ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਲੀਹ ’ਤੇ ਨਾ ਆਈ ਜ਼ਿੰਦਗੀ

10:45 AM Oct 11, 2023 IST
ਆਪਣੀਆਂ ਮੁਸ਼ਕਿਲਾਂ ਦੱਸਦੇ ਹੋਏ ਹੜ੍ਹ ਪੀੜਤ ਕਿਸਾਨ।

ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਅਕਤੂਬਰ
ਤਿੰਨ ਮਹੀਨੇ ਪਹਿਲਾਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਕਾਰਨ ਆਏ ਹੜ੍ਹ ਨਾਲ ਮਚੀ ਤਬਾਹੀ ਤੋਂ ਬਾਅਦ ਵੀ ਲੋਕਾਂ ਦਾ ਜੀਵਨ ਲੀਹ ’ਤੇ ਨਹੀਂ ਆ ਰਿਹਾ। ਹੜ੍ਹ ਕਾਰਨ ਕਿਸਾਨਾਂ ਦੀ ਝੋਨੇ ਦੀ ਇੱਕ ਫਸਲ ਮਰ ਗਈ ਹੈ ਤੇ ਦੂਜੀ ਫਸਲ ਕਣਕ ਬੀਜਣ ਦੀ ਉਮੀਦ ਨਹੀਂ ਹੈ ਕਿਉਂਕਿ ਦਰਿਆ ਦੇ ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਸਿਲਟ ਜੰਮ ਗਈ ਹੈ ਤੇ ਬੰਨ੍ਹ ਦੇ ਬਾਹਰ ਅਜੇ ਵੀ ਦਰਜਨ ਭਰ ਪਿੰਡਾਂ ਵਿੱਚ ਪਾਣੀ ਖੜ੍ਹਾ ਹੋਣ ਕਰ ਕੇ ਕਣਕ ਬੀਜਣ ਦੀ ਉਮੀਦ ਬੜੀ ਘੱਟ ਹੈ।
ਹੜ੍ਹ ਦੀ ਲੋਹੀਆ ਇਲਾਕੇ ਵਿੱਚ ਸਭ ਤੋਂ ਵੱਧ ਮਾਰ ਪਈ ਸੀ। ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਗੱਟਾ ਮੁੰਡੀ ਕਾਸੂ ਪਿੰਡ ਕੋਲ 10 ਤੇ 11 ਜੁਲਾਈ ਦੀ ਦਰਮਿਆਨੀ ਰਾਤ ਨੂੰ ਟੁੱਟਿਆ ਸੀ। ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹੜ੍ਹ ਪ੍ਰਭਾਵਿਤ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਅੱਗੇ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ। ਧੁੱਸੀ ਬੰਨ੍ਹ ਦੇ ਅੰਦਰ ਵਾਲੀ ਕਿਸਾਨਾਂ ਦੇ ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਸਿਲਟ ਜੰਮ ਗਈ ਹੈ ਜਿਸ ਨੂੰ ਕੱਢਣਾ ਕਿਸਾਨਾਂ ਦੀ ਬੇਵੱਸੀ ਲੱਗ ਰਹੀ ਹੈ। ਬਹੁਤ ਸਾਰੇ ਕਿਸਾਨਾਂ ਨੂੰ ਅਜੇ ਵੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੜ੍ਹ ਨਾਲ ਡਿੱਗੇ ਉਨ੍ਹਾਂ ਦੇ ਮਕਾਨਾਂ ਦੀ ਸਾਰ ਸਰਕਾਰ ਨੇ ਲਈ ਹੈ। ਧੁੱਸੀ ਬੰਨ੍ਹ ਤੋਂ ਬਾਹਰ ਵਾਲੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਅਜੇ ਵੀ ਹੜ੍ਹ ਦਾ ਪਾਣੀ ਖੜ੍ਹਾ ਹੈ। ਇਥੋਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਝੋਨੇ ਦੀ ਫਸਲ ਮਰੀ ਗਈ ਹੈ ਤੇ ਕਣਕ ਬੀਜ ਨਹੀਂ ਹੋਣੀ। ਉਨ੍ਹਾਂ ਨੂੰ ਤਾਂ ਰੋਟੀ ਦੇ ਲਾਲੇ ਪੈ ਜਾਣਗੇ। ਮੰਡਾਲਾ ਛੰਨਾ ਪਿੰਡ ਦੇ ਕਿਸਾਨ ਜੋਗਿੰਦਰ ਸਿੰਘ ਤੇ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਛੋਟੇ ਕਿਸਾਨ ਹਨ ਤੇ ਢਾਈ ਤੋਂ ਤਿੰਨ ਏਕੜ ਜ਼ਮੀਨ ਹੀ ਉਨ੍ਹਾਂ ਕੋਲ ਹੈ। ਝੋਨੇ ਦੀ ਤਬਾਹ ਹੋਈ ਫਸਲ ਦਾ 6800 ਰੁਪਏ ਮੁਆਵਜ਼ਾ ਤਾਂ ਮਿਲ ਗਿਆ ਹੈ ਪਰ ਇਹ ਏਨਾ ਘੱਟ ਹੈ ਕਿ ਝੋਨੇ ਦੀ ਲੁਆਈ ਦੇ ਪੈਸੇ ਵੀ ਨਹੀਂ ਮੁੜੇ ਜਦਕਿ ਝੋਨਾ ਬੀਜਣ ਸਮੇਂ 13 ਤੋਂ 14 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ। ਮੁੰਡੀ ਸ਼ੈਹਰੀਆ ਪਿੰਡ ਦੇ ਕਿਸਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਨਾ ਤਾਂ ਫਸਲ ਦਾ ਮੁਆਵਜਾ ਮਿਲਿਆ ਹੈ ਤੇ ਨਾ ਹੀ ਘਰਾਂ ਵਿੱਚ ਆਈ ਤਰੇੜਾਂ ਦਾ ਕੋਈ ਸਰਵੇ ਹੋਇਆ ਹੈ। ਗੱਟਾ ਮੁੰਡੀ ਕਾਸੂ ਦੀ ਜਸਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨੇੜਿਉਂ ਹੀ ਬੰਨ੍ਹ ਵਿੱਚ ਪਾੜ ਪਿਆ ਸੀ। ਘਰ ਵਿੱਚ 10 ਤੋਂ 11 ਫੁੱਟ ਤੱਕ ਪਾਣੀ ਢਾਈ ਮਹੀਨੇ ਤੱਕ ਖੜ੍ਹਾ ਰਿਹਾ ਸੀ। ਉਹ ਕਿਰਾਏ ’ਤੇ ਮਕਾਨ ਲੈ ਕੇ ਰਹਿੰਦੇ ਰਹੇ ਹਨ ਜਿੱਥੇ ਉਨ੍ਹਾਂ ਨੂੰ 15000 ਰੁਪਏ ਖਰਚਣੇ ਪਏ ਸਨ। ਉਨ੍ਹਾਂ ਦੇ ਘਰ ਵਿੱਚ ਪਸ਼ੂਆਂ ਵਾਲੇ ਸ਼ੈਡ ਦੀ ਛੱਤ ਡਿੱਗ ਪਈ।

Advertisement

Advertisement