ਵੱਡੇ ਸਾਹਿਬਜ਼ਾਦਿਆਂ ਤੇ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਦਸੰਬਰ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਅਨੁਸਾਰ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਣੇ ਚਮਕੌਰ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅੱਜ ਸਵੇਰੇ ਦਸ ਮਿੰਟ ਲਈ ਗੁਰਮੰਤਰ ਅਤੇ ਮੂਲਮੰਤਰ ਦੇ ਜਾਪ ਕੀਤੇ ਗਏ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।
ਅਖੰਡ ਪਾਠ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਇਸ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀ ਮੁੱਖ ਸਟੇਜ ’ਤੇ ਵੱਖ-ਵੱਖ ਕਵੀਸ਼ਰੀ, ਕਥਾਵਾਚਕ ਅਤੇ ਢਾਡੀ ਜਥਿਆਂ ਨੇ ਸੰਗਤ ਨਾਲ ਸ਼ਹੀਦਾਂ ਦਾ ਇਤਿਹਾਸ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਸੰਗਤ ਨੂੰ ਦਸ ਮਿੰਟ ਲਈ ਗੁਰਮੰਤਰ ਅਤੇ ਮੂਲਮੰਤਰ ਦੇ ਜਾਪ ਕਰਵਾਏ। ਇਸ ਮੌਕੇ ਸੱਚਖੰਡ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਜਥੇਦਾਰ ਨੇ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿੱਖ ਕੌਮ ਦੇ ਇਤਿਹਾਸ ਅੰਦਰ ਮਿਸਾਲੀ ਪੰਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਨ੍ਹਾਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖੇਗੀ ਅਤੇ ਇਨ੍ਹਾਂ ਤੋਂ ਸੇਧ ਲੈਂਦੀ ਰਹੇਗੀ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਸਿੱਖ ਧਰਮ ਦੇ ਉਹ ਮਰਗਦਰਸ਼ਕ ਹਨ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਵੱਡੇ ਪੂਰਨੇ ਪਾਏ।