿੱਤਰਾਂ ’ਤੇ ਆਪਣਾ ਰਿਸਰਚ ਪੇਪਰ ਪੇਸ਼ ਕੀਤਾ। ਸੈਸ਼ਨ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪਿਛਲੇ ਦਿਨਾਂ ਵਿੱਚ ਕਰਵਾਏ ਕੰਮਾਂ ਦੀ ਤਫ਼ਸੀਲ ਦਿੰਦਿਆਂ ਕਿਹਾ ਕਿ ‘ਸ਼ਖ਼ਸੀਅਤ ਤੇ ਸਿਰਜਣਾ’ ਇੱਕ ਅਜਿਹੀ ਅਦਬੀ ਲੜੀ ਹੈ ਜਿਸ ਵਿੱਚ ਇਸ ਤੋਂ ਪਹਿਲਾਂ ਸੁਰਜੀਤ ਪਾਤਰ ਦੀ ਸ਼ਖ਼ਸੀਅਤ ਤੇ ਸਿਰਜਣਾ ਬਾਰੇ ਸਮਾਗਮ ਕਰਵਾਇਆ ਗਿਆ ਹੈ। ਦੂਜੇ ਸੈਸ਼ਨ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਅਤੇ ਪੰਜਾਬੀ ਦੇ ਦੋ ਵੱਡੇ ਸ਼ਾਇਰਾਂ ਸੁਰਜੀਤ ਜੱਜ ਅਤੇ ਤਰਸੇਮ ਨੇ ਕੀਤੀ। ਇਸ ਸੈਸ਼ਨ ਵਿੱਚ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਦੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ, ਡਾ. ਕੁਲਦੀਪ ਸਿੰਘ ਦੀਪ ਨੇ ਵੀ ਸੰਬੋਧਨ ਕੀਤਾ। ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਰਜੀਤ ਜੱਜ ਨੇ ਮੋਹਨਜੀਤ ਦੀ ਕਵਿਤਾ ਬਰਬਰੀਕ ਦੇ ਹਵਾਲੇ ਨਾਲ ਉਨ੍ਹਾਂ ਦੀ ਤੁਲਨਾ ਮਹਾਂਭਾਰਤ ਦੇ ਕਿਰਦਾਰ ਬਰਬਰੀਕ ਨਾਲ ਕੀਤੀ। ਇਸ ਦੌਰਾਨ ਸ਼ਾਇਰ ਅਮਰਜੀਤ ਕਸਕ, ਬਲਵਿੰਦਰ ਸੰਧੂ, ਡਾਕਟਰ ਸੁਰਜੀਤ ਭੱਟੀ, ਲਕਸ਼ਮੀ ਨਰਾਇਣ ਭੀਖੀ, ਉਪ ਪ੍ਰਧਾਨ ਪਾਲ ਕੌਰ, ਤਰਸੇਮ ਨੇ ਵੀ ਆਪਣੇ ਵਿਚਾਰ ਰੱਖੇ।