ਤਿੰਨ ਦਿਨ ਮਗਰੋਂ ਵੀ ਨਾ ਨਿਕਲੀ ਜ਼ਖਮੀ ਡਰਾਈਵਰ ਦੇ ਮੋਢੇ ਵਿਚੋਂ ਗੋਲੀ
ਖੇਤਰੀ ਪ੍ਰਤੀਨਿਧ
ਪਟਿਆਲਾ, 15 ਅਕਤੂਬਰ
ਹਰਿਆਣਾ ਦੇ ਪਿੰਡ ਕਕਰਾਲੀ ਦੇ ਵਸਨੀਕ ਮਸਤਾਨ ਸਿੰਘ ਨਾਮ ਦੇ ਟਰੱਕ ਡਰਾਈਵਰ ਦੇ ਪਿਛਲੇ ਦਿਨੀ ਮੋਢੇ ’ਚ ਲੱਗੀ ਗੋਲੀ ਤਿੰਨ ਦਿਨਾਂ ਮਗਰੋਂ ਵੀ ਕੱਢੀ ਜਾ ਸਕੀ। ਇਸ ਦੇ ਚੱਲਦਿਆਂ ਅੱਜ ਚੌਥੇ ਦਿਨ ਉਸ ਨੂੰ ਇਥੋਂ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਵਿਰੋਧ ਕਰਦਿਆਂ ਹਸਪਤਾਲ ਪ੍ਰਸ਼ਾਸਨ ਦੀ ਨਿਖੇਧੀ ਵੀ ਕੀਤੀ। ਜ਼ਿਕਰਯੋਗ ਹੈ ਕਿ ਪਟਿਆਲਾ ਚੀਕਾ ਰੋਡ ’ਤੇ ਸਥਿਤ ਪਿੰਡ ਰਾਮਨਗਰ ਵਿੱਚ ਜਦੋਂ ਦੋ ਗੁੱਟਾਂ ਦਰਮਿਆਨ ਲੜਾਈ ਚੱਲ ਰਹੀ ਸੀ, ਤਾਂ ਹਰਿਆਣਾ ਵਾਲੇ ਪਾਸੇ ਤੋਂ ਆ ਰਹੇ ਮਸਤਾਨ ਸਿੰਘ ਦੇ ਇੱਕ ਮੋਢੇ ’ਚ ਗੋਲੀ ਲੱਗ ਗਈ ਸੀ। ਇਸ ਕਰਕੇ ਉਸ ਨੂੰ ਉਸੇ ਵਕਤ ਹੀ ਸਰਕਾਰੀ ਰਾਜਿੰਦਰਾ ਹਸਪਾਤਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਸੇ ਦਿਨ ਤੋਂ ਉਸ ਦੇ ਸਰੀਰ ਵਿਚੋਂ ਇਹ ਗੋਲ਼ੀ ਨਾ ਕੱਢੀ ਜਾ ਸਕੀ। ਡਾਕਟਰਾਂ ਦਾ ਕਹਿਣਾ ਸੀ ਕਿ ਇਹ ਗੋਲ਼ੀ ਅੰਦਰ ਹੀ ਰਹਿਣ ਦਾ ਕੋਈ ਨੁਕਸਾਨ ਤਾਂ ਹੈ ਨਹੀਂ, ਜਦਕਿ ਇਸ ਨੂੰ ਕੱਢਣ ’ਤੇ ਮਸਤਾਨ ਸਿੰਘ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਧਰ ਅੱਜ ਉਸ ਨੂੰ ਇਥੋਂ ਪੀਜੀਆਈ ਲਈ ਰੈਫਰ ਕਰ ਦਿਤਾ। ਜਿਸ ਦਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ।