ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋ ਸਾਲਾਂ ਬਾਅਦ ਵੀ ਨਿਆਂ ਲਈ ਲੜ ਰਿਹੈ ਪਿਤਾ
ਜੁਪਿੰਦਰਜੀਤ ਸਿੰਘ/ਸੁਖਮੀਤ ਸਿੰਘ
ਚੰਡੀਗੜ੍ਹ, 28 ਮਈ
ਲੋਕ ਸਭਾ ਚੋਣਾਂ ’ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਸਮਰਥਨ ਮੰਗਣ ਆਏ ਇੱਕ ਕਾਂਗਰਸੀ ਉਮੀਦਵਾਰ ਨੂੰ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਪੁੱਤਰ ਦੇ ਕਤਲ ਸਬੰਧੀ ਅਣਸੁਲਝੇ ਨੌ ਸਵਾਲਾਂ ਵਾਲਾ ਦੋ ਸਫ਼ਿਆਂ ਦਾ ਪੱਤਰ ਸੌਂਪਿਆ ਹੈ। ਇਸ ਪੱਤਰ ’ਚ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਦੇ ਮਾਮਲੇ ’ਚ ਨਿਆਂ ਲਈ ਕਾਂਗਰਸੀ ਉਮੀਦਵਾਰ ਨੂੰ ਸੰਸਦ ’ਚ ਆਵਾਜ਼ ਚੁੱਕਣ ਦਾ ਵਾਅਦਾ ਕਰਨ ਦੀ ਮੰਗ ਕੀਤੀ ਹੈ। ਪੰਜਾਬ ’ਚ ਪਹਿਲੀ ਜੂਨ ਨੂੰ ਹੋਣ ਵਾਲੀ ਚੋਣ ਸਬੰਧੀ ਪ੍ਰਚਾਰ ਮੁਹਿੰਮ ਵਜੋਂ ਉਹ ਇਹ ਖਰੜਾ ਸਾਰੇ ਉਮੀਦਵਾਰਾਂ ਨੂੰ ਸੌਂਪ ਰਹੇ ਹਨ। ਜ਼ਿਕਰਯੋਗ ਹੈ ਕਿ ਭਲਕੇ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਹੈ ।
ਬਲਕੌਰ ਸਿੰਘ ਨੇ ਪੰਜਾਬ ਵਿੱਚ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰਾਂ ਖ਼ਿਲਾਫ਼ ਵੋਟ ਪਾ ਕੇ ਉਨ੍ਹਾਂ ਨੂੰ ਸ਼ਿਕਸਤ ਦਿੱਤੀ ਜਾਵੇ। ਬਲਕੌਰ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ, ‘‘ਇਨ੍ਹਾਂ ਚੋਣਾਂ ’ਚ ਮੇਰਾ ਪੂਰਾ ਧਿਆਨ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਚੁੱਕਣ ’ਚ ਲੱਗਿਆ ਹੋਇਆ ਹੈ। ਕਿਸੇ ਵੀ ਸਿਆਸੀ ਪਾਰਟੀ ਨੇ ਇਸ ਮੁੱਦੇ ਨੂੰ ਚੋਣ ਮੁੱਦਾ ਨਹੀਂ ਬਣਾਇਆ ਹੈ। ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਉਮੀਦਵਾਰਾਂ ਤੋਂ ਇਹ ਅਹਿਦ ਲਵਾਂ ਕਿ ਉਹ ਮੇਰੇ ਪੁੱਤਰ ਦੇ ਕਤਲ ਮਾਮਲੇ ’ਚ ਚੋਣਾਂ ਜਿੱਤਣ ਬਾਅਦ ਕੀ
ਕਦਮ ਚੁੱਕਣਗੇ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੀ ਬਰਸੀ ਸਾਦੇ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਦੱਸ ਕੇ ਜਿਥੇ ਇਕ ਪਾਸੇ ਆਪਣੀ ਜਾਂਚ ਖਤਮ ਕਰ ਦਿੱਤੀ ਹੈ ਉਥੇ ਹੀ ਗਾਇਕ ਦੇ ਪਰਿਵਾਰ ਦਾ ਮੰਨਣਾ ਹੈ ਕਿ ਬਿਸ਼ਨੋਈ ਸਿਰਫ ਇਕ ਮੋਹਰਾ ਹੈ ਜਦਕਿ ਕਤਲ ਦੀ ਸਾਜ਼ਿਸ਼ ਪਿੱਛੇ ਅਸਲ ’ਚ ਕੋਈ ਹੋਰ ਹੈ। ਕਤਲ ਮਾਮਲੇ ’ਚ ਇੱਕ ਹੋਰ ਸਾਜ਼ਿਸ਼ਘਾੜਾ ਗੋਲਡੀ ਬਰਾੜ ਕੈਨੇਡਾ ਜਾਂ ਅਮਰੀਕਾ ’ਚ ਲੁਕਿਆ ਹੋਇਆ ਹੈ
ਬਲਕੌਰ ਸਿੰਘ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਅਸਰ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ 23 ਜੂਨ 2022 ਨੂੰ ਹੋਈ ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਹਾਰ ਪਿੱਛੇ ਕਤਲ ਪ੍ਰਤੀ ਲੋਕਾਂ ਦਾ ਗੁੱਸਾ ਵੀ ਇਕ ਕਾਰਨ ਸੀ।
ਸਿੱਧੂ ਮੂਸੇਵਾਲਾ ਦੀ ਬਰਸੀ ਸਾਦੇ ਢੰਗ ਨਾਲ ਮਨਾਉਣ ਦਾ ਫ਼ੈਸਲਾ
ਮਾਨਸਾ (ਜੋਗਿੰਦਰ ਸਿੰਘ ਮਾਨ): ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਭਲਕੇ ਬੁੱਧਵਾਰ ਨੂੰ ਮਰਹੂਮ ਪੰਜਾਬੀ ਗਾਇਕ ਦੀ ਦੂਜੀ ਬਰਸੀ ਪਿੰਡ ਮੂਸਾ ਵਿੱਚ ਸਾਦੇ ਢੰਗ ਨਾਲ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਜਾਣਗੇ। ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਮਾਗਮ ਸਿਰਫ਼ ਪਰਿਵਾਰ ਤੱਕ ਹੀ ਸੀਮਤ ਰਹੇਗਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਚੋਣਾਂ ਵਿੱਚ ਰੁਝਿਆ ਹੋਇਆ ਹੈ ਅਤੇ ਗਰਮੀ ਵੀ ਜ਼ਿਆਦਾ ਹੈ। ਇਸ ਲਈ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਮਿਲਣ ਤੱਕ ਇਨਸਾਫ਼ ਲਈ ਲੜਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਭਾਰੀ ਇਕੱਠ ਹੋਇਆ ਸੀ ਅਤੇ ਭੀੜ ਨੂੰ ਸੰਭਾਲਣਾ ਪੁਲੀਸ ਲਈ ਚੁਣੌਤੀ ਬਣ ਗਈ ਸੀ।