ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਕੱਚੇ ਘਰ ’ਚ ਦਿਨ ਕੱਟ ਰਿਹੈ ਪਰਿਵਾਰ
ਹਰਦੀਪ ਸਿੰਘ
ਫਤਿਹਗੜ੍ਹ ਪੰਜਤੂਰ, 23 ਅਗਸਤ
ਪਿੰਡ ਕਾਦਰ ਵਾਲਾ ਦਾ ਇੱਕ ਅਤਿ-ਗ਼ਰੀਬ ਪਰਿਵਾਰ ਦੇਸ਼ ਦੀ ਆਜ਼ਾਦੀ ਦੇ 74 ਸਾਲ ਬੀਤਣ ਦੇ ਬਾਵਜੂਦ ਰਹਿਣ ਲਈ ਘਰ ਤੋਂ ਵਾਂਝਾ ਹੈ। ਜਾਣਕਾਰੀ ਮੁਤਾਬਕ ਬਖਸ਼ੀਸ਼ ਸਿੰਘ ਖੋਖਰ ਅੱਜ ਵੀ ਕੱਚੀਆਂ ਮਿੱਟੀ ਦੀਆਂ ਕੰਧਾਂ ਅਤੇ ਕਾਨ੍ਹਿਆਂ ਦੀ ਛੱਤ ਨਾਲ ਬਣਾਏ ਇੱਕ ਕਮਰੇ ਵਿੱਚ ਗੁਰਬੱਤ ਭਰੀ ਜ਼ਿੰਦਗੀ ਜੀਅ ਰਿਹਾ ਹੈ। ਸਿਆਸੀ ਪਹੁੰਚ ਤੋਂ ਵਾਂਝੇ ਇਸ ਵਿਅਕਤੀ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦਾ ਲਾਭ ਵੀ ਪ੍ਰਾਪਤ ਨਹੀਂ ਹੋ ਸਕਿਆ ਜਦਕਿ ਪਿੰਡ ਦੇ ਕਈ ਵਿਅਕਤੀ ਇਸ ਸਰਕਾਰੀ ਯੋਜਨਾ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ।
ਹੁਣ ਆਮ ਆਦਮੀ ਪਾਰਟੀ ਨੇ ਇਸ ਵਿਅਕਤੀ ਨੂੰ ਛੱਤ ਮੁਹੱਈਆਂ ਕਰਵਾਉਣ ਦਾ ਬੀੜਾ ਚੁੱਕਿਆ ਹੈ। ਲੰਘੇ ਦਿਨੀਂ ‘ਆਪ’ ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਉਕਤ ਵਿਅਕਤੀ ਦੇ ਘਰ ਦਾ ਦੌਰਾ ਕੀਤਾ ਅਤੇ ਪਰਿਵਾਰ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ‘ਆਪ’ ਆਗੂ ਨੇ ਦੱਸਿਆ ਕਿ ਪੀੜਤ ਵਿਅਕਤੀ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦਾ ਲਾਭ ਲੈਣ ਲਈ ਬਲਾਕ ਪੰਚਾਇਤ ਦਫ਼ਤਰ ਕੋਟ ਈਸੇ ਖਾਂ ਦੇ ਕਈ ਗੇੜੇ ਕੱਢ ਚੁੱਕਾ ਹੈ ਪਰ ਹਰ ਵਾਰ ਉਸਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।
‘ਆਪ’ ਆਗੂ ਗੁਰਪ੍ਰੀਤ ਸਿੰਘ ਕੰਬੋਜ ਮੁਤਾਬਕ ਉਨ੍ਹਾਂ ਖ਼ੁਦ ਬਲਾਕ ਪੰਚਾਇਤ ਅਧਿਕਾਰੀ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਹੈ, ਪਰ ਅਧਿਕਾਰੀ ਦਾ ਤਰਕ ਹੈ ਕਿ ਲੌਕਡਾਊਨ ਕਾਾਰਨ ਉਹ ਕੁਝ ਵੀ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਰਿਵਾਰ ਦੀ ਬਾਂਹ ਨਾ ਫੜੀ ਤਾਂ ਪਾਰਟੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਰਿਵਾਰ ਨੂੰ ਘਰ ਬਣਾ ਕੇ ਦੇਵੇਗੀ।