ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 11 ਮਾਰਚ
ਇੱਥੇ ਗੁਰੀਲਾ ਨਗਰ ਵਿੱਚ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਸਿੱਖਿਆ ਦੇ ਖੇਤਰ ਨਾਲ ਜੁੜੀਆਂ ਸ਼ਹਿਰ ਦੀਆਂ ਔਰਤਾਂ ਨੇ ਦੇਸ਼ ਲਈ ਮਹਾਨ ਕੰਮ ਕਰਨ ਵਾਲੀਆਂ ਔਰਤਾਂ ਨੂੰ ਯਾਦ ਕੀਤਾ। ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਵਿੱਛੜੀਆਂ ਮਹਾਨ ਔਰਤਾਂ ਨੂੰ ਫਲ਼ਦਾਰ ਅਤੇ ਫੁੱਲਾਂ ਦੇ ਪੌਦੇ ਲਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮਦਰ ਟੈਰੇਸਾ, ਮਾਤਾ ਗੁੱਜਰ ਕੌਰ, ਕਲਪਨਾ ਚਾਵਲਾ, ਇੰਦਰਾ ਗਾਂਧੀ ਅਤੇ ਸਰੋਜਨੀ ਨਾਇਡੂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਅਤੇ ਧੀਆਂ ਨੂੰ ਹਰ ਖੇਤਰ ਵਿੱਚ ਤਰੱਕੀ ਕਰਨ ਲਈ ਮੰਚ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਵਕਾਲਤ ਕੀਤੀ ਗਈ। ਸਤੀਸ਼ ਪਰਾਸ਼ਰ, ਗਗਨਦੀਪ ਕੌਰ, ਰਾਜਵਿੰਦਰ ਕੌਰ ਨੇ ਔਰਤਾਂ ਨੂੰ ਸਮਾਜ ਸੇਵਾ ਦੇ ਨਾਲ-ਨਾਲ ਵਿਗਿਆਨਕ ਰਵੱਈਆ ਅਪਣਾ ਕੇ ਜੀਵਨ ਵਿੱਚ ਚੰਗੇ ਕੰਮ ਕਰਨ ਦੀ ਅਪੀਲ ਕੀਤੀ। ਉੱਧਰ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਭੂ-ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਡਾਕਟਰ ਤੇਜਦੀਪ ਕਲੇਰ ਅਤੇ ਡਾ, ਨਵਦੀਪ ਕੌਰ ਨੇ ਸਮਾਗਮ ਨੂੰ ਸੰਬੋਧਨ ਕੀਤਾ।