For the best experience, open
https://m.punjabitribuneonline.com
on your mobile browser.
Advertisement

32 ਵਰ੍ਹਿਆਂ ਬਾਅਦ ਵੀ ਮਾਨਸਾ ਅਜੇ ‘ਅਧੂਰਾ ਜ਼ਿਲ੍ਹਾ’

10:09 AM Apr 13, 2024 IST
32 ਵਰ੍ਹਿਆਂ ਬਾਅਦ ਵੀ ਮਾਨਸਾ ਅਜੇ ‘ਅਧੂਰਾ ਜ਼ਿਲ੍ਹਾ’
ਮਾਨਸਾ ਦੇ ਡੀਸੀ ਦੀ ਲੱਖਾਂ ਰੁਪਏ ਦੀ ਲਾਗਤ ਨਾਲ ਉਸਾਰੀ ਹੋਈ ਕੋਠੀ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਪਰੈਲ
ਭਾਵੇਂ ਇੱਕ ਕਹਾਵਤ ਵਾਂਗ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਪਰ ਜ਼ਿਲ੍ਹਾ ਮਾਨਸਾ ਦੀ 32 ਵਰ੍ਹਿਆਂ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ। 13 ਅਪਰੈਲ 1992 ਨੂੰ ਜ਼ਿਲ੍ਹਾ ਬਠਿੰਡਾ ਵਿੱਚੋਂ ਮਾਨਸਾ ਤਹਿਸੀਲ ਨੂੰ ਕੱਢ ਕੇ ਭਾਵੇਂ ਪੂਰਾ ਜ਼ਿਲ੍ਹਾ ਬਣਾ ਦਿੱਤਾ ਗਿਆ ਅਤੇ ਇਸ ਦੇ ਜਨਮ ਨੂੰ ਅੱਜ 33ਵਾਂ ਸਾਲ ਵੀ ਸ਼ੁਰੂ ਹੋ ਗਿਆ ਹੈ, ਪਰ ਅਜੇ ਤੱਕ ਇੱਥੇ ਜ਼ਿਲ੍ਹੇ ਵਾਲੀਆਂ ਸਹੂਲਤਾਂ ਅਤੇ ਜ਼ਿਲ੍ਹਾ ਪੱਧਰ ਦੇ ਸਾਰੇ ਦਫ਼ਤਰ ਸਥਾਪਤ ਨਹੀਂ ਹੋਏ। ਇੱਥੋਂ ਤੱਕ ਅੱਜ ਤੱਕ ਮਾਨਸਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਲਈ ਕੋਈ ਪੱਕਾ ਪ੍ਰਬੰਧ ਨਹੀਂ ਹੋਇਆ ਤੇ ਉਹ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਰਹਿ ਰਹੇ ਹਨ। ਡੀਸੀ ਲਈ ਜੋ ਕੋਠੀ ਬਣੀ ਸੀ, ਉਸ ਨੂੰ ਅਣ-ਸੁਰੱਖਿਅਤ ਕਰਾਰ ਦੇ ਕੇ ਉੱਥੇ ਕੋਈ ਵੀ ਨਹੀਂ ਰਹਿ ਸਕਿਆ।
