ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੀਵੇ ਭਾਵੇਂ ਜਗਣ ਬਥੇਰੇ...

09:57 AM Oct 26, 2024 IST

ਦਲਬੀਰ ਸਿੰਘ ਧਾਲੀਵਾਲ
Advertisement

ਕਿਹਾ ਜਾਂਦਾ ਹੈ ਕਿ ਪੁਰਾਤਨ ਸਮਿਆਂ ਵਿੱਚ ਮਨੁੱਖ ਵੱਲੋਂ ਆਪਣੀ ਕਿਸੇ ਵੱਡੀ ਖੁ਼ੁਸ਼ੀ ਨੂੰ ਮਨਾਉਣ ਲਈ ਢੋਲ ਢਮੱਕੇ ਵਜਾ ਕੇ ਦੂੁਸਰੇ ਲੋਕਾਂ ਨੂੰ ਆਪਣੀ ਖ਼ੁਸ਼ੀ ਦੱਸੀ ਜਾਂਦੀ ਸੀ, ਪਰ ਕਿਸੇ ਉੱਚੇ ਰੁਤਬੇ ਵਾਲੇ ਵਿਅਕਤੀ ਦੀ ਸਫਲਤਾ ਵੇਲੇ ਇਸ ਦੇ ਨਾਲ ਹੀ ਘਿਓ ਦੇ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਜਾਂਦੀ ਸੀ। ਜਦੋਂ ਕਿ ਆਧੁਨਿਕ ਯੁੱਗ ਵਿੱਚ ਇਹ ਸਭ ਕੁਝ ਬਦਲ ਗਿਆ ਹੈ ਕਿਉਂਕਿ ਦੀਵਾਲੀ ਦਾ ਤਿਉਹਾਰ ਅੱਜ ਵੱਡੇ-ਵੱਡੇ ਪਟਾਕੇ ਅਤੇ ਮਹਿੰਗੀਆਂ ਰੋਸ਼ਨੀਆਂ ਕਰਕੇ ਮਨਾਇਆ ਜਾਂਦਾ ਹੈ।
ਦੀਵਾਲੀ ਦੀ ਪਰੰਪਰਾ ਹਿੰਦੂ ਇਤਿਹਾਸ ਅਨੁਸਾਰ ਇਹ ਕਹਿੰਦੀ ਹੈ ਕਿ ਸ੍ਰੀ ਰਾਮ ਚੰਦਰ ਇਸ ਦਿਨ 14 ਸਾਲਾਂ ਦਾ ਬਨਵਾਸ ਕੱਟਣ ਉਪਰੰਤ ਅਤੇ ਲੰਕਾ ਪਤੀ ਰਾਜਾ ਰਾਵਣ ਨੂੰ ਯੁੱਧ ਵਿੱਚ ਮਾਰਨ ਉਪਰੰਤ ਅਯੁੱਧਿਆ ਪਹੁੰਚੇ ਸਨ ਤਾਂ ਜਨਤਾ ਨੇ ਖ਼ੁਸ਼ੀ ਵਜੋਂ ਆਪਣੇ ਘਰਾਂ ਉੱਤੇ ਦੀਵੇ ਜਗਾਏ ਸਨ ਜੋ ਅੱਜ ਤੱਕ ਇਹ ਦਿਨ ਦੀਵਾਲੀ ਦੇ ਤਿਉਹਾਰ ਵਜੋਂ ਪ੍ਰਚੱਲਿਤ ਹੈ। ਦੀਵਾਲੀ ਭਾਵ ਕਿ ਦੀਵਿਆਂ ਵਾਲੀ ਦੋ ਸ਼ਬਦਾਂ ਦਾ ਸੁਮੇਲ ਹੈ। ਦੀਵਾਲੀ ਦੇ ਇਤਿਹਾਸ ਤੋਂ ਸਿੱਖਿਆ ਤਾਂ ਸਾਨੂੰ ਹੰਕਾਰ ਅਤੇ ਬੁਰਾਈ ਤੋਂ ਦੂਰ ਰਹਿਣ ਦੀ ਮਿਲਦੀ ਹੈ, ਪ੍ਰੰਤੂ ਸਾਡੇ ਅਜੋਕੇ ਸਮਾਜ ਵਿੱਚ ਜੋ ਧਾਰਮਿਕ ਤੇ ਜਾਤੀਵਾਦੀ ਕੱਟੜਤਾ ਪੱਖੀ ਲੋਕ ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ ਅਤੇ ਇਵੇਂ ਹੀ ਜੋ ਲੋਕ ਬੇਤਹਾਸ਼ਾ ਵੱਡੇ- ਵੱਡੇ ਪਟਾਕੇ ਚਲਾ ਕੇ ਜ਼ਹਿਰੀਲੇ ਧੂੰਏਂ ਅਤੇ ਪਟਾਕਿਆਂ ਦੇ ਉੱਚੇ ਖੜਕੇ ਨਾਲ ਕਈ ਮਰੀਜ਼ਾਂ ਲਈ ਬੇਚੈਨੀ ਅਤੇ ਹੋਰਾਂ ਲਈ ਵੀ ਸਾਹ ਅਤੇ ਚਮੜੀ ਦੇ ਰੋਗ ਪੈਦਾ ਕਰਦੇ ਹਨ, ਉਹ ਇਸ ਤਿਉਹਾਰ ਦੀ ਪਵਿੱਤਰਤਾ ਨੂੰ ਭੰਗ ਕਰਦੇ ਹਨ। ਕਈ ਅਮੀਰ ਲੋਕ ਫਜ਼ੂਲ ਖ਼ਰਚੀ ਤਾਂ ਬਥੇਰੀ ਕਰਦੇ ਹਨ, ਪ੍ਰੰਤੂ ਕਿਸੇ ਗ਼ਰੀਬ ਨੂੰ ਮਜ਼ਦੂਰੀ ਦੇ ਪੈਸੇ ਦੇਣ ਵੇਲੇ ਉਸ ਨਾਲ ਬਹਿਸ ਕਰਦੇ ਹਨ। ਇਵੇਂ ਹੀ ਕਈ ਲੋਕ ਸ਼ਰਾਬ ਆਦਿ ਪੀ ਕੇ ਤੇ ਲੜਾਈ ਝਗੜੇ ਕਰਕੇ ਸਮਾਜ ਵਿੱਚ ਅਸ਼ਾਂਤੀ ਫੈਲਾਉਂਦੇ ਹਨ। ਉਨ੍ਹਾਂ ਲਈ ਦੀਵਾਲੀ ਦੇ ਇਸ ਅਸੁੂਲ ਦਾ ਕੀ ਮਹੱਤਵ ਹੈ। ਬੇਸ਼ੱਕ ਦੀਵਾਲੀ ਤਿਉਹਾਰ ਨੂੰ ਬੁਰਾਈ ਉੱਪਰ ਨੇਕੀ ਦੀ ਜਿੱਤ ਵਜੋਂ ਵੀ ਮੰਨਿਆ ਜਾਂਦਾ ਹੈ, ਪ੍ਰੰਤੂ ਅਜੋਕੇ ਹਾਲਾਤ ਅਨੁਸਾਰ ਦੀਵਾਲੀ ਮੌਕੇ ਕਈ ਵੱਡੇ ਸਿਆਸਤਦਾਨ ਅਤੇ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਮਤਾਹਿਤਾਂ (ਛੋਟੇ ਲੀਡਰਾਂ, ਛੋਟੇ ਮੁਲਾਜ਼ਮਾਂ ਤੇ ਲੋੜਵੰਦ ਜਨਤਾ) ਤੋਂ ਕੀਮਤੀ ਤੋਹਫੇ ਲੈਣ ਨੂੰ ਪਹਿਲ ਦੇ ਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹਨ।
