ਪੰਜ ਸਾਲ ਬਾਅਦ ਵੀ ਕੇਂਦਰ ’ਚ ਐੱਨਡੀਏ ਹੀ ਸਰਕਾਰ ਬਣਾਏਗੀ: ਸ਼ਾਹ
ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਦੀ ਸਰਕਾਰ ਦੇ ਕਾਰਜਕਾਲ ਪੂਰਾ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਪੰਜ ਸਾਲ ਬਾਅਦ 2029 ’ਚ ਵੀ ਕੇਂਦਰ ’ਚ ਐੱਨਡੀਏ ਦੀ ਹੀ ਸਰਕਾਰ ਬਣੇਗੀ। ਸ਼ਾਹ ਨੇ ਅੱਜ ਮਨੀਮਾਜਰਾ ’ਚ 24 ਘੰਟੇ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੀ ਮੌਜੂਦ ਸਨ।
ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਵਿਰੋਧੀ ਧਿਰ ਜੋ ਮਰਜ਼ੀ ਆਖੇ ਪਰ ਦੇਸ਼ ਦੀ 130 ਕਰੋੜ ਜਨਤਾ ਨੇ ਮੋਦੀ ਦੇ ਕੰਮਾਂ ’ਤੇ ਆਪਣੀ ਮੁਹਰ ਲਗਾ ਦਿੱਤੀ ਹੈ। ਸਾਲ 2029 ਵਿੱਚ ਵੀ ਕੇਂਦਰ ਵਿੱਚ ਐੱਨਡੀਏ ਦੀ ਹੀ ਸਰਕਾਰ ਬਣੇਗੀ ਅਤੇ ਸਿਰਫ਼ ਮੋਦੀ ਹੀ ਸੱਤਾ ’ਚ ਆਉਣਗੇ।’’ ਭਾਜਪਾ ਆਗੂ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਪਿਛਲੀਆਂ ਤਿੰਨ ਚੋਣਾਂ ਵਿੱਚ ਕਾਂਗਰਸ ਨੇ ਜਿੰਨੀਆਂ ਸੀਟਾਂ ਜਿੱਤੀਆਂ ਸਨ, ਉਸ ਤੋਂ ਵੱਧ ਭਾਜਪਾ ਨੇ ਇਸ ਚੋਣ ਵਿੱਚ ਸੀਟਾਂ ਹਾਸਲ ਕੀਤੀਆਂ ਹਨ। ‘ਦੇਸ਼ ਵਿੱਚ ਅਸਥਿਰਤਾ ਫੈਲਾਉਣ ਵਾਲੇ ਲੋਕ ਵਾਰ-ਵਾਰ ਕਹਿੰਦੇ ਹਨ ਕਿ ਇਹ ਸਰਕਾਰ ਕੰਮ ਕਰਨ ਵਾਲੀ ਨਹੀਂ ਹੈ ਪਰ ਮੈਂ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ ਨਾ ਸਿਰਫ਼ ਆਪਣਾ ਕਾਰਜਕਾਲ ਪੂਰਾ ਕਰੇਗੀ ਸਗੋਂ ਅਗਲੀ ਸਰਕਾਰ ਵੀ ਐੱਨਡੀਏ ਦੀ ਹੀ ਹੋਵੇਗੀ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵਿਰੋਧੀ ਧਿਰ ਵਿੱਚ ਬੈਠਣ ਦੀ ਆਦਤ ਪਾ ਲੈਣੀ ਚਾਹੀਦੀ ਹੈ।
ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਸਕੱਤਰੇਤ ਪੁੱਜੇ ਜਿੱਥੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਲਾਈਵ ਡੈਮੋ ਦੇ ਕੇ ਤਿੰਨ ਨਵੇਂ ਫ਼ੌਜਦਾਰੀ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਤਿੰਨ ਕਾਨੂੰਨਾਂ ਸਬੰਧੀ ਐਪ ਵੀ ਲਾਂਚ ਕੀਤੀ। ਇਸ ਮੌਕੇ ਸ਼ਾਹ ਨੇ ਕਿਹਾ ਕਿ ਦੇਸ਼ ਦੇ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਚੰਡੀਗੜ੍ਹ ਨੇ ਤਿੰਨ ਫ਼ੌਜਦਾਰੀ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਸਭ ਤੋਂ ਤੇਜ਼ੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਚੰਡੀਗੜ੍ਹ ਦੇ ਸਾਰੇ ਥਾਣਿਆਂ ਵਿਚ ਤਿੰਨੋਂ ਕਾਨੂੰਨਾਂ ਤਹਿਤ 100 ਫ਼ੀਸਦੀ ਕੰਮ ਸ਼ੁਰੂ ਹੋ ਜਾਵੇਗਾ, ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਚੰਡੀਗੜ੍ਹ ਆਉਣਗੇ। ਸਮਾਗਮ ਦੌਰਾਨ ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ, ਨਗਰ ਨਿਗਮ ਕਮਿਸ਼ਨਰ ਅਤੇ ਚੰਡੀਗੜ੍ਹ ਸਮਾਰਟ ਸਿਟੀ ਦੀ ਸੀਈਓ ਅਨਿੰਦਿਤਾ ਮਿੱਤਰਾ, ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਨਿਗਮ ਦੇ ਚੀਫ਼ ਇੰਜਨੀਅਰ ਐੱਨਪੀ ਸਿੰਘ ਅਤੇ ਇਲਾਕਾ ਕੌਂਸਲਰ ਸਰਬਜੀਤ ਕੌਰ ਸਮੇਤ ਹੋਰ ਕੌਂਸਲਰ ਤੇ ਅਧਿਕਾਰੀ ਹਾਜ਼ਰ ਸਨ।
‘ਇੰਡੀਆ’ ਗੱਠਜੋੜ ਵੱਲੋਂ ਸਮਾਗਮ ਦਾ ਬਾਈਕਾਟ
ਚੰਡੀਗੜ੍ਹ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ, ਸ਼ਹਿਰ ਦੇ ਮੇਅਰ ਸਣੇ ਹੋਰ ਆਗੂ ਮਨੀਮਾਜਰਾ ’ਚ ਕਰਵਾਏ ਗਏ ਉਦਘਾਟਨੀ ਸਮਾਗਮ ਤੋਂ ਗੈਰਹਾਜ਼ਰ ਰਹੇ। ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਸਮਾਗਮ ਦਾ ਉਨ੍ਹਾਂ ਵਲੋਂ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਲਈ ਭੇਜੇ ਗਏ ਸੱਦਾ ਪੱਤਰਾਂ ’ਤੇ ਉਨ੍ਹਾਂ ਦਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਨਾਂ ਨਹੀਂ ਛਾਪਿਆ ਗਿਆ। ਇਸ ਕਾਰਨ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰ ਸਣੇ ਸਾਰੇ ਕੌਂਸਲਰਾਂ ਨੇ ਇਸ ਸਮਾਗਮ ਦਾ ਬਾਈਕਾਟ ਕੀਤਾ ਹੈ।