ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੱਚੀ ਸਾਲ ਮਗਰੋਂ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ ਜ਼ੀਰਕਪੁਰ

08:50 AM Apr 17, 2024 IST
ਜ਼ੀਰਕਪੁਰ ਵਿੱਚ ਲੱਗੇ ਜਾਮ ਦੀ ਤਸਵੀਰ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 16 ਅਪਰੈਲ
ਲੋਕ ਸਭਾ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ ’ਤੇ ਜ਼ੀਰਕਪੁਰ ਸ਼ਹਿਰ ਵਿੱਚ ਸਿਆਸੀ ਆਗੂ ਵੱਡੇ-ਵੱਡੇ ਵਿਕਾਸ ਦੇ ਸੁਫਨੇ ਵੇਚਣ ਦੇ ਲਈ ਗੇੜੇ ਮਾਰਨ ਲੱਗ ਗਏ ਹਨ ਪਰ 25 ਸਾਲਾ ਦੇ ਇਤਿਹਾਸ ਵਿੱਚ ਸ਼ਹਿਰ ਵਾਸੀ ਵਿਕਾਸ ਦੀ ਰਾਹ ਹੀ ਦੇਖ ਰਹੇ ਹਨ। ਇੱਥੇ ਹਰੇਕ ਚੋਣਾਂ ਦੌਰਾਨ ਸਿਆਸੀ ਆਗੂ ਵੱਡੇ-ਵੱਡੇ ਵਾਅਦੇ ਕਰ ਕੇ ਗਾਇਬ ਹੋ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਨਾਲ ਜੁੜੇ ਇਕ ਛੋਟੇ ਜਿਹੇ ਪਿੰਡ ਜ਼ੀਰਕਪੁਰ ਨੂੰ 1999 ਵਿੱਚ ਨਗਰ ਪੰਚਾਇਤ ਦਾ ਦਰਜਾ ਦਿੱਤਾ ਸੀ। 25 ਸਾਲਾ ਵਿੱਚ ਇਸ ਸ਼ਹਿਰ ਦੀ ਵਸੋਂ ਤਾਂ ਲਗਾਤਾਰ ਵਧਦੀ ਗਈ ਪਰ ਇਥੇ ਸਿੱਖਿਆ, ਸਿਹਤ, ਬੁਨਿਆਦੀ ਢਾਂਚਾ ਸਣੇ ਹੋਰਨਾਂ ਸਹੂਲਤਾਂ ਦੀ ਵੱਡੀ ਘਾਟ ਬਣੀ ਹੋਈ ਹੈ। ਇਸ ਵੇਲੇ ਸ਼ਹਿਰ ਵਿੱਚ ਸਭ ਤੋਂ ਵੱਡੀ ਸਮੱਸਿਆ ਜਾਮ ਦੀ ਬਣੀ ਹੋਈ ਹੈ। ਇਥੋਂ ਲੰਘਣ ਵਾਲੀ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ ਪਟਿਆਲਾ ਅਤੇ ਜ਼ੀਰਕਪੁਰ ਪੰਚਕੂਲਾ ਸੜਕ ’ਤੇ ਹਰ ਵੇਲੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ਨੂੰ ਚਹੁੰ ਮਾਰਗੀ ਕਰਨ ਦੌਰਾਨ ਇੱਥੇ ਫਲਾਈਓਵਰ ਦੀ ਉਸਾਰੀ ਕਰਨ ਦੌਰਾਨ ਵੱਡੀ ਲਾਪ੍ਰਵਾਹੀ ਵਰਤੀ ਗਈ। ਸਿੱਟੇ ਵਜੋਂ ਪਟਿਆਲਾ ਅਤੇ ਕਾਲਕਾ ਚੌਕ ’ਤੇ ਹਰ ਵੇਲੇ ਭਾਰੀ ਜਾਮ ਰਹਿੰਦਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਮੈਕ ਡੌਨਲਡ ਅਤੇ ਸਿੰਘਪੁਰਾ ਚੌਕ ’ਤੇ ਉਸਾਰੇ ਜਾ ਦੋ ਫਲਾਈਓਵਰਾਂ ਨਾਲ ਵੀ ਇਨ੍ਹਾਂ ਦੋਵਾਂ ਚੌਕਾਂ ’ਤੇ ਜਾਮ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਣਾ। ਇਥੇ ਮੀਂਹ ਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਬਣੀ ਹੋਈ ਹੈ। ਹਰੇਕ ਮੀਂਹ ਦੌਰਾਨ ਸ਼ਹਿਰ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ। ਇਥੇ ਪਾਰਕਿੰਗ ਵੀ ਵੱਡੀ ਸਮੱਸਿਆ ਹੈ। ਇਥੇ ਨਿਯਮਾਂ ਨੂੰ ਛਿੱਕੇ ਟੰਗ ਕੇ ਲਗਾਤਾਰ ਕਮਰਸ਼ੀਅਲ ਅਤੇ ਰਿਹਾਇਸ਼ੀ ਬਹੁੰ ਮੰਜ਼ਲੀ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ ਪਰ ਵਾਹਨਾਂ ਦੇ ਖੜ੍ਹੇ ਕਰਨ ਲਈ ਢੁੱਕਵੇਂ ਪ੍ਰਬੰਧ ਨਾ ਕਰਨ ਕਾਰਨ ਇਥੇ ਹਰੇਕ ਪਾਸੇ ਪਾਰਕਿੰਗ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਜੋ ਭਵਿੱਖ ਵਿੱਚ ਖ਼ਤਰਨਾਕ ਰੂਪ ਅਖ਼ਤਿਆਰ ਕਰ ਰਹੀ ਹੈ। ਸਿਹਤ ਸਹੂਲਤਾਂ ਪਖੋਂ ਸ਼ਹਿਰ ਕਾਫੀ ਪਛੜਿਆ ਹੋਇਆ ਹੈ। ਇਥੇ ਸਿਰਫ਼ ਇਕ ਢਕੋਲੀ ਵਿੱਚ ਕਮਿਊਨਿਟੀ ਹੈਲਥ ਸੈਂਟਰ ਹੈ ਜਿਥੇ ਕੋਈ ਐਮਰਜੈਂਸੀ ਸੇਵਾਵਾਂ ਨਹੀਂ ਹਨ। ਸਿਹਤ ਪਖੋਂ ਸ਼ਹਿਰ ਵਾਸੀਆਂ ਨੂੰ ਨਾਲ ਦੇ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਵਰਗੇ ਸ਼ਹਿਰਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਸ਼ਹਿਰ ਵਿੱਚ ਅਪਰਾਧ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ਹਿਰ ਦੀ ਵਸੋਂ ਦੇ ਹਿਸਾਬ ਨਾਲ ਪੰਜ ਪੁਲੀਸ ਸਟੇਸ਼ਨ ਅਤੇ ਪੰਜ ਪੁਲੀਸ ਚੌਕੀਆਂ ਲੋੜੀਂਦਾ ਹਨ ਪਰ ਇਸ ਵੇਲੇ ਇਥੇ ਸਿਰਫ਼ ਦੋ ਪੁਲੀਸ ਸਟੇਸ਼ਨ ਜ਼ੀਰਕਪੁਰ ਅਤੇ ਢਕੋਲੀ ਅਤੇ ਇਕ ਪੁਲੀਸ ਚੌਕੀ ਬਲਟਾਣਾ ਹੈ। ਇਥੇ ਬੱਸ ਸਟੈਂਡ ਦੀ ਉਸਾਰੀ ਫਲਾਈਓਵਰ ਦੇ ਹੇਠਾਂ ਕਰ ਦਿੱਤੀ ਗਈ ਜੋ ਹੁਣ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਸ਼ਹਿਰ ਵਿੱਚ ਸਵਾਰੀਆਂ ਸੜਕਾਂ ਕੰਢੇ ਖੜ੍ਹੇ ਹੋ ਕੇ ਆਪਣੀ ਜਾਨ ਨੂੰ ਜ਼ੋਖ਼ਿਮ ਵਿੱਚ ਪਾ ਕੇ ਬੱਸਾਂ ਫੜਦੇ ਹਨ। ਸ਼ਹਿਰ ਵਿੱਚ ਕੋਈ ਵੀ ਖੇਡ ਮੈਦਾਨ ਨਹੀਂ ਹੈ। ਸ਼ਹਿਰ ਵਿੱਚ ਪਾਰਕਾਂ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਸ਼ਹਿਰ ਵਿੱਚ ਕੋਈ ਵੀ ਆਪਣਾ ਆਡੀਟੋਰੀਅਮ, ਲਾਈਬਰੇਰੀ ਨਹੀਂ ਹੈ।

Advertisement

Advertisement
Advertisement