ਅੰਮ੍ਰਿਤ ਸਕੀਮ ਤਹਿਤ ਕਰੋੜਾਂ ਖਰਚਣ ਮਗਰੋਂ ਵੀ ‘ਅੰਮ੍ਰਿਤ’ ਨੂੰ ਤਰਸੇ ਮੁਕਤਸਰ ਵਾਸੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 29 ਨਵੰਬਰ
ਜ਼ਿਲ੍ਹਾ ਸਦਰ ਮੁਕਾਮ ਹੋਣ ਦੇ ਬਾਵਜੂਦ ਮੁਕਤਸਰ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ| ਸਰਦੀ ਹੋਣ ਕਾਰਨ ਪਾਣੀ ਦੀ ਖਪਤ ਬਹੁਤ ਘੱਟ ਹੈ ਪਰ ਇਸ ਦੇ ਬਾਵਜੂਦ ਪਿਛਲੇ ਦੋ ਹਫ਼ਤਿਆਂ ਤੋਂ ਪਾਣੀ ਦੀ ਸਪਲਾਈ ਬਿਲਕੁਲ ਠੱਪ ਹੈ| ਲੋਕ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹਨ| ਹਾਲਾਂਕਿ ਭਾਰਤ ਸਰਕਾਰ ਨੇ ‘ਅੰਮ੍ਰਿਤ’ ਪ੍ਰਾਜੈਕਟ ਅਧੀਨ ਸਰਹਿੰਦ ਫੀਡਰ ਨਹਿਰ ’ਚੋਂ ਜਲਘਰ ਤੱਕ ਪਾਣੀ ਪੁੱਜਦਾ ਕਰਨ ਲਈ 31 ਕਰੋੜ ਰੁਪਏ ਖਰਚ ਕੀਤੇ ਹਨ| ਸਰਹਿੰਦ ਫੀਡਰ ਤੋਂ ਮੁੱਖ ਜਲਘਰ ਮੁਕਤਸਰ ਤੱਕ ਦੀ ਦੂਰੀ 9.1 ਕਿਲੋਮੀਟਰ ਹੈ| ਇਸ ਪ੍ਰਾਜੈਕਟ ਦਾ ਕੰਮ 20 ਫਰਵਰੀ 2022 ਨੂੰ ਪੂਰਾ ਹੋ ਚੁੱਕਿਆ ਹੈ| ਇਸ ਤੋਂ ਬਿਨਾਂ ਵਾਟਰ ਵਰਕਸ ਨੂੰ ਅਪਗ੍ਰੇਡ ਕਰਨ ਲਈ 5 ਕਰੋੜ ਰੁਪਏ ਖਰਚ ਕੇ ਨਵਾਂ ਵਾਟਰ ਟਰੀਟਮੈਂਟ ਪਲਾਂਟ ਵੀ ਬਣਾਇਆ ਹੈ ਪਰ ਅਜੇ ਤੱਕ ਸਰਹਿੰਦ ਫੀਡਰ ’ਤੇ ਮੋਘਾ ਨਾ ਲੱਗਣ ਕਰ ਕੇ ਪਾਣੀ ਦੀ ਸਪਲਾਈ ਚਾਲੂ ਨਹੀਂ ਹੋ ਸਕੀ| ਸੂਤਰਾਂ ਅਨੁਸਾਰ ਸਿੰਜਾਈ ਵਿਭਾਗ ਵੱਲੋਂ ਮੋਘੇ ਦਾ ਡਿਜ਼ਾਇਨ ਪਾਸ ਕਰ ਕੇ ਜਲ ਸਪਲਾਈ ਵਿਭਾਗ ਨੂੰ ਰਕਮ ਜਮ੍ਹਾਂ ਕਰਾਉਣ ਲਈ ਭੇਜਿਆ ਹੋਇਆ ਹੈ ਪਰ ਵਿਭਾਗਾਂ ਦਾ ਆਪਸੀ ਤਾਲ-ਮੇਲ ਨਾਲ ਹੋਣ ਕਰ ਕੇ ਕੰਮ ਮੋਘਾ ਨਹੀਂ ਲੱਗ ਸਕਿਆ| ‘ਨੈਸ਼ਨਲ ਕੰਜ਼ਿਊਮਰ ਅਵੈਅਰਨੈੱਸ ਗਰੁੱਪ’ ਦੇ ਪ੍ਰਧਾਨ ਸ਼ਾਮ ਲਾਲ ਗੋਇਲ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਕਾਲਾ ਸਿੰਘ ਬੇਦੀ, ਸੁਭਾਸ਼ ਕੁਮਾਰ ਚਗਤੀ ਅਤੇ ਭੰਵਰ ਲਾਲ ਨੇ ਮੋਘਾ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ| ਇਸ ਦੌਰਾਨ ਨਹਿਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲ ਸਪਲਾਈ ਵਾਸਤੇ ਇਕ ਆਰਜ਼ੀ ਮੋਘਾ ਦਿੱਤਾ ਗਿਆ ਹੈ ਤਾਂ ਜੋ ਸਪਲਾਈ ਚਾਲੂ ਹੋ ਸਕੇ|