ਦੀਵਾਲੀ ਤੋਂ ਪਹਿਲਾਂ ਹੀ ਚੰਡੀਗੜ੍ਹ ’ਚ ਹਵਾ ਦੀ ਗੁਣਵੱਤਾ ਖ਼ਰਾਬ
ਆਤਿਸ਼ ਗੁਪਤਾ
ਚੰਡੀਗੜ੍ਹ, 28 ਅਕਤੂਬਰ
ਸਿਟੀ ਬਿਊਟੀਫੁਲ ਚੰਡੀਗੜ੍ਹ ਦੀ ਹਵਾ ਦੀ ਗੁਣਵੱਤਾ ਖ਼ਰਾਬ ਹੋ ਗਈ ਹੈ। ਅੱਜ ਸ਼ਹਿਰ ਦਾ ਏਕਿਊਆਈ 270 ’ਤੇ ਪਹੁੰਚ ਗਿਆ ਸੀ, ਜੋ ਸ਼ਾਮ ਹੁੰਦਿਆਂ 250 ਦੇ ਕਰੀਬ ਦਰਜ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਅਜਿਹੇ ਹਾਲਾਤ ਦੀਵਾਲੀ ਤੋਂ ਬਾਅਦ ਬਣਦੇ ਸਨ, ਪਰ ਇਸ ਵਾਰ ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਦੀ ਹਵਾ ਗੰਧਲੀ ਹੋ ਗਈ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਵਿੱਚ ਦੁਪਹਿਰ ਸਮੇਂ ਸੈਕਟਰ-53 ਵਿੱਚ ਏਕਿਊਆਈ 270 ਅਤੇ ਸੈਕਟਰ-22 ਵਿੱਚ 265 ਦਰਜ ਕੀਤਾ ਗਿਆ ਸੀ। ਇਹੀ ਏਕਿਊਆਈ ਪੱਧਰ ਰਾਤ 8 ਵਜੇ ਦੇ ਕਰੀਬ ਸੈਕਟਰ-53 ਵਿੱਚ 254 ਤੇ ਸੈਕਟਰ-22 ਵਿੱਚ 248 ਦਰਜ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਵਾਤਾਵਰਨ ਮਾਹਿਰਾਂ ਨੇ ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਲਈ ਟਰੈਫਿਕ ਜਾਮ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਕਰ ਕੇ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਟਰੈਫਿਕ ਜਾਮ ਹੋਏ ਪਏ ਹਨ। ਇਸ ਕਰ ਕੇ ਲੋਕਾਂ ਨੂੰ ਅੱਧਾ-ਅੱਧਾ ਘੰਟਾ ਜਾਮ ਵਿੱਚ ਫਸਣਾ ਪੈ ਰਿਹਾ ਹੈ। ਇਸੇ ਦੌਰਾਨ ਵਾਹਨਾਂ ਦੇ ਪ੍ਰਦੂਸ਼ਣ ਕਰ ਕੇ ਹੀ ਸ਼ਹਿਰ ਦੀ ਹਵਾ ਗੰਧਲੀ ਹੋਈ ਪਈ ਹੈ ਜਿਸ ਕਰ ਕੇ ਏਕਿਊਆਈ ਮਾੜੀ ਸ਼੍ਰੇਣੀ ਵਿੱਚ ਚਲਾ ਗਿਆ ਹੈ। ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਦੀਵਾਲੀ ਨੂੰ ਪਟਾਕੇ ਚੱਲਣ ਕਰ ਕੇ ਸ਼ਹਿਰ ਦੀ ਹਵਾ ਹੋਰ ਵੀ ਗੰਧਲੀ ਹੋ ਸਕਦੀ ਹੈ, ਜਿਸ ਕਰ ਕੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆਵੇਗੀ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ) ਦੇ ਆਗੂਆਂ ਨੇ ਸਾਹ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿੱਕਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੀਵਾਲੀ ਨੂੰ ਪਟਾਕਿਆਂ ਦਾ ਧੂੰਆਂ ਸਾਹ ਦੇ ਮਰੀਜ਼ਾਂ ਲਈ ਘਾਤਕ ਹੁੰਦਾ ਹੈ। ਇਸ ਲਈ ਦੀਵਾਲੀ ਵਾਲੇ ਦਿਨ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪ੍ਰਦੂਸ਼ਣ ਹੋਰ ਵਧਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਿਟੀ ਬਿਊਟੀਫੁਲ ’ਚ ਪੰਜ ਦਿਨ ਮੌਸਮ ਰਹੇਗਾ ਸਾਫ਼
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਅਗਲੇ ਪੰਜ ਦਿਨ ਮੌਸਮ ਸਾਫ਼ ਰਹੇਗਾ ਜਿਸ ਕਰ ਕੇ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਕੋਈ ਰਾਹਤ ਮਿਲਣ ਵਾਲੀ ਨਹੀਂ ਹੈ। ਅੱਜ ਮੌਸਮ ਵਿਗਿਆਨੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਮੀਂਹ ਪੈਣ ਤੋਂ ਬਾਅਦ ਹੀ ਹਵਾ ਪ੍ਰਦੂਸ਼ਣ ਵਿੱਚ ਮਾਮੂਲੀ ਰਾਹਤ ਮਿਲ ਸਕਦੀ ਹੈ, ਪਰ ਹਾਲੇ 4-5 ਦਿਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜਦੋਂਕਿ ਘੱਟ ਤੋਂ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।