ਨਸ਼ਿਆਂ ਨੇ ਸਮਾਜਿਕ ਰਸਮਾਂ ਨਿਭਾਉਣ ਜੋਗੇ ਵੀ ਨਾ ਛੱਡੇ ਪੀੜਤ ਪਰਿਵਾਰ
ਇਕਬਾਲ ਸਿੰਘ ਸ਼ਾਂਤ
ਲੰਬੀ, 10 ਅਗਸਤ
ਪਿੰਡ ਫਤੂਹੀਵਾਲਾ ਵਿੱਚ ਮਹਿਜ਼ 34 ਦਿਨਾਂ ’ਚ ਨਸ਼ਿਆਂ ਕਰਕੇ ਦੋ ਪੁੱਤ ਗੁਆਉਣ ਵਾਲੀ ਵਿਧਵਾ ਖੇਤ ਮਜ਼ਦੂਰ ਔਰਤ ਚਰਨਜੀਤ ਕੌਰ ਦੇ ਦੂਜੇ ਮਰਹੂਮ ਪੁੱਤ ਦੀਆਂ ਅੰਤਮ ਰਸਮਾਂ ’ਤੇ ਗੁਰਬਤ ਦਾ ਕਾਲਾ ਪਰਛਾਵਾਂ ਵਿਖਾਈ ਦਿੱਤਾ। ਜਸਵਿੰਦਰ ਉਰਫ਼ ਗੋਰਖਾ ਦੇ ਸਸਕਾਰ ਦੇ ਦੂਜੇ ਦਿਨ ਅੱਜ ਉਸ ਨਮਿਤ ਅਰਦਾਸ ਵੀ ਪਿੰਡ ਸਿੰਘੇਵਾਲਾ- ਫਤੂਹੀਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ। ਉਸ ਦੀ ਪਰਸੋਂ ਨਸ਼ੇ ਦੀ ਓਵਰਡੋਜ਼ ਕਰ ਕੇ ਮੌਤ ਹੋਈ ਸੀ। ਵੱਡਾ ਦੁਖਾਂਤ ਹੈ ਕਿ ਨਸ਼ਿਆਂ ਨੇ ਪੀੜਤ ਪਰਿਵਾਰਾਂ ਨੂੰ ਸਮਾਜਿਕ ਮਿੱਥਾਂ ਮੁਤਾਬਕ ਮਿੱਥੇ ਦਿਨਾਂ ਤੱਕ ਸੋਗ ਕਰਨ ਦੇ ਯੋਗ ਵੀ ਨਹੀਂ ਛੱਡਿਆ। ਪਰਿਵਾਰ ਦੀ ਆਰਥਿਕ ਹਾਲਤ ਵਿਧਵਾ ਔਰਤ ਦੀ ਮਜ਼ਦੂਰੀ ’ਤੇ ਨਿਰਭਰ ਹੈ। ਪਿੰਡ ਵਾਸੀਆਂ ਮੁਤਾਬਕ ਦੋ ਪੁੱਤ ਗੁਆਉਣ ਵਾਲੀ ਚਰਨਜੀਤ ਕੌਰ ਨੂੰ ਵਾਰ-ਵਾਰ ਦੰਦਲਾਂ ਪੈ ਰਹੀਆਂ ਹਨ। ਸਮੁੱਚਾ ਪਰਿਵਾਰ ਅਤੇ ਪਿੰਡ ਸੋਗ ਦੇ ਮਾਹੌਲ ਵਿੱਚ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮਜ਼ਦੂਰ ਆਗੂ ਕਾਲਾ ਸਿੰਘ ਸਿੰਘੇਵਾਲਾ, ਰਾਮਪਾਲ ਸਿੰਘ ਗੱਗੜ ਤੇ ਮੱਖਣ ਸਿੰਘ ਅੱਜ ਵਿਧਵਾ ਖੇਤ ਮਜ਼ਦੂਰ ਔਰਤ ਚਰਨਜੀਤ ਕੌਰ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਲਈ ਪੁੱਜੇ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਦੀ ਬਾਂਹ ਫੜਨ ਅਤੇ ਨਸ਼ਿਆਂ ਦੀ ਗ੍ਰਿਫ਼ਤ ’ਚ ਆਏ ਪੀੜਤ ਪਰਿਵਾਰ ਦੇ ਤੀਜੇ ਪੁੱਤਰ ਦਾ ਸਰਕਾਰੀ ਖ਼ਰਚੇ ’ਤੇ ਇਲਾਜ ਕਰਵਾਉਣ ਦੀ ਮੰਗ ਕੀਤੀ।
ਇਸ਼ਤਿਹਾਰਬਾਜ਼ੀ ਦੀ ਥਾਂ ਨਸ਼ਾ ਰੋਕਣ ’ਤੇ ਧਿਆਨ ਦੇਵੇ ਸਰਕਾਰ: ਸੁਖਬੀਰ
ਫਤੂਹੀਵਾਲਾ ’ਚ ਨਸ਼ਿਆਂ ਦੀ ਓਵਰਡੋਜ਼ ਕਰ ਕੇ 34 ਦਿਨਾਂ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਮਾਮਲੇ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵਿੱਟਰ ਹੈਂਡਲ ਜ਼ਰੀਏ ਆਖਿਆ ਕਿ ‘ਮੇਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਕਰੋੜਾਂ ਰੁਪਏ ਖ਼ਰਚ ਕੇ ਰੋਜ਼ਾਨਾ ਕੀਤੀ ਜਾ ਰਹੀ ਝੂਠੀ ਇਸ਼ਤਿਹਾਰਬਾਜ਼ੀ ਨੂੰ ਛੱਡ ਕੇ ਸੂਬੇ ਦੇ ਹਾਲਾਤ ਦਾ ਜਾਇਜ਼ਾ ਲਵੋ ਅਤੇ ਚੋਣਾਂ ਤੋਂ ਪਹਿਲਾਂ ਆਪਣੇ ਅਤੇ ਕੇਜਰੀਵਾਲ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਨੂੰ ਪੁਗਾਓ। ਨਸ਼ਾ ਮਿਟਾਉਣਾ ਤਾਂ ਕੀ ਸੀ ਤੁਸੀਂ ਤਾਂ ਆਪਣੇ ਰਾਜ ਵਿੱਚ ਇਸ ਕੋਹੜ ਨੂੰ ਕਈ ਗੁਣਾ ਹੋਰ ਵਧਾ ਦਿੱਤਾ ਹੈ। ਮੇਰੀ ਨਹੀਂ ਤਾਂ ਇਸ ਦੁਖੀ ਮਾਂ ਦੀ ਦਰਦਭਰੀ ਪੁਕਾਰ ਹੀ ਸੁਣ ਲਵੋ, ਜਿਸ ਨੇ ਸਵਾ ਮਹੀਨੇ ਅੰਦਰ ਆਪਣੇ ਦੋ ਪੁੱਤ ਗਵਾ ਲਏ।’