ਕਹਾਣੀਕਾਰ ਅਜੀਤ ਪੱਤੋ ਦੀ ਯਾਦ ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਮਾਗਮ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਜੁਲਾਈ
ਇੱਥੋਂ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਰਹੂਮ ਕਹਾਣੀਕਾਰ ਅਜੀਤ ਸਿੰਘ ਪੱਤੋ ਦੀ ਯਾਦ ਨੂੰ ਸਮਰਪਿਤ ਗ੍ਰਾਮ ਲੋਕ ਸਮਾਗਮ ਕਰਵਾਇਆ ਗਿਆ। ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਅਤੇ ਗ੍ਰਾਮ ਪੰਚਾਇਤ ਪੱਤੋ ਹੀਰਾ ਸਿੰਘ ਤੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਸਭਾ ਦੇ ਸਕੱਤਰ ਰਾਜਵਿੰਦਰ ਰੌਂਤਾ ਨੇ ਜੀ ਆਇਆਂ ਆਖਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਨਿੰਦਰ ਘੁਗਿਆਣਵੀ, ਬਲਦੇਵ ਸਿੰਘ ਸੜਕਨਾਮਾ, ਕੇ ਐਲ ਗਰਗ, ਤੇਜਾ ਸਿੰਘ ਤਿਲਕ, ਅਜੀਤ ਸਿੰਘ ਪੱਤੋ ਦੀ ਬੇਟੀ ਮਨਜੋਤ ਕੌਰ, ਸਭਾ ਦੇ ਸਰਪ੍ਰਸਤ ਚਮਕੌਰ ਪੱਤੋ ਸੁਸ਼ੋਭਿਤ ਸਨ। ਸਮਾਗਮ ਦੇ ਮੁੱਖ ਮਹਿਮਾਨ ਨਿੰਦਰ ਘੁਗਿਆਣਵੀ ਨੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਲਿਖਾਰੀਆਂ ਦੇ ਪਿੰਡ ਜਾ ਕੇ ਸਮਾਗਮ ਕਰਨ ਨੂੰ ਸ਼ਲਾਘਾਯੋਗ ਕਾਰਜ ਦੱਸਿਆ ਅਤੇ ਅਜੀਤ ਸਿੰਘ ਪੱਤੋ ਦੀਆਂ ਯਾਦਾਂ ਨਾਲ ਜੁੜਿਆ ਲੇਖ ਪੇਸ਼ ਕਰ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।
ਵਿਅੰਗਕਾਰ ਕੇ ਐਲ ਗਰਗ ਨੇ ਵਿਅੰਗਮਈ ਅੰਦਾਜ਼ ਵਿੱਚ ਪੱਤੋ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਪੱਤੋ ਦੀ ਹਾਜ਼ਰ ਜਵਾਬੀ ਅਤੇ ਮੂੰਹ ’ਤੇ ਗੱਲ ਕਹਿਣ ਦੀ ਜੁਰਅੱਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਹਾਸੇ ਠੱਠੇ ਵਾਲੇ ਸੁਭਾਅ ਅਤੇ ਗੰਭੀਰ ਲੇਖਣੀ ਬਾਰੇ ਦੱਸਿਆ। ਬਲਦੇਵ ਸਿੰਘ ਸੜਕਨਾਮਾ ਨੇ ਮੋਗਾ ਦੇ ਸਾਹਿਤ ਵਿਚ ਜਾਣੇ ਜਾਂਦੇ ਪੰਜ ਪਾਂਡਵਾਂ ਬਾਰੇ ਜ਼ਿਕਰ ਕਰਦਿਆਂ ਅਜੀਤ ਸਿੰਘ ਪੱਤੋ ਦੀ ਮੌਤ ’ਤੇ ਛਪਿਆ ਵਿਸ਼ੇਸ਼ ਲੇਖ, ਪੱਤੋ ਇਜ਼ ਡੈੱਡ ਪੜ੍ਹ ਕੇ ਸੁਣਾਇਆ। ਮੰਚ ਸੰਚਾਲ਼ਨ ਸ਼ਾਇਰ ਬੂਟਾ ਸਿੰਘ ਚੌਹਾਨ ਨੇ ਕੀਤਾ। ਤੇਜਾ ਸਿੰਘ ਤਿਲਕ ਨੇ ਅਜੀਤ ਸਿੰਘ ਪੱਤੋ ਦੀਆਂ ਕਹਾਣੀਆਂ ਬਾਰੇ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਪੱਤੋ ਦੀਆਂ ਕਹਾਣੀਆਂ ਅੱਜ ਵੀ ਪਹਿਲਾਂ ਨਾਲੋਂ ਵੱਧ ਮੁੱਲਵਾਨ ਹਨ। ਸਭਾ ਦੇ ਪ੍ਰਧਾਨ ਪ੍ਰਸ਼ੋਤਮ ਪੱਤੋ ਨੇ ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਰਪੰਚ ਅਮਰਜੀਤ ਸਿੰਘ ਪੱਤੋ, ਤਰਿੰਦਰ ਕੌਰ ਸਾਬਕਾ ਡਿਪਟੀ ਡਾਇਰੈਕਟਰ ਪੀਏਯੂ ,ਪ੍ਰਿੰ ਮਨਜਿੰਦਰ ਕੌਰ ਢੁੱਡੀਕੇ, ਮਨਜੀਤ ਕੌਰ ਬਰਾੜ, ਹਰਦੀਪ ਸਿੰਘ ਬਰਾੜ, ਰਜਿੰਦਰ ਕੌਰ, ਕੁਲਦੀਪ ਸਿੰਘ ਸਮਿਤੀ ਮੈਂਬਰ, ਗੁਰਮੇਲ ਬੌਡੇ, ਅਸ਼ੋਕ ਚੁਟਾਨੀ ਆਦਿ ਨੇ ਸ਼ਿਰਕਤ ਕੀਤੀ।