ਇਹ ਵੀ ਵੇਖਿਆ ਜਾਂਦਾ ਹੈ ਕਿ ਕਈ ਵੱਡੇ ਘਰਾਂ ਵਿੱਚ ਕਾਫ਼ੀ ਬਚੀਆਂ ਹੋਈਆਂ ਮਠਿਆਈਆਂ ਆਦਿ ਨੂੰ ਕੂੁੜੇ ਦੇ ਢੇਰਾਂ ਉੱਤੇ ਸੁੱਟ ਦਿੱਤਾ ਜਾਂਦਾ ਹੈ, ਪਰ ਕਿਸੇ ਗ਼ਰੀਬ ਦੀ ਮਦਦ ਨਹੀਂ ਕੀਤੀ ਜਾਂਦੀ ਜਦੋਂ ਕਿ ਸਾਡੇ ਦੇਸ਼ ਵਿੱਚ ਕਰੋੜਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਇਹ ਅਮੀਰ ਲੋਕ ਦੀਵਾਲੀ ਦੌਰਾਨ ਵੱਡੇ ਵੱਡੇ ਹੋਟਲਾਂ ਵਿੱਚ ਮਹਿੰਗੀਆਂ ਪਾਰਟੀਆਂ ਕਰਕੇ ਜਸ਼ਨਾਂ ਵਜੋਂ ਬੇਤਹਾਸ਼ਾ ਪੈਸਾ ਖ਼ਰਚਦੇ ਅਤੇ ਕਿੰਨਾ ਹੀ ਖਾਣਾ ਇੱਥੇ ਅਮੀਰੀ ਦੀ ਸ਼ਾਨ ਵਜੋਂ ਛੱਡ ਦਿੰਦੇ ਹਨ ਪ੍ਰੰਤੂ ਕਿਸੇ ਗ਼ਰੀਬ ਦੇ ਭੁੱਖੇ ਪੇਟ ਬਾਰੇ ਨਹੀਂ ਸੋਚਿਆ ਜਾਂਦਾ। ਜਿਸ ਨੂੰ ਇਹ ਲੋਕ ਤਾਂ ਇੱਕ ਸ਼ੁਗਲ ਹੀ ਸਮਝਦੇ ਹਨ, ਜਦੋਂ ਕਿ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿੱਚ ਕਰੀਬ 13.7% ਲੋਕ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ ਕਰੀਬ 20 ਕਰੋੜ ਤੋਂ ਵੱਧ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ, ਕਰੀਬ 4 ਲੱਖ ਤੋਂ ਵੱਧ ਭਿਖਾਰੀ ਅਤੇ ਇਕੱਲੇ ਦਿੱਲੀ ਵਿੱਚ ਹੀ 50 ਹਜ਼ਾਰ ਤੋਂ ਵੱਧ ਭਿਖਾਰੀ ਹਨ। ਇੱਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਅਤਿ ਗ਼ਰੀਬ ਅਤੇ ਝੁੱਗੀਆਂ ਝੌਂਪੜੀਆਂ ਦੇ ਬੱਚੇ ਦੀਵਾਲੀ ਦੀਆਂ ਖ਼ੁਸ਼ੀਆਂ ਨੂੰ ਤਰਸਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਤਾਂ ਦੀਵਾਲੀ ਤੋਂ ਅਗਲੇ ਦਿਨ ਸਵੇਰੇ-ਸਵੇਰੇ ਅਮੀਰਾਂ ਦੀਆਂ ਗਲੀਆਂ ਵਿੱਚੋਂ ਅਣਚੱਲੇ ਪਟਾਕੇ ਅਤੇ ਕੂੜੇ ਦੇ ਢੇਰਾਂ ਉੱਤੋਂ ਅਣਵਰਤੀਆਂ ਮਠਿਆਈਆਂ ਆਪਣੀ ਰੋਜ਼ੀ ਰੋਟੀ ਲਈ ਲੱਭਦੇ ਆਮ ਵੇਖੇ ਜਾਂਦੇ ਹਨ।
