ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਵੱਲੋਂ ਬਰਨਾਲਾ ’ਚ ਸਮਾਗਮ
ਖੇਤਰੀ ਪ੍ਰਤੀਨਿਧ
ਬਰਨਾਲਾ, 19 ਮਾਰਚ
ਕੈਨੇਡਾ ਵਿੱਚ ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ ਕਰਦੀ ਜਥੇਬੰਦੀ ‘ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ’ (ਮਾਇਸੋ) ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿੱਚ ਵਿਚਾਰ-ਚਰਚਾ ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਦੇਸ਼-ਦੁਨੀਆਂ ਦੇ ਬਦਲਦੇ ਹਾਲਾਤਾਂ ਅਤੇ ਸਮਾਜਿਕ ਤਬਦੀਲੀ ਦੇ ਵਿਗਿਆਨਕ ਫਲਸਫੇ ਦੀ ਸਿੱਖਿਆ ਦੇ ਮਹੱਤਵ ਉੱਤੇ ਵਿਸਥਾਰਤ ਚਰਚਾ ਕੀਤੀ।
ਸਮਾਗਮ ਦੇ ਦੂਜੇ ਭਾਗ ਵਿੱਚ ਸ਼ਾਮਲ ਹੋਏ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨਾਲ ਕੈਨੇਡਾ ਵਿੱਚ ਛਪਦੇ ਮੈਗਜ਼ੀਨ ‘ਨੌਜਵਾਨ ਆਵਾਜ਼’ ਦੇ ਸੰਪਾਦਕ ਮਨਦੀਪ ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਸੰਘਰਸ਼ ਅਤੇ ਇਸ ਵਿੱਚ ਵਿਗਿਆਨਕ ਚੇਤਨਾ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਸਾਰ ਸਾਮਰਾਜੀ ਤੇ ਸਰਮਾਏਦਾਰਾ ਪ੍ਰਬੰਧ ਚਹੁਤਰਫੇ ਸੰਕਟ ਵਿੱਚ ਘਿਰਿਆ ਹੋਇਆ ਹੈ ਅਤੇ ਇਸ ਵਿੱਚ ਮਨੁੱਖ ਦੀ ਹੈਸੀਅਤ ਸਰਹੱਦਾਂ ਦੇ ਅੰਦਰ-ਬਾਹਰ ਇਕ ਵਸਤੂ ਤੇ ਆਧੁਨਿਕ ਉਜ਼ਰਤੀ ਗੁਲਾਮ ਵਰਗੀ ਬਣੀ ਹੋਈ ਹੈ।
ਲੋਕਪੱਖੀ ਅਦਾਕਾਰ ਸੁਰਿੰਦਰ ਸ਼ਰਮਾ ਨੇ ਦੇਸ਼ ਵਿੱਚ ਹੋ ਰਹੇ ਸਾਮਰਾਜੀ ਹਮਲੇ ਅਤੇ ਇਸ ਦੇ ਖ਼ਿਲਾਫ਼ ਉੱਠ ਰਹੇ ਕਿਸਾਨ ਸੰਘਰਸ਼ ਬਾਰੇ ਵਿਸਥਾਰਤ ਗੱਲਬਾਤ ਕੀਤੀ। ਫਿਲਮਕਾਰ ਡਾ. ਰਾਜੀਵ ਕੁਮਾਰ ਅਤੇ ਅਦਾਕਾਰ/ਨਾਟਕਕਾਰ ਸੁਰਿੰਦਰ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੋਵਾਂ ਸ਼ਖਸ਼ੀਅਤਾਂ ਬਾਰੇ ਗੱਲਬਾਤ ਕਰਦਿਆਂ ਵਰਿੰਦਰ ਦੀਵਾਨਾ ਨੇ ਦੋਵਾਂ ਸ਼ਖਸ਼ੀਅਤਾਂ ਬਾਰੇ ਚਾਨਣਾ ਪਾਇਆ।ਇਸ ਸਮੇਂ ਨੌਜਵਾਨ ਆਗੂ ਹਰਪ੍ਰੀਤ ਨੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਵਿਚਕਾਰ ਘਿਰੇ ਮਨੁੱਖ ਲਈ ਅਰਥਭਰਪੂਰ ਜ਼ਿੰਦਗੀ ਜਿਊਣ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਸਮਾਜਿਕ ਤਬਦੀਲੀ ਦੇ ਵਿਗਿਆਨ ਦੇ ਲੜ ਲੱਗਣ ਦੀ ਲੋੜ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਮਾਇਸੋ ਦਾ ਬੁਲਾਰਾ ਮੈਗਜ਼ੀਨ ‘ਨੌਜਵਾਨ ਅਵਾਜ਼’ ਲੋਕ ਅਰਪਿਤ ਕੀਤਾ ਗਿਆ। ਹੇਮਰਾਜ ਸਟੈਨੋ, ਹਰਚਰਨ ਚਾਹਿਲ, ਨਰਭਿੰਦਰ, ਮਨਜੀਤ ਧਨੇਰ, ਜੈ ਸਿੰਘ ਤੇ ਕੰਵਲਜੀਤ ਖੰਨਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਇਸ ਮੌਕੇ ਡਾ. ਸੁਖਵਿੰਦਰ, ਔਰਤ ਆਗੂ ਪ੍ਰੇਮਪਾਲ ਕੌਰ, ਅਮਰਜੀਤ ਕੌਰ, ਤਰਕਸ਼ੀਲ ਆਗੂ ਰਜਿੰਦਰ ਭਦੌੜ, ਕਿਸਾਨ ਆਗੂ ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਬਲਵੰਤ ਉਪੱਲੀ ਆਦਿ ਹਾਜ਼ਰ ਸਨ।