For the best experience, open
https://m.punjabitribuneonline.com
on your mobile browser.
Advertisement

ਅੱਠ ਸਾਲਾਂ ਵਿੱਚ ਵੀ ਨਹੀਂ ਲੱਗੇ ਸੋਲਰ ਪਲਾਂਟ

07:26 AM Sep 17, 2024 IST
ਅੱਠ ਸਾਲਾਂ ਵਿੱਚ ਵੀ ਨਹੀਂ ਲੱਗੇ ਸੋਲਰ ਪਲਾਂਟ
ਸੈਕਟਰ-28 ਦੇ ਇੱਕ ਘਰ ਦੀ ਛੱਤ ’ਤੇ ਲੱਗੇ ਹੋਏ ਸੋਲਰ ਪੈਨਲ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 16 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ 500 ਗਜ਼ ਤੋਂ ਵੱਧ ਦੀਆਂ ਜਾਇਦਾਦਾਂ ’ਤੇ ਸੋਲਰ ਪਾਵਰ ਪਲਾਂਟ ਲਗਾਉਣੇ ਲਾਜ਼ਮੀ ਕੀਤੇ ਗਏ ਹਨ ਪਰ ਅੱਜ ਇਸ ਨੂੰ ਅੱਠ ਸਾਲ ਬੀਤਣ ਦੇ ਬਾਵਜੂਦ ਯੂਟੀ ਪ੍ਰਸ਼ਾਸਨ 500 ਗਜ਼ ਤੋਂ ਵੱਡੀਆਂ ਇਮਾਰਤਾਂ ’ਤੇ ਸੋਲਰ ਪਲਾਂਟ ਲਗਾਉਣ ਵਿੱਚ ਨਾਕਾਮ ਰਿਹਾ ਹੈ। ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਸਿਰਫ਼ 1867 ਇਮਾਰਤਾਂ ’ਤੇ ਸੋਲਰ ਪਲਾਂਟ ਲਗਾ ਸਕਿਆ ਹੈ ਜਦੋਂਕਿ 4500 ਤੋਂ ਵੱਧ ਇਮਾਰਤਾਂ ਹਾਲੇ ਵੀ ਸੋਲਰ ਪਲਾਂਟ ਤੋਂ ਸੱਖਣੀਆਂ ਹਨ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸਾਲ 2016 ਵਿੱਚ ਸ਼ਹਿਰ ਦੀਆਂ 500 ਵਰਗ ਗਜ਼ ਜਾਂ ਇਸ ਤੋਂ ਵੱਡੇ ਪਲਾਟਾਂ ਵਾਲੇ ਰਿਹਾਇਸ਼ੀ ਘਰਾਂ ਨੂੰ ਬਿਲਡਿੰਗ ਬਾਈਲਾਜ਼ ਦੀ ਪਾਲਣਾ ਕਰਨ ਲਈ ਸੋਲਰ ਪਾਵਰ ਸਿਸਟਮ ਲਗਾਉਣੇ ਲਾਜ਼ਮੀ ਕੀਤੇ ਸਨ। ਹੁਣ 250 ਵਰਗ ਗਜ਼ ਦੇ ਪਲਾਟਾਂ ਦੇ ਮਾਲਕਾਂ ਨੂੰ ਸ਼ਹਿਰ ਵਿੱਚ ਸੋਲਰ ਪਾਵਰ ਪਲਾਂਟ ਲਗਾਉਣੇ ਲਾਜ਼ਮੀ ਕਰ ਦਿੱਤੇ ਹਨ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਪਿਛਲੇ ਦਿਨੀਂ ਸ਼ਹਿਰੀ ਯੋਜਨਾ ਵਿਭਾਗ ਦੇ ਸਕੱਤਰ ਨੂੰ ਬਿਲਡਿੰਗ ਉਪ-ਨਿਯਮਾਂ ਵਿੱਚ ਸੋਧ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਰਿਹਾਇਸ਼ੀ ਇਮਾਰਤਾਂ ਦਾ ਆਕਾਰ 500 ਤੋਂ ਘਟਾ ਕੇ 250 ਵਰਗ ਗਜ਼ ਕਰ ਦਿੱਤਾ ਸੀ।
ਦੂਜੇ ਪਾਸੇ, ਸਲਾਹਕਾਰ ਨੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੂੰ ਸੋਲਰ ਪਲਾਂਟ ਨਾ ਲਗਾਉਣ ਵਾਲਿਆਂ ਨੂੰ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਅਸਟੇਟ ਦਫ਼ਤਰ ਵੱਲੋਂ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਸਬੰਧੀ ਨੋਟਿਸ ਮਿਲਣ ਤੋਂ ਬਾਅਦ 50-60 ਮਕਾਨ ਮਾਲਕਾਂ ਨੇ ਸੋਲਰ ਪਾਵਰ ਪਲਾਂਟ ਲਗਾਉਣ ਲਈ ਅਰਜ਼ੀਆਂ ਦਿੱਤੀਆਂ ਹਨ। ਪਰ ਹਾਲੇ ਵੀ ਵੱਡੀ ਗਿਣਤੀ ਵਿੱਚ ਲੋਕ ਸੋਲਰ ਪਲਾਂਟ ਲਗਾਉਣ ਬਾਰੇ ਸ਼ਸ਼ੋਪੰਜ ਵਿੱਚ ਹਨ।
ਪ੍ਰਸ਼ਾਸਨ ਦੇ ਸਲਾਹਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਕਰੱਸਟ ਨੇ ਉਨ੍ਹਾਂ ਵਸਨੀਕਾਂ ਨੂੰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਨੂੰ ਸੋਲਰ ਪਾਵਰ ਪਲਾਂਟਾਂ ਦੀ ਲਾਜ਼ਮੀ ਸਥਾਪਨਾ ਬਾਰੇ ਅਸਟੇਟ ਦਫ਼ਤਰ ਤੋਂ ਨੋਟਿਸ ਪ੍ਰਾਪਤ ਹੋਏ ਹਨ। ਯੂਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਮਾਰਤਾਂ ਦੀਆਂ ਛੱਤਾਂ ’ਤੇ ਸੋਲਰ ਪਲਾਂਟ ਲਗਾਉਣ ਦੇ ਚਾਹਵਾਨ ਲੋਕ ਸੈਕਟਰ-19 ਮੱਧ ਮਾਰਗ ’ਤੇ ਪਰਿਆਵਰਨ ਭਵਨ ’ਚ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।

Advertisement

Advertisement
Advertisement
Author Image

Advertisement