ਫਿਰ ਅਸੀਂ ਦੀਵਾਲੀ ਨੂੰ ਬੁਰਾਈ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਕਿਵੇਂ ਕਹਿ ਸਕਦੇ ਹਾਂ ਸਗੋਂ ਇਹ ਤਾਂ ਨੇਕੀ ਉੱਪਰ ਬੁਰਾਈ ਦੀ ਜਿੱਤ ਕਹੀ ਜਾ ਸਕਦੀ ਹੈ। ਅਜਿਹੀ ਦੀਵਾਲੀ ਜਿਸ ਵਿੱਚ ਲੋਕ ਸਾਡੇ ਸਮਾਜ ਵਿੱਚ ਸਹੀ ਗਿਆਨ, ਆਪਸੀ ਬਰਾਬਰੀ ਅਤੇ ਇਨਸਾਫ਼ ਵੰਡਣ ਦੀ ਥਾਂ ਹਉਮੇੈ, ਪੂੰਜੀਵਾਦ, ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਅੰਧਵਿਸ਼ਵਾਸ ਵੰਡ ਰਹੇ ਹੋਣ ਅਤੇ ਲੱਖਾਂ ਕਰੋੜਾਂ ਰੁਪਏ ਦੀ ਫਜ਼ੂਲ ਖ਼ਰਚੀ ਅਤੇ ਜ਼ਹਿਰੀਲਾ ਪਟਾਕਾ ਪ੍ਰਦੂਸ਼ਣ ਫੈਲਾਉਂਦੇ ਹੋਣ, ਇਤਿਹਾਸਕ ਰਵਾਇਤਾਂ ਦੇ ਖਿਲਾਫ਼ ਹੈ। ਸਾਡੇ ਸਮਾਜ ਵਿੱਚ ਅੱਜ ਦਿਨੋਂ ਦਿਨ ਅਗਿਆਨਤਾ, ਅਨਪੜ੍ਹਤਾ, ਗ਼ਰੀਬੀ ਤੇ ਅਮੀਰੀ ਦਾ ਪਾੜਾ, ਬੇਰੁਜ਼ਗਾਰੀ, ਬਲਾਤਕਾਰ ਜਿਹੇ ਜੁਰਮਾਂ ਦਾ ਹਨੇਰਾ ਦਿਨੋਂ ਦਿਨ ਵਧ ਰਿਹਾ ਹੈ ਤਾਂ ਇਹ ਕਹਿਣਾ ਸੁਭਾਵਿਕ ਹੈ ਕਿ ‘ਦੀਵੇ ਭਾਵੇਂ ਜਗਣ ਬਥੇਰੇ, ਫਿਰ ਵੀ ਵਧਦੇ ਜਾਣ ਹਨੇਰੇੇ।’ ਇਸ ਸਭ ਨੂੰ ਸਮਾਜ ਵਿੱਚ ਆਪਸੀ ਬਰਾਬਰੀ, ਇਨਸਾਫ਼, ਗਿਆਨ ਅਤੇ ਆਪਸੀ ਸਾਂਝ ਦੇ ਦੀਵਿਆਂ ਨਾਲ ਹੀ ਅਸਲ ਰੋਸ਼ਨੀ ਕਰਕੇ ਦੂਰ ਕੀਤਾ ਜਾ ਸਕਦਾ ਹੈ। ਸਾਡੇ ਅਮੀਰ ਲੋਕ ਵੀ ਫਜ਼ੂਲ ਖ਼ਰਚੀ ਛੱਡ ਕੇ ਇਹ ਪੈਸਾ ਝੁੱਗੀਆਂ ਝੌਂਪੜੀਆਂ ਅਤੇ ਹੋਰ ਅਤਿ ਗ਼ਰੀਬ ਬੱਚਿਆਂ ਨੂੰ ਦੀਵਾਲੀ ਮੌਕੇ ਕੁਝ ਖਾਣਪੀਣ ਜਾਂ ਹੋਰ ਲੋੜੀਂਦਾ ਸਾਮਾਨ ਤੋਹਫੇ ਵਜੋਂ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਭਰ ਸਕਦੇ ਹਨ। ਇਹ ਉਸ ਪੂਜਾ ਤੋਂ ਵੀ ਵੱਡੀ ਪੂਜਾ ਹੈ ਜੋ ਅਸੀਂ ਦੀਵਾਲੀ ਵਾਲੀ ਰਾਤ ਦੇਵੀ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਕਰਦੇ ਹਾਂ। ਇਸ ਦੇ ਨਾਲ ਹੀ ਗ਼ਰੀਬਾਂ ਨੂੰ ਵੀ ਅਮੀਰਾਂ ਦੀ ਰੀਸ ਨਾ ਕਰਕੇ ਦੀਵਾਲੀ ਦਾ ਤਿਉਹਾਰ ਸਾਦੇ ਤਰੀਕੇ ਨਾਲ ਮਨਾਉਂਦੇ ਹੋਏ ਫਜ਼ੂਲ ਖ਼ਰਚੀ ਤੋਂ ਅਤੇ ਕਰਜ਼ਾਈ ਹੋਣ ਤੋਂ ਬਚਣਾ ਚਾਹੀਦਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ;
ਦੀਵੇ ਵੀ ਭਾਵੇਂ ਜਗਦੇ ਰਹੇ, ਸੂਰਜ ਵੀ ਭਾਵੇਂ ਮਘਦੇ ਰਹੇ
ਪਰ ਗਰੀਬਾ ਤੇਰੀਆਂ ਖੁਸ਼ੀਆਂ ਦੀ ਫਿਰ ਵੀ ਪ੍ਰਭਾਤ ਨਾ ਹੋਈ।
ਚਾਹੀਦਾ ਤਾਂ ਇਹ ਹੈ ਕਿ ਜੋ ਗ਼ਰੀਬ ਕਾਰੀਗਰ ਆਪਣੇ ਹੱਥੀਂ ਬਣਾਏ ਦੀਵੇ, ਕੁੱਜੀਆਂ ਅਤੇ ਹੋਰ ਸਾਮਾਨ ਸੜਕਾਂ ਦੇ ਕਿਨਾਰੇ ਬੈਠ ਕੇ ਦੀਵਾਲੀ ਮੌਕੇ ਵੇਚਦੇ ਹਨ, ਉਨ੍ਹਾਂ ਗ਼ਰੀਬਾਂ ਤੋਂ ਮਦਦ ਵਜੋਂ ਹੀ ਸਾਮਾਨ ਖ਼ਰੀਦੀਏ ਨਾ ਕੀ ਮਹਿੰਗੇ ਦਿਖਾਵੇ ਭਰੇ ਸਾਮਾਨ ਲਾਈਟਾਂ ਆਦਿ ਵੱਡੇ ਵੱਡੇ ਸ਼ੋਅ ਰੂਮਾਂ ਤੋਂ ਖ਼ਰੀਦੀਏ।
ਬੇਸ਼ੱਕ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਾਫ਼ ਸਫ਼ਾਈ ਅਤੇ ਰੰਗ ਰੋਗਨ ਕਰਦੇ ਹਨ ਜਿਸ ਨਾਲ ਸਾਡੇ ਜੀਵਨ ਵਿੱਚ ਇੱਕ ਸਵੱਛਤਾ ਦਾ ਮਾਹੌਲ ਬਣਦਾ ਹੈ। ਜੋ ਲੋਕ ਇੱਕ ਦੂਜੇ ਦਾ ਮੂੰਹ ਮਿਠਾ ਕਰਵਾਉਂਦੇ ਹਨ, ਇਹ ਵੀ ਆਪਸੀ ਸਾਂਝਾ ਦਾ ਪ੍ਰਤੀਕ ਹੈ, ਪ੍ਰੰਤੂ ਫਿਰ ਵੀ ਕੁਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਇਸ ਸਾਂਝੀਵਾਲਤਾ ਦੇ ਮਾਹੌਲ ਨੂੰ ਗੰਧਲਾ ਕਰਦੇ ਹਨ ਜਿਵੇਂ ਕਿ ਗ਼ੈਰ ਕਾਨੂੰਨੀ ਤਰੀਕੇ ਨਾਲ ਆਪਣੀ ਖ਼ੁਸ਼ੀ ਮਨਾਉਣ ਲਈ ਉੱਚੀ ਆਵਾਜ਼ ਵਿੱਚ ਦੇਰ ਰਾਤ ਤੱਕ ਡੀਜੇ ਵਜਾ ਕੇ ਅਤੇ ਸਾਂਝੀਆਂ ਗਲੀਆਂ ਵਿੱਚ ਪਟਾਕੇ ਚਲਾ ਕੇ ਉੱਥੋਂ ਲੰਘਣ ਵਾਲਿਆਂ ਲਈ ਮੁਸ਼ਕਿਲ ਪੈਦਾ ਕਰਦੇ ਹਨ। ਇਸ ਕਾਰਨ ਕਈ ਵਾਰ ਝਗੜੇ ਵੀ ਹੋ ਜਾਂਦੇ ਹਨ। ਇਵੇਂ ਹੀ ਦੀਵਾਲੀ ਦੇ ਨੇੜੇ ਆ ਕੇ ਮਠਿਆਈਆਂ ਤੇ ਪਟਾਕਿਆਂ ਦੇ ਵਪਾਰੀ ਵੀ ਬਹੁਤ ਘਪਲੇਬਾਜ਼ੀ ਕਰਦੇ ਹਨ। ਮਠਿਆਈ ਵਿਕਰੇਤਾ ਮਿਲਾਵਟੀ ਸਮਾਨ ਦੀ ਵਰਤੋਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਜਿਵੇਂ ਕਿ ਪਿਛਲੇ ਸਾਲ ਵੀ ਕਈ ਥਾਵਾਂ ’ਤੇ ਅਤੇ ਹੁਣ ਵੀ ਕਈ ਦੁਕਾਨਾਂ ਤੋਂ ਨਕਲੀ ਦੁੱਧ ਦਾ ਧੰਦਾ ਚੱਲਦਾ ਫੜਿਆ ਗਿਆ। ਅੰਕੜੇ ਦੱਸਦੇ ਹਨ ਕਿ ਦੁਧਾਰੂ ਪਸ਼ੂਆਂ ਦੀ ਗਿਣਤੀ ਤਾਂ ਘਟੀ ਹੈ, ਜਿਸ ਕਾਰਨ ਦੁੱਧ ਦੀ ਜ਼ਿਆਦਾ ਲੋੜ ਦੀ ਪੂਰਤੀ ਨਕਲੀ ਤੌਰ ’ਤੇ ਦੁੱਧ ਤਿਆਰ ਕਰਕੇ ਕੀਤੀ ਜਾ ਰਹੀ ਹੈ। ਬੇਸ਼ੱਕ ਇਸ ਪ੍ਰਤੀ ਸਖ਼ਤ ਵਿਭਾਗੀ ਕਾਰਵਾਈ ਦਾ ਭਰੋਸਾ ਤਾਂ ਮਿਲਦਾ ਹੈ, ਪ੍ਰੰਤੂ ਨਾ ਤਾਂ ਇਹ ਕਾਰਵਾਈ ਬਾਅਦ ਵਿੱਚ ਜਨਤਕ ਕੀਤੀ ਜਾਂਦੀ ਹੈ ਅਤੇ ਨਾ ਹੀ ਇਹ ਸਿਲਸਿਲਾ ਕਈ ਸਾਲਾਂ ਤੋਂ ਰੁਕ ਰਿਹਾ ਹੈ ਜਿਸ ਦਾ ਮੁੱਖ ਕਾਰਨ ਪ੍ਰਸ਼ਾਸਨ ਦੀ ਮਿਲੀਭੁਗਤ ਅਤੇ ਲੋਕਾਂ ਦੀ ਆਪਣੀ ਲਾਹਪ੍ਰਵਾਹੀ ਅਤੇ ਅਗਿਆਨਤਾ ਵੀ ਹੈ। ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਕੁਝ ਲੋਕ ਮਠਿਆਈਆਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਬੇਸ਼ੱਕ ਕੁਝ ਜਾਗਰੂਕ ਲੋਕਾਂ ਨੇ ਮਠਿਆਈ ਦੀ ਥਾਂ ’ਤੇ ਹੁਣ ਫ਼ਲ ਜਾਂ ਹੋਰ ਪਕਵਾਨ ਵਰਤਣੇ ਸ਼ੁਰੂ ਕਰ ਦਿੱਤੇ ਹਨ ਜਿਸ ਦੀ ਰੀਸ ਸਭਨਾਂ ਨੂੰ ਹੀ ਕਰਨੀ ਚਾਹੀਦੀ ਹੈ।
