ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਨਾ ਮਿਲਿਆ ਵੋਟ ਦਾ ਅਧਿਕਾਰ
ਸ਼ੰਗਾਰਾ ਸਿੰਘ ਅਕਲੀਆ
ਜੋਗਾ, 31 ਜੁਲਾਈ
ਸਰਕਾਰਾਂ ਵੱਲੋਂ ਬੇਸ਼ੱਕ ਆਜ਼ਾਦੀ ਦੇ 77 ਸਾਲ ਬੀਤ ਜਾਣ ਮਗਰੋਂ ਅਨਪੜ੍ਹਤਾ ਨੂੰ ਦੂਰ ਕਰਨ ਲਈ ਸਰਭ ਸਿੱਖਿਆ ਅਭਿਆਨ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚੇ ਜਾ ਚੁੱਕੇ ਹਨ ਪਰ ਇਨ੍ਹਾਂ ਦਾ ਲਾਭ ਅੱਜ ਤੱਕ ਗ਼ਰੀਬਾਂ ਨੂੰ ਸਹੀ ਮਾਅਨਿਆਂ ਵਿੱਚ ਨਹੀਂ ਮਿਲਿਆ ਹੈ। ਜਿਨ੍ਹਾਂ ਕੋਲ ਅੱਜ ਤੱਕ ਆਪਣਾ ਘਰ ਨਹੀਂ ਅਤੇ ਨਾ ਹੀ ਵੋਟ ਪਾਉਣ ਦਾ ਅਧਿਕਾਰ ਹੈ, ਉਨ੍ਹਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਦਾ ਮੇਕ ਇਨ ਇੰਡੀਆ ਦਾ ਨਾਅਰਾ ਬੇਅਸਰ ਹੋਇਆ ਜਾਪਦਾ ਹੈ।
ਜੀਵਨ ਵਿੱਚ ਰੋਟੀ-ਰੋਜ਼ੀ ਦੀ ਭਾਲ ਖ਼ਾਤਰ ਮਨੁੱਖ ਇੱਕ ਥਾਂ ਤੋਂ ਦੂਜੀ ਥਾਂ ਆਪਣਾ ਟਿਕਾਣਾ ਬਦਲਦਾ ਰਹਿੰਦਾ ਹੈ। ਦੂਜੇ ਪਾਸੇ ਪਰ ਕੁਝ ਲੋਕ ਪੇਟ ਦੀ ਭੁੱਖ ਮਿਟਾਉਣ ਲਈ ਮਜਬੂਰੀਵੱਸ ਚੱਲਦੇ-ਫਿਰਦੇ ਆਪਣਾ ਜੀਵਨ ਬਿਤਾਉਂਦੇ ਹਨ। ਕੁਝ ਦਿਨ ਇੱਕ ਥਾਂ ਰੁਕੇ ਅਤੇ ਰੋਟੀ ਦੀ ਭਾਲ ਵਿੱਚ ਅੱਗੇ ਵਧਦੇ ਚਲੇ ਜਾਂਦੇ ਹਨ। ਰੋਟੀ-ਰੋਜ਼ੀ ਖ਼ਾਤਰ ਵੱਖ-ਵੱਖ ਪਿੰਡਾਂ ਵਿੱਚ ਗੱਡਿਆਂ ’ਤੇ ਸਵਾਰ ਹੋ ਕੇ ਅਜਿਹੇ ਪਰਿਵਾਰ ਅਤੇ ਪਸ਼ੂਆਂ ਸਣੇ ਕੁਝ ਦਿਨਾਂ ਦਾ ਟਿਕਾਣਾ ਕਰਦੇ ਹਨ।
ਇਨ੍ਹਾਂ ਪਰਿਵਾਰਾਂ ਨਾਲ ਸਬੰਧਤ ਸੁਰਜੀਤ ਸਿੰਘ ਅਤੇ ਹਰਨੇਕ ਸਿੰਘ ਨੇਕੀ ਨੇ ਦੱਸਿਆ ਕਿ ਉਨ੍ਹਾਂ ਦੇ ਦਰਜਨਾਂ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਸੜਕਾਂ ’ਤੇ ਰੁਲਦੇ ਹੀ ਆਪਣਾ ਜੀਵਨ ਬਤੀਤ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਨਾ ਤਾਂ ਪੱਕਾ ਘਰ ਨਸੀਬ ਹੋਇਆ ਹੈ ਅਤੇ ਨਾ ਹੀ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਵੀ ਪੱਕਾ ਘਰ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਅਤੇ ਬਾਕੀ ਦੀ ਜ਼ਿੰਦਗੀ ਇੱਕ ਜਗ੍ਹਾ ਬੈਠ ਕੇ ਗੁਜ਼ਾਰ ਸਕਣ।