ਕਣਕ ਦੀ ਖਰੀਦ ਸ਼ੁਰੂ ਹੋਣ ਦੇ ਤੀਜੇ ਦਿਨ ਵੀ ਮੰਡੀਆਂ ਵਿੱਚ ਸੁੰਨ
ਪੱਤਰ ਪ੍ਰੇਰਕ
ਮਾਨਸਾ, 3 ਅਪਰੈਲ
ਬੇਸ਼ੱਕ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਪਹਿਲੀ ਅਪਰੈਲ ਤੋਂ ਕਰਨ ਦੇ ਪ੍ਰਬੰਧ ਕੀਤੇ ਹੋਏ ਹਨ, ਪਰ ਇਸ ਦੇ ਬਾਵਜੂਦ ਅੱਜ ਮਾਲਵਾ ਪੱਟੀ ਦੀਆਂ ਬਹੁਤੀਆਂ ਅਨਾਜ ਮੰਡੀਆਂ ਵਿਚ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦਾ ਇੱਕ ਵੀ ਦਾਣਾ ਵਿਕਣ ਲਈ ਨਹੀਂ ਆਇਆ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਬੇਮੌਸਮੇ ਮੀਂਹ ਅਤੇ ਗੜਿਆਂ ਕਾਰਨ ਹੋਈ ਠੰਢ ਸਦਕਾ ਕਣਕ ਮੰਡੀਆਂ ਵਿੱਚ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ। ਇਸ ਇਲਾਕੇ ਵਿੱਚ ਮੀਂਹ ਕਾਰਨ ਹੱਥੀਂ ਵਾਢੀ ਦਾ ਕਾਰਜ ਵੀ ਕਿਧਰੇ ਵਿਖਾਈ ਨਹੀਂ ਦਿੱਤਾ, ਜਦੋਂ ਕਿ ਕੰਬਾਈਨਾਂ ਚੱਲਣ ਦੀ ਪੂਰਾ ਹਫ਼ਤਾ ਅਜੇ ਕੋਈ ਉਮੀਦ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐੱਸ ਰੋਮਾਣਾ ਨੇ ਦੱਸਿਆ ਕਿ ਬੇਸ਼ੱਕ ਮਾਲਵਾ ਪੱਟੀ ਵਿਚ ਕਣਕ ਦੀ ਬਿਜਾਈ ਇਸ ਵਾਰ ਸਹੀ ਸਮੇਂ ’ਤੇ ਹੋ ਗਈ ਸੀ, ਪਰ ਕਣਕ ਦੀ ਫ਼ਸਲ ਮਾਲਵਾ ਪੱਟੀ ਵਿਚ ਘੱਟੋ-ਘੱਟ ਇਕ ਹਫ਼ਤੇ ਤੱਕ ਸਹੀ ਰੂਪ ਵਿੱਚ ਪੱਕਕੇ ਅਨਾਜ ਮੰਡੀਆਂ ਵਿਚ ਨਹੀਂ ਪਹੁੰਚ ਸਕੇਗੀ। ਇਸੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਡਿਪਟੀ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਪ੍ਰਸ਼ਾਸਨ ਵਲੋਂ ਖਰੀਦ ਲਈ ਵਿਆਪਕ ਬੰਦੋਬਸਤ ਕਰ ਲਏ ਹਨ, ਪਰ ਅੱਜ ਕੋਈ ਵੀ ਕਿਸਾਨ ਕਿਸੇ ਮੰਡੀ ਵਿਚ ਆਪਣੀ ਜਿਣਸ ਲੈ ਕੇ ਨਹੀਂ ਪੁੱਜਿਆ।
ਉਨ੍ਹਾਂ ਦੱਸਿਆ ਕਿ ਉਂਜ ਪੂਰੇ ਜ਼ਿਲ੍ਹੇ ਦੀਆਂ ਵੱਡੀਆਂ ਅਨਾਜ ਮੰਡੀਆਂ ਵਿਚ ਅੱਜ ਅਧਿਕਾਰੀ ਕਣਕ ਆਉਣ ਦੀ ਆਸ ਨਾਲ ਗਏ ਸਨ, ਪਰ ਕੋਈ ਵੀ ਕਿਸਾਨ ਆਪਣੀ ਨਵੀਂ ਕੱਢੀ ਤਾਂ ਦੂਰ ਦੀ ਗੱਲ, ਸਗੋਂ ਪੁਰਾਣੀ ਕਣਕ ਦੀ ਵੀ ਨਿੱਕੀ-ਮੋਟੀ ਢੇਰੀ ਲੈ ਕੇ ਨਹੀਂ ਆਇਆ।