ਪੰਜਾਬੀ ਸਾਹਿਤ ਸਭਾ ਵੱਲੋਂ ਸਮਾਗਮ
ਪੱਤਰ ਪ੍ਰੇਰਕ
ਜਲੰਧਰ, 13 ਨਵੰਬਰ
ਪੰਜਾਬੀ ਸਾਹਿਤ ਸਭਾ ਆਦਮਪੁਰ ਦੁਆਬਾ ਜਲੰਧਰ ਵੱਲੋਂ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਵਿਖੇ ਐਵਾਰਡ ਵੰਡ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਹਰਜਿੰਦਰ ਸਿੰਘ ਅਟਵਾਲ ਸਨ।
ਦੱਸਣਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਆਦਮਪੁਰ ਦੁਆਬਾ (ਰਜਿ.) ਜਲੰਧਰ ਦੇ ਪ੍ਰਧਾਨ ਰੂਪ ਲਾਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਸਾਹਿਤਕਾਰ ਅਤੇ ਚਿੰਤਕ ਪ੍ਰੋ. ਮਲਕੀਤ ਜੌੜਾ ਨੂੰ ‘ਚਿੰਤਨ ਐਵਾਰਡ’, ਲਾਲੀ ਕਰਤਾਰਪੁਰੀ ਨੂੰ ‘ਸਰੋਦੀ ਸ਼ਾਇਰ ਐਵਾਰਡ’, ਦਲਜੀਤ ਮਹਿਮੀ ਨੂੰ ‘ਨਵਾਂ ਪਾਂਧੀ ਐਵਾਰਡ’ ਅਤੇ ਹਰਭਜਨ ਸਿੰਘ ਭਗਰੱਥ ਨੂੰ ‘ਪ੍ਰੇਮ ਜੋਤ ਦਾ ਰਾਹੀ’ ‘ਨਾਲ ਸਨਮਾਨਿਆ ਗਿਆ। ਐਵਾਰਡ ਵੰਡ ਸਮਾਗਮ ਦੇ ਮੰਚ ਸੰਚਾਲਕ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਸਨ। ਇਸ ਮੌਕੇ ਪੰਜਾਬੀ ਸਾਹਿਤ ਸਭਾ ਆਦਮਪੁਰ ਦੁਆਬਾ ਵੱਲੋਂ ਸੰਪਾਦਿਤ ਪੁਸਤਕ ‘ਸਿਆੜ ਦਾ ਪੱਤਣ’ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਦੌਰਾਨ ਪ੍ਰੋਫੈਸਰ ਜੌੜਾ ਅਤੇ ਡਾ. ਅਟਵਾਲ ਨੇ ਵਿਚਾਰ ਪੇਸ਼ ਕੀਤੇ। ਇਸੇ ਦੌਰਾਨ ਲਾਲੀ ਕਰਤਾਰਪੁਰੀ ਦੀ ਪੁਸਤਕ ‘ਵਾਵਰੋਲਿਆਂ ਦੇ ਦਰਮਿਆਨ’ ਰਿਲੀਜ਼ ਕੀਤੀ ਗਈ।
ਸਮਾਗਮ ਦੇ ਦੂਜੇ ਸੈਸ਼ਨ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਦੇਸ਼ ਕੁਮਾਰੀ ਨੇ ਨਿਭਾਈ। ਕਵੀ ਦਰਬਾਰ ਮੌਕੇ ਗੁਰਦੀਪ ਸਿੰਘ ਭਾਟੀਆ, ਹਰਭਜਨ ਭਦਰੱਥ, ਸੁਖਦੇਵ ਸਿੰਘ ਗੰਢਵਾਂ, ਲਾਲੀ ਕਰਤਾਰਪੁਰੀ, ਦਲਜੀਤ ਮਹਿਮੀ, ਪ੍ਰਿੰਸੀਪਲ ਅਸ਼ੋਕ ਪਰਮਾਰ, ਸੰਦੇਸ਼ ਕੁਮਾਰੀ, ਰੂਪ ਲਾਲ ਰੂਪ, ਪ੍ਰੋਫੈਸਰ ਮਲਕੀਤ ਜੌੜਾ, ਮਨੋਜ ਫਗਵਾੜਵੀ, ਸੋਢੀ ਸੱਤਾਵਾਦੀ, ਡਾ. ਬਲਵਿੰਦਰ ਸਿੰਘ ਥਿੰਦ ਨੇ ਆਪਣੀਆਂ ਕਵਿਤਾਵਾਂ ਸੁਣਾਕੇ ਸਾਹਿਤਕ ਰੰਗ ਬੰਨ੍ਹਿਆ। ਇਸ ਸਮਾਗਮ ਵਿੱਚ ਬ੍ਰਿਟਿਸ਼ ਰਵਿਦਾਸ ਹੈਰੀਟੇਜ ਫਾਊਂਡੇਸ਼ਨ ਯੂਕੇ ਦੇ ਸਕੱਤਰ ਸਤਪਾਲ ਅਤੇ ਚੇਅਰਮੈਨ ਓਮ ਪ੍ਰਕਾਸ਼ ਸ਼ਾਮਲ ਹੋਏ।