ਅਕਾਲੀ ਦਲ ਨੂੰ ਹੁਣ ‘ਪੰਜਾਬ ਬਚਾਓ ਯਾਤਰਾ’ ਵੀ ਨਹੀਂ ਬਚਾ ਸਕਦੀ: ਪ੍ਰਿੰਸੀਪਲ ਬੁੱਧਰਾਮ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਫਰਵਰੀ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਰਾਜ ਵਿੱਚ ਸ੍ਰੋਮਣੀ ਅਕਾਲੀ ਦਲ ਨੂੰ ਹੁਣ ‘ਪੰਜਾਬ ਬਚਾਓ ਯਾਤਰਾ’ ਵੀ ਨਹੀਂ ਬਚਾ ਸਕੇਗੀ। ਉਨ੍ਹਾਂ ਕਿਹਾ ਕਿ ਭਾਵੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਤੋਂ ਸੂਬੇ ਵਿੱਚ ਅਟਾਰੀ ਤੋਂ ਇਸ ਯਾਤਰਾ ਨੂੰ ਆਰੰਭ ਕਰਕੇ ਪਾਰਟੀ ਵਿੱਚ ਨਵੀਂ ਰੂਹ ਫੂਕਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਪਰ ਲੋਕ ਜਾਣਦੇ ਹਨ ਕਿ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਿੱਚ ਸਭ ਤੋਂ ਜ਼ਿਆਦਾ ਰੋਲ ਕਿਹੜੀਆਂ ਪਾਰਟੀਆਂ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਲਾਹਾ ਦਿਵਾਉਣ ਲਈ ਆਰੰਭ ਕੀਤੀ ਗਈ ਹੈ ਪਰ ਅਕਾਲੀ ਦਲ ਦਾ ਰਾਜ ਵਿੱਚ ਰਿਹਾ ਮਾੜਾ-ਮੋਟਾ ਅਸਰ ਇਨ੍ਹਾਂ ਚੋਣਾਂ ਤੋਂ ਪਿੱਛੋਂ ਖ਼ਤਮ ਹੋ ਜਾਵੇਗਾ। ਵਿਧਾਇਕ ਬੁੱਧਰਾਮ ਨੇ ਕਿਹਾ ਕਿ 1997 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਕੀਤੇ ਗਏ ਰਾਜ ਭਾਗ ਦੌਰਾਨ, ਜੋ ਪੰਜਾਬ ਦੇ ਹਲਾਤ ਬਣੇ ਹਨ, ਉਹ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਵਿੱਚ ਸਾਰਿਆਂ ਦੇ ਹੱਥ ਸਿਆਸੀ ਤਾਕਤ ਦੇਣ ਵਾਲੇ ਅਕਾਲੀ ਦਲ ਨੇ ਰਾਜ ਵਿੱਚ ਲੋਕਤੰਤਰ ਦਾ ਸਭ ਤੋਂ ਵੱਧ ਘਾਣ ਕੀਤਾ ਹੈ ਤੇ ਹੁਣ ਮੁੜ ਸੱਤਾ ਲਈ ਲੋਕਾਂ ਉਪਰ ਪ੍ਰਭਾਵ ਬਣਾਉਣ ਵਾਸਤੇ ਅਜਿਹੀਆਂ ਯਾਤਰਾਵਾਂ ਆਰੰਭ ਕੀਤੀਆਂ ਗਈਆਂ ਹਨ, ਜਿਸ ਨੂੰ ਪੰਜਾਬ ਦੇ ਲੋਕ ਬਿਲਕੁਲ ਵੀ ਸਹਾਰਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਇੱਕੋ ਪਰਿਵਾਰ ਦੇ ਹੱਥ ਵੱਡੇ ਅਹੁਦੇ ਅਤੇ ਸ਼ਕਤੀਆਂ ਦੇਣ ਕਾਰਨ ਖੁਦ ਅਕਾਲੀ ਦਲ, ਖੁਦ ਖੱਖੜੀ-ਕਰੇਲੇ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵੱਡੇ ਨੇਤਾ ਜਾਣਦੇ ਹੋਏ ਵੀ ਅਜੇ ਚੁੱਪ ਬੈਠੇ ਹਨ ਕਿ ਪਾਰਟੀ ਦਾ ਨੁਕਸਾਨ ਕਿਹੜੇ ਲਾਲਚਾਂ ਕਾਰਨ ਹੋਇਆ ਹੈ। ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ’ਚ ਹੋਈ ਧਾਂਦਲੀ ਖਿਲਾਫ਼ ਆਮ ਆਦਮੀ ਪਾਰਟੀ ਵੱਲੋਂ 2 ਫਰਵਰੀ ਨੂੰ ਦਿੱਲੀ ਵਿੱਚ ਭਾਜਪਾ ਦੇ ਮੁੱਖ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾਵੇਗੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਥੇ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਭਾਜਪਾ ਮੁਲਕ ਤੇ ਲੋਕਤੰਤਰ ਅਤੇ ਚੋਣ ਪ੍ਰਣਾਲੀ ਨੂੰ ਤਬਾਹ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ’ਚ ਹੋਈ ਧਾਂਦਲੀ ਸਭ ਦੇ ਸਾਹਮਣੇ ਹੈ।