For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਬਣ ਕੇ ਵੀ ਸਾਈਕਲ ’ਤੇ ਰਹੇ ਮਾਸਟਰ ਭਗਤ ਰਾਮ

07:59 AM May 08, 2024 IST
ਸੰਸਦ ਮੈਂਬਰ ਬਣ ਕੇ ਵੀ ਸਾਈਕਲ ’ਤੇ ਰਹੇ ਮਾਸਟਰ ਭਗਤ ਰਾਮ
Advertisement

ਸਰਬਜੀਤ ਗਿੱਲ
ਫਿਲੌਰ, 7 ਮਈ
ਲੋਕ ਸਭਾ ਹਲਕਾ ਫਿਲੌਰ ਤੋਂ ਸੀਪੀਆਈ (ਐੱਮ) ਵੱਲੋਂ 1977 ’ਚ ਮਾਸਟਰ ਭਗਤ ਰਾਮ ਸੰਸਦ ਮੈਂਬਰ ਬਣੇ ਸਨ ਜੋ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਸਾਈਕਲ ਚਲਾਉਂਦੇ ਰਹੇ। ਸਰਕਾਰ ਵੱਲੋਂ ਅਤਿਵਾਦ ਵੇਲੇ ਸਾਲ 1987 ਉਨ੍ਹਾਂ ਨੂੰ ਇੱਕ ਗੰਨਮੈਨ ਦਿੱਤਾ ਗਿਆ ਤੇ ਉਹ ਵੀ ਸਾਈਕਲ ਦੇ ਪਿੱਛੇ ਬੈਠ ਕੇ ਹੀ ਉਨ੍ਹਾਂ ਦੀ ਰਾਖੀ ਕਰਦਾ ਰਿਹਾ। ਉਪਰੰਤ ਉਨ੍ਹਾਂ ਨੂੰ ਸਾਲ 1991-92 ਵਿੱਚ ਸੀਆਰਪੀਐੱਫ ਤੇ ਪੰਜਾਬ ਪੁਲੀਸ ਦੀ ਸੁਰੱਖਿਆ ਦਿੱਤੀ ਗਈ। ਤਹਿਸੀਲ ਫਿਲੌਰ ਦੇ ਪਿੰਡ ਭਾਰਦਵਾਜੀਆਂ ਦੇ ਮਾਸਟਰ ਭਗਤ ਰਾਮ ਅੱਜ-ਕੱਲ੍ਹ ਆਪਣੀ ਧੀ ਕੋਲ ਕੈਨੇਡਾ ਰਹਿੰਦੇ ਹਨ। ਐੱਮਪੀ ਬਣਨ ’ਤੇ ਵੀ ਉਹ ਬੱਸਾਂ ਤੇ ਰੇਲ ਗੱਡੀਆਂ ’ਚ ਸਫ਼ਰ ਕਰਕੇ ਘਰ ਸਾਈਕਲ ’ਤੇ ਹੀ ਜਾਂਦੇ ਸਨ। ਭਗਤ ਰਾਮ ਦੱਸਦੇ ਹਨ ਕਿ ਉਨ੍ਹਾਂ ਧਾਰਾ 310 ਅਤੇ 311 (2ਸੀ) ਹਟਾਉਣ ਲਈ ਮੁਲਾਜ਼ਮਾਂ ਦੇ ਹੱਕ ’ਚ ਇੱਕ ਪ੍ਰਾਈਵੇਟ ਬਿੱਲ ਪੇਸ਼ ਕੀਤਾ ਸੀ ਪਰ ਉਹ ਪਾਸ ਨਾ ਹੋ ਸਕਿਆ। ਜਲੰਧਰ ਪਾਸਪੋਰਟ ਦਫ਼ਤਰ ਬਾਰੇ ਉਨ੍ਹਾਂ ਦੱਸਿਆ ਕਿ ਇਹ ਦਫ਼ਤਰ ਚਾਹੇ ਅਗਲੀ ਸਰਕਾਰ ਵੇਲੇ ਹੀ ਬਣਿਆ ਪਰ ਸਿਧਾਂਤਕ ਤੌਰ ’ਤੇ ਉਨ੍ਹਾਂ ਦੇ ਯਤਨਾਂ ਨਾਲ ਪਾਸ ਹੋ ਗਿਆ ਸੀ। ਉਨ੍ਹਾਂ ਸੰਸਦ ’ਚ ਦੱਸਿਆ ਸੀ ਕਿ ਪਹਿਲੀ ਫਰਵਰੀ 1977 ਤੋਂ 30 ਜੂਨ 1977 ਤੱਕ ਦੇਸ਼ ’ਚ 61,265 ਪਾਸਪੋਰਟ ਬਣੇ ਜਿਸ ’ਚੋਂ 56,260 ਪੰਜਾਬ ਦੇ ਸਨ ਅਤੇ ਇਸ ’ਚੋਂ 37,893 ਦੋਆਬਾ ਵਾਸੀਆਂ ਦੇ ਸਨ ਜਿਸ ਆਧਾਰ ’ਤੇ ਪਾਸਪੋਰਟ ਦਫ਼ਤਰ ਜਲੰਧਰ ’ਚ ਬਣਿਆ। ਉਨ੍ਹਾਂ ਦੱਸਿਆ ਕਿ ਉਸ ਵੇਲੇ ਐੱਮਪੀ ਵਲੋਂ ਪਾਸਪੋਰਟ ਦੀ ਤਸਦੀਕ ਕੀਤੀ ਜਾਂਦੀ ਸੀ ਜਿਸ ਲਈ ਉਹ ਵੱਖ-ਵੱਖ ਥਾਵਾਂ ’ਤੇ ਜਾ ਕੇ ਪਾਸਪੋਰਟ ਤਸਦੀਕ ਕਰਦੇ ਹੁੰਦੇ ਸਨ। ਉਨ੍ਹਾਂ ਢਾਈ ਸਾਲ ਦੇ ਅਰਸੇ ਦੌਰਾਨ ਸੰਸਦ ’ਚ 266 ਸਵਾਲ ਪੁੱਛੇ। ਉਨ੍ਹਾਂ ਏਅਰਪੋਰਟ ’ਤੇ ਰੈੱਡ-ਗਰੀਨ ਚੈਨਲ, ਗੁਰਾਇਆ-ਫਗਵਾੜਾ ਦੀ ਬਾਲ ਬੇਰਿੰਗ ਸਨਅਤ ਬਾਰੇ ਕਈ ਯਤਨ ਕੀਤੇ। ਪੈਨਸ਼ਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਤੌਰ ਅਧਿਆਪਕ ਕੋਈ ਪੈਨਸ਼ਨ ਨਹੀਂ ਮਿਲੀ ਅਤੇ ਬਤੌਰ ਐੱਮਪੀ ਵਾਲੀ ਪੈਨਸ਼ਨ ਵੀ ਦੇਰ ਮਗਰੋਂ ਹੀ ਮਿਲਣ ਲੱਗੀ ਹੈ। ਮਾਸਟਰ ਭਗਤ ਰਾਮ ਨੇ ਸਾਰਾ ਜੀਵਨ ਤੰਗੀਆਂ ਤੁਰਸ਼ੀਆਂ ਨਾਲ ਹੀ ਗੁਜ਼ਾਰਿਆ। ਉਨ੍ਹਾਂ ਆਪਣਾ ਜੀਵਨ ਮਜ਼ਦੂਰਾਂ ਨੂੰ ਜਥੇਬੰਦ ਕਰਦਿਆਂ ਹੀ ਲੰਘਾਇਆ। ਉਹ ਕੈਨੇਡਾ ਵਿਚ ਹਾਲੇ ਵੀ ਖੱਬੇ ਪੱਖੀਆਂ ਨਾਲ ਹੀ ਜੁੜੇ ਹੋਏ ਹਨ।

Advertisement

Advertisement
Author Image

joginder kumar

View all posts

Advertisement
Advertisement
×