ਪਟਾਕਿਆਂ ਦੀ ਗੱਲ ਕਰੀਏ ਤਾਂ ਬੇਸ਼ੱਕ ਸਾਡੇ ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਗ਼ੈਰ ਕਾਨੂੰਨੀ ਪਟਾਕਾ ਭੰਡਾਰਨ ਅਤੇ ਗ਼ੈਰ ਕਾਨੂੰਨੀ ਪਟਾਕੇ ਬਣਾਉਣ ਦੇ ਟਿਕਾਣੇ ਫੜੇ ਸਨ। ਇਵੇਂ ਹੀ ਹਰ ਸਾਲ ਪਟਾਕੇ ਵੇਚਣ ਦੀਆਂ ਥਾਵਾਂ, ਸਮਾਂ ਅਤੇ ਪਟਾਕਿਆਂ ਦੀਆਂ ਕਿਸਮਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਕੇਂਦਰੀ ਗ੍ਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਕਿਹਾ ਜਾਂਦਾ ਹੈ ਕਿ ਆਮ ਮਿਲਦੇ ਪਟਾਕਿਆਂ ਵਿੱਚੋਂ 95% ਹਵਾ ਪ੍ਰਦੂਸ਼ਣ ਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ ਅਤੇ ਇਵੇਂ ਹੀ ਹੁਣ ਸੁਪਰੀਮ ਕੋਰਟ ਨੇ ਇਹ ਸਖ਼ਤ ਟਿੱਪਣੀ ਕੀਤੀ ਹੈ ਕਿ ਪਟਾਕਾ ਵਪਾਰੀ ਅਤਿ ਜ਼ਹਿਰੀਲੇ ਅਤੇ ਮਨੁੱਖੀ ਜਾਨ ਲਈ ਘਾਤਕ ਕੈਮੀਕਲ ਦਾ ਭੰਡਾਰਨ ਕਰਦੇ ਹਨ ਜੋ ਪਟਾਕੇ ਬਣਾਉਣ ਵਿੱਚ ਪੈਂਦਾ ਹੈ। ਪ੍ਰਦੂਸ਼ਣ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਹਵਾ ਪ੍ਰਦੂਸ਼ਣ ਦਿਨੋਂ ਦਿਨ ਖ਼ਤਰੇ ਦੇ ਨਿਸ਼ਾਨ ਤੋਂ ਵਧ ਰਿਹਾ ਹੈ ਜਿਸ ਕਾਰਨ ਸੈਂਕੜੇ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਸ ਘਾਤਕ ਸਿਲਸਿਲੇ ਨੂੰ ਰੋਕਣਾ ਬਹੁਤ ਜ਼ਰੂਰੀ ਹੈ।
