ਕਣਕ ਦੇ ਬਦਲ ਵਜੋਂ ਦੂਸਰੀਆਂ ਫ਼ਸਲਾਂ ਦਾ ਮੁਲਾਂਕਣ
ਹਰਸਿਮਰਨਜੀਤ ਕੌਰ ਮਾਵੀ/ਰਾਜ ਕੁਮਾਰ*
ਪੰਜਾਬ ’ਚ ਸਾਲ 2021-22 ਦੌਰਾਨ ਕਣਕ ਦਾ 3526 ਹਜ਼ਾਰ ਹੈਕਟੇਅਰ ਰਕਬਾ ਸੀ ਅਤੇ 148.65 ਲੱਖ ਟਨ ਪੈਦਾਵਾਰ ਹੋਈ। ਆਲੂ ਅਤੇ ਮਟਰਾਂ ਹੇਠ ਰਕਬਾ ਕ੍ਰਮਵਾਰ 110 ਤੇ 44 ਹਜ਼ਾਰ ਹੈਕਟੇਅਰ ਰਿਹਾ ਜਿਸ ਤੋਂ 30.50 ਤੇ 4.69 ਲੱਖ ਟਨ ਪੈਦਾਵਾਰ ਹੋਈ। ਹਾੜ੍ਹੀ ਦੀਆਂ ਦੂਜੀਆਂ ਫ਼ਸਲਾਂ ਸਰ੍ਹੋਂ, ਜੌਂਅ, ਛੋਲੇ, ਸੂਰਜਮੁਖੀ ਅਤੇ ਮਸਰ ਦੀ ਕਾਸ਼ਤ ਕ੍ਰਮਵਾਰ 43.9, 5.0, 1.8, 1.3 ਅਤੇ 0.5 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ। ਕਣਕ ਦੀ ਖ਼ਰੀਦ ਸਰਕਾਰੀ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਕੀਤੀ ਜਾਂਦੀ ਹੈ ਜਦੋਂਕਿ ਹਾੜ੍ਹੀ ਦੀਆਂ ਹੋਰ ਫ਼ਸਲਾਂ ਦਾ ਐੱਮਐੱਸਪੀ ਤੈਅ ਹੋਣ ਦੇ ਬਾਵਜੂਦ ਖ਼ਰੀਦ ਏਜੰਸੀਆਂ ਵੱਲੋਂ ਇਨ੍ਹਾਂ ਦੀ ਖ਼ਰੀਦ ਕੀਤੀ ਨਹੀਂ ਜਾਂਦੀ। ਇਸੇ ਕਰ ਕੇ ਕਿਸਾਨ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਤੋਂ ਗੁਰੇਜ਼ ਕਰਦੇ ਹਨ। ਇਸ ਦੇ ਬਾਵਜੂੂਦ ਕੁਝ ਅਜਿਹੇ ਇਲਾਕੇ ਹਨ ਜਿਨ੍ਹਾਂ ਵਿਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਹੋਰ ਫ਼ਸਲਾਂ ਦੀ ਚੋਣ ਕਰਨੀ ਪੈਂਦੀ ਹੈ। ਕੁਝ ਇਲਾਕੇ ਇਹੋ ਜਿਹੇ ਹਨ ਜਿੱਥੇ ਕਣਕ ਦਾ ਝਾੜ ਬਾਕੀ ਪੰਜਾਬ ਦੇ ਔਸਤਨ ਝਾੜ (17.06 ਕੁਇੰਟਲ/ਏਕੜ) ਨਾਲੋਂ ਕਾਫ਼ੀ ਘੱਟ ਆਇਆ ਜਿਵੇਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਰੂਪਨਗਰ, ਹੁਸ਼ਿਆਰਪੁਰ, ਪਠਾਨਕੋਟ, ਐੱਸਏਐੱਸ ਨਗਰ ਅਤੇ ਐੱਸਬੀਐੱਸ ਨਗਰ ਵਿਚ ਕ੍ਰਮਵਾਰ 13.76, 14.61, 14.66, 14.77, 14.99 ਅਤੇ 15.63 ਕੁਇੰਟਲ ਪ੍ਰਤੀ ਏਕੜ ਦਾ ਝਾੜ ਆਇਆ। ਦੂਜੇ ਪਾਸੇ ਫ਼ਰੀਦਕੋਟ (18.54 ਕੁਇੰਟਲ), ਬਰਨਾਲਾ (18.50), ਸ੍ਰੀ ਮੁਕਤਸਰ ਸਾਹਿਬ (18.32), ਮਾਨਸਾ (18.02 ਕੁਇੰਟਲ) ਆਦਿ ਵਿਚ ਝਾੜ ਜਿ਼ਆਦਾ ਰਿਹਾ। ਜਿਨ੍ਹਾਂ ਇਲਾਕਿਆਂ ਵਿਚ ਕਣਕ ਦਾ ਝਾੜ ਘੱਟ ਹੈ, ਉੱਥੇ ਹਾੜ੍ਹੀ ਦੀਆਂ ਦੂਜੀਆਂ ਫ਼ਸਲਾਂ ਦੀ ਕਾਸ਼ਤ ਕਰ ਕੇ ਚੰਗੀ ਆਮਦਨ ਲਈ ਜਾ ਸਕਦੀ ਹੈ। ਰੂਪਨਗਰ, ਐੱਸਏਐੱਸ ਨਗਰ, ਪਟਿਆਲਾ ਆਦਿ ਜ਼ਿਲ੍ਹਿਆਂ ਵਿਚ ਜੌਂਅ ਲਾਹੇਵੰਦ ਹੋ ਸਕਦੇ ਹਨ। ਆਮ ਤੌਰ ’ਤੇ ਜੌਂਅ ਦੀ ਕਾਸ਼ਤ ਉਸ ਜ਼ਮੀਨਾਂ ’ਤੇ ਕੀਤੀ ਜਾਂਦੀ ਹੈ ਜਿੱਥੇ ਪਾਣੀ ਦੀ ਘਾਟ ਹੋਵੇ। ਇਉਂ ਫ਼ਾਜਿ਼ਲਕਾ, ਬਠਿੰਡਾ, ਮਾਨਸਾ ਅਤੇ ਐੱਸਏਐੱਸ ਨਗਰ ਵਿਚ ਛੋਲਿਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਮਸਰ ਦੀ ਕਾਸ਼ਤ ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਐੱਸਏਐੱਸ ਨਗਰ ਵਿਚ ਲਾਹੇਵੰਦ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਤੇਲ ਬੀਜ ਫ਼ਸਲਾਂ- ਰਾਇਆ ਤੇ ਤਾਰਾਮੀਰਾ ਦੀ ਕਾਸ਼ਤ ਬਰਾਨੀ ਜ਼ਮੀਨਾਂ ’ਤੇ ਹੁੰਦੀ ਹੈ। ਸੂਰਜਮੁਖੀ ਦੀ ਫ਼ਸਲ ਲਈ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸਭ ਤੋਂ ਢੁਕਵੀਂ ਹੈ।
2023 ਨੂੰ ਕੌਮਾਂਤਰੀ ਮੋਟਾ ਅਨਾਜ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਮੋਟੇ ਅਨਾਜ ਵਿਚ ਜੌਂਅ, ਰਾਗੀ, ਬਾਜਰਾ, ਕੰਗਨੀ, ਸਵਾਂਕ, ਕੋਦਰਾ ਆਦਿ ਆਉਂਦੇ ਹਨ। ਜੌਂਅ ਨੂੰ ਸ਼ੁਰੂ ਵਿਚ ਠੰਢਕ ਦੀ ਲੋੜ ਹੁੰਦੀ ਹੈ, ਪੱਕਣ ਸਮੇਂ ਤੱਕ ਗਰਮੀ ਚਾਹੀਦੀ ਹੈ। ਜਿ਼ਆਦਾਤਰ ਕਿਸਾਨ ਇਸ ਫ਼ਸਲ ਨੂੰ ਕੰਟਰੈਕਟ ਫਾਰਮਿੰਗ ਹੇਠ ਬੀਜਦੇ ਹਨ। ਜੋ ਕੰਪਨੀਆਂ ਮਾਲਟ ਬਣਾਉਂਦੀਆਂ ਹਨ, ਉਹ