ਆਜ਼ਾਦੀ ਘੁਲਾਟੀਏ ਮੌਲਾਨਾ ਰਹਿਮਾਨ ਦੀ ਯਾਦ ਵਿੱਚ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਸਤੰਬਰ
ਆਜ਼ਾਦੀ ਘੁਲਾਟੀਏ ਕੌਮੀ ਨਾਇਕ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀਂ ਦੀ 68ਵੀਂ ਬਰਸੀ ਮੌਕੇ ਜਾਮਾ ਮਸਜਿਦ ’ਚ ਮਜਲਿਸ ਅਹਿਰਾਰ ਇਸਲਾਮ ਵੱਲੋਂ ਸਮਾਗਮ ਕੀਤਾ ਗਿਆ ਜਿਸ ਵਿੱਚ ਦੁਆ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਕਿਹਾ ਕਿ ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀਂ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਉਹ ਨਾਇਕ ਹਨ ਜਿਨ੍ਹਾਂ ਨੇ ਦੇਸ਼ ਦੇ ਸੁਤੰਰਤਾ ਸੰਗਰਾਮ ’ਚ 14 ਸਾਲ ਜੇਲ੍ਹ ਕੱਟੀ ਤੇ ਅੰਗਰੇਜ਼ਾਂ ਵੱਲੋਂ ਰੇਲਵੇ ਸਟੇਸ਼ਨਾਂ ’ਤੇ ‘ਹਿੰਦੂ ਪਾਣੀ’ ਅਤੇ ‘ਮੁਸਲਮਾਨ ਪਾਣੀ’ ਦੇ ਘੜੇ ਰੱਖ ਕੇ ਰਚੀ ਗਈ ਸਾਜਿਸ਼ ਖ਼ਿਲਾਫ਼ ਐਲਾਨ ਕਰਦਿਆਂ ਪੇਸ਼ਾਵਰ ਤੱਕ ਸਾਰੇ ਘੜੇ ਤੁੜਵਾ ਦਿੱਤੇ ਤੇ ਇਸ ਜੁਰਮ ’ਚ ਜੇਲ੍ਹ ਵੀ ਕੱਟੀ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਹੀ ਸਨ ਜਿਨਾਂ ਨੇ ਅੰਗਰੇਜ਼ਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਰਿਵਾਰ, ਨੇਤਾ ਜੀ ਸੁਭਾਸ਼ ਚੰਦਰ ਬੋਸ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸਈਯਦ ਅਤਾਉੱਲ੍ਹਾ ਸ਼ਾਹ ਬੁਖਾਰੀ ਦਾ ਹਮੇਸ਼ਾਂ ਸਾਥ ਦਿੱਤਾ।