ਜ਼ਿਲ੍ਹੇ ਦੇ ਜ਼ਰੂਰੀ ਕੰਮ ਚਲਾਉਣ ਲਈ ਵੀ ਕਈ ਜ਼ਿਲ੍ਹਾ ਪੱਧਰੀ ਅਫ਼ਸਰਾਂ ਦੀਆਂ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ। ਜ਼ਿਲ੍ਹੇ ਵਿਚ ਬਹੁਤ ਸਾਰੇ ਵਿਭਾਗਾਂ ਦੇ ਦਫ਼ਤਰਾਂ ਦੀ ਅਜੇ ਤੱਕ ਵੀ ਉਸਾਰੀ ਨਹੀਂ ਹੋ ਸਕੀ ਅਤੇ ਕਈ ਵਿਭਾਗਾਂ ਦੇ ਵਾਧੂ ਚਾਰਜ ਤਾਂ ਨੇੜਲੇ ਜ਼ਿਲ੍ਹਿਆਂ ਦੇ ਹਮਰੁਤਬਾ ਅਫ਼ਸਰਾਂ ਨੂੰ ਦਿੱਤੇ ਹੋਏ ਹਨ। ਸਿੱਖਿਆ ਖੇਤਰ ਦਾ ਇਹ ਹਾਲ ਹੈ ਕਿ ਅਜੇ ਤੱਕ ਪੂਰੇ ਜ਼ਿਲ੍ਹੇ ਵਿਚ ਕੋਈ ਵੀ ਮੈਡੀਕਲ ਕਾਲਜ, ਇੰਜਨੀਅਰਿੰਗ ਕਾਲਜ, ਮੈਨੇਜਮੈਂਟ ਕਾਲਜ, ਖੇਤੀਬਾੜੀ ਕਾਲਜ, ਵੈਟਰਨਰੀ ਕਾਲਜ, ਸਰਕਾਰੀ ਬੀਐਡ ਕਾਲਜ ਅਤੇ ਸਰਕਾਰੀ ਲੜਕੀਆਂ ਦਾ ਕਾਲਜ ਨਹੀਂ ਹੈ। ਅਜੇ ਵੀ ਜ਼ਿਲ੍ਹੇ ਦੇ 60 ਪਿੰਡਾਂ ਵਿੱਚ ਸਿਰਫ਼ ਪੰਜਵੀਂ ਤੱਕ ਦੀ ਪੜ੍ਹਾਈ ਦਾ ਹੀ ਪ੍ਰਬੰਧ ਹੈ। ਸਿਹਤ ਦੇ ਖੇਤਰ ਦਾ ਹਾਲ ਇਹ ਹੈ ਕਿ ਅਜੇ ਤੱਕ ਜ਼ਿਲ੍ਹੇ ਵਿੱਚ ਕੋਈ ਵੀ ਸੁਪਰਸਪੈਸ਼ਲਟੀ ਹਸਪਤਾਲ, ਕੈਂਸਰ ਹਸਪਤਾਲ, ਸਰਜਰੀ ਸੈਂਟਰ, ਟੈਸਟਿੰਗ ਲੈਬਜ਼ ਅਤੇ ਔਰਤਾਂ ਤੇ ਬੱਚਿਆਂ ਦਾ ਕੋਈ ਵਿਸ਼ੇਸ਼ ਹਸਪਤਾਲ ਨਹੀਂ ਹੈ।
ਉਦਯੋਗਿਕ ਖੇਤਰ ਵਿੱਚ ਪਹਿਲਾਂ ਸਥਾਪਿਤ ਅਨੇਕਾਂ ਕਾਰਖਾਨੇ ਅਤੇ ਮਿੱਲਾਂ ਵੀ ਬੰਦ ਹੋ ਗਈਆਂ ਹਨ। ਇਸ ਸਮੇਂ ਪੂਰੇ ਜ਼ਿਲ੍ਹੇ ਵਿਚ ਬਣਾਂਵਾਲਾ ਤਾਪਘਰ ਤੋਂ ਬਿਨਾਂ ਕੋਈ ਵੀ ਮਾਧਿਆਮ ਜਾਂ ਵੱਡੇ ਦਰਜੇ ਦਾ ਉਦਯੋਗ ਨਹੀਂ ਹੈ। ਖੇਤੀ ਖੇਤਰ ਦਾ ਹਾਲ ਇਹ ਹੈ ਕਿ ਜ਼ਿਲ੍ਹੇ ਲਈ ਪੂਰੇ ਨਹਿਰੀ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ ਅਤੇ ਨਾ ਹੀ ਬਿਜਲੀ ਮੋਟਰਾਂ ਦੇ ਲੋੜੀਂਦੇ ਕੁਨੈਕਸ਼ਨ ਦਿੱਤੇ ਗਏ ਹਨ।

Advertisement

Advertisement
Author Image

joginder kumar

View all posts

Advertisement
Advertisement
×