ਸ਼ਹੀਦ ਚੰਦਰਸ਼ੇਖਰ ਆਜ਼ਾਦ ਯਾਦਗਾਰ ਕਮੇਟੀ ਵੱਲੋਂ ਸਮਾਗਮ
ਪੱਤਰ ਪ੍ਰੇਰਕ
ਯਮੁਨਾਨਗਰ, 23 ਜੁਲਾਈ
ਸ਼ਹੀਦ ਚੰਦਰਸ਼ੇਖਰ ਆਜ਼ਾਦ ਯਾਦਗਾਰ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ ਮਾਡਲ ਟਾਊਨ ਵਿੱਚ ਸ਼ਹੀਦ ਚੰਦਰਸ਼ੇਖਰ ਆਜ਼ਾਦ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਆਜ਼ਾਦੀ ਘੁਲਾਟੀਏ ਮਰਹੂਮ ਜੰਗ ਸਿੰਘ ਦੀ ਧਰਮ ਪਤਨੀ ਸਵਰਨ ਕੌਰ ਨੇ ਕਿਹਾ ਕਿ ਜਿਸ ਆਜ਼ਾਦ ਭਾਰਤ ਲਈ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ, ਉਸ ਆਜ਼ਾਦ ਭਾਰਤ ਦਾ 80 ਸਾਲਾਂ ਬਾਅਦ ਵੀ ਸੁਫਨਾ ਸਾਕਾਰ ਨਹੀਂ ਹੋ ਸਕਿਆ। ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਭਲਾਈ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਐੱਮਐੱਸ ਵਰਮਾ ਨੇ ਸਰਕਾਰੀ ਪ੍ਰਸ਼ਾਸਨ ’ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਮੁੱਖ ਮਹਿਮਾਨ ਬੀਕੇ ਮਹਿਤਾ ਨੇ ਕਿਹਾ, ‘‘ਜੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੀ ਸਹਾਇਤਾ ਲਈ ਹਮੇਸ਼ਾਂ ਤਿਆਰ ਹਾਂ।’’ ਸ਼ਹੀਦ ਚੰਦਰਸ਼ੇਖਰ ਆਜ਼ਾਦ ਯਾਦਗਾਰੀ ਕਮੇਟੀ ਦੇ ਚੇਅਰਮੈਨ ਰੋਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੀਆਂ ਪ੍ਰਤਿਮਾਂ ਫੁੱਲਾਂ ਦੀ ਵਰਖਾ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਅਪਣੇ ਸੰਬੋਧਨ ਵਿੱਚ ਕਿਹਾ,‘‘ ਜਦੋਂ ਅੰਗਰੇਜ਼ਾਂ ਨੇ ਸਾਡੇ ਦੇਸ਼ ਦੇ ਨੇਤਾਵਾਂ ਨੂੰ ਪੁੱਛਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਦੀ ਆਜ਼ਾਦੀ ਚਾਹੁੰਦੇ ਹੋ ਤਾਂ ਸਾਡੇ ਨੇਤਾਵਾਂ ਨੇ ਕਿਹਾ ਸੀ ਕਿ ਅਸੀਂ ਅਜਿਹੀ ਆਜ਼ਾਦੀ ਚਾਹੁੰਦੇ ਹਾਂ ਜਿੱਥੇ ਜਨਤਾ ਨਿਡਰ ਹੋ ਕੇ ਕਿਸੇ ਵੀ ਅਧਿਕਾਰੀ ਜਾਂ ਆਗੂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ ਅਤੇ ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਿੱਖਿਆ, ਡਾਕਟਰੀ ਦੇਖਭਾਲ ਅਤੇ ਰੋਜ਼ੀ-ਰੋਟੀ ਪ੍ਰਦਾਨ ਹੋ ਸਕੇ। ਪਰ ਜਿਸ ਤਰ੍ਹਾਂ ਨਾਲ ਇਸ ਵੇਲੇ ਲੁੱਟ-ਖਸੁੱਟ, ਰਿਸ਼ਵਤਖੋਰੀ ਅਤੇ ਪੱਖਪਾਤ ਦਾ ਬੋਲਬਾਲਾ ਹੈ, ਕੀ ਇਸ ਲਈ ਅਪਰਾਧੀ ਆਗੂਆਂ ਨੂੰ ਟਿਕਟਾਂ ਦੇਣ ਵਾਲੀਆਂ ਪਾਰਟੀਆਂ ਜ਼ਿੰਮੇਵਾਰ ਨਹੀਂ ਹਨ?’’ ਇਸ ਮੌਕੇ ਨਰਿੰਦਰ ਸ਼ਰਮਾ, ਪਰਮਜੀਤ ਮਹਿਤਾ, ਕ੍ਰਿਸ਼ਨ ਲਾਲ ਅਰੋੜਾ, ਰਮੇਸ਼ ਸ਼ਾਸਤਰੀ, ਸ਼ਿਵ ਕੁਮਾਰ, ਸੰਜੀਵ ਕੰਬੋਜ, ਓਮ ਪ੍ਰਕਾਸ਼ ਸੈਣੀ, ਮੁਲਖਰਾਜ ਅਰੋੜਾ ਨੇ ਵੀ ਸ਼ਹੀਦ ਚੰਦਰਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀ ਭੇਟ ਕੀਤੀ।