ਦੀਵਾਲੀ ਤਿਉਹਾਰ ਦਾ ਸਿੱਖ ਇਤਿਹਾਸ ਨਾਲ ਵੀ ਗੂੜ੍ਹਾ ਸਬੰਧ ਦੱਸਿਆ ਜਾਂਦਾ ਹੈ ਜਿਵੇਂ ਕਿ ਦੀਵਾਲੀ ਨੂੰ ਬੰਦੀਛੋੜ ਦਿਵਸ ਵਜੋਂ ਇਹ ਕਹਿ ਕੇ ਮਨਾਇਆ ਜਾਂਦਾ ਹੈ ਕਿ ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸਨ ਜਿਸ ਦੀ ਖ਼ੁਸ਼ੀ ਵਜੋਂ ਇੱਥੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ਜਦੋਂ ਕਿ ਕੁਝ ਇਤਿਹਾਸਕਾਰ ਗੁਰੂ ਜੀ ਦੀ ਰਿਹਾਈ ਵਾਲੇ ਦਿਨ ਨੂੰ ਦੀਵਾਲੀ ਤੋਂ ਕਈ ਦਿਨ ਬਾਅਦ ਦਾ ਦੱਸਦੇ ਹਨ। ਖੈਰ ਫਿਰ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਇਸ ਦਿਨ ਸ਼ਰਧਾ ਵਜੋਂ ਪਹੁੰਚੀਆਂ ਸੰਗਤਾਂ ਨੂੰ ਧਾਰਮਿਕ ਉਪਦੇਸ਼ਾਂ ਨਾਲ ਜੋੜਿਆ ਜਾਣਾ ਚੰਗੀ ਗੱਲ ਹੈ, ਪ੍ਰੰਤੂ ਜੋ ਭਾਰੀ ਗਿਣਤੀ ਪਟਾਕੇ ਤੇ ਆਤਿਸ਼ਬਾਜ਼ੀ ਕਰਕੇ ਸਤਿਕਾਰਤ ਧਾਰਮਿਕ ਸਥਾਨਾਂ ਵੱਲੋਂ ਹੀ ਪ੍ਰਦੂਸ਼ਣ ਫੈਲਾਉਣ ਵਿੱਚ ਹਿੱਸਾ ਪਾਇਆ ਜਾਵੇ ਤਾਂ ਇਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ। ਸੋ ਸਾਨੂੰ ਅਜਿਹੇ ਸਮਾਜ ਸੇਵੀ ਸੱਜਣਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹਨ ਅਤੇ ਮਨੁੱਖੀ ਦੀਵੇ ਬਣ ਕੇ ਗਿਆਨ ਤੇ ਜਾਗਰੂਕਤਾ ਦਾ ਚਾਨਣ ਵੰਡਦੇ ਹਨ। ਇੱਥੇ ਇੱਕ ਕਵੀ ਦੀਆਂ ਇਹ ਸਤਰਾਂ ਯਾਦ ਆ ਰਹੀਆਂ ਹਨ;
ਦੀਵਾਲੀਏ, ਦੀਵਿਆਂ ਵਾਲੀਏ ਨੀਂ,
ਚਾਨਣ ਤਾਂ ਤੂੰ ਕਰੇਂ ਬਥੇਰਾ
ਪਰ ਕਦੋਂ ਮਿਟੇਗਾ ਇੱਥੋਂ ਗ਼ਰੀਬੀ ਤੇ
ਭ੍ਰਿਸ਼ਟਾਚਾਰ ਦਾ ਹਨੇਰਾ
ਸੰਪਰਕ: 86993-22704

Advertisement
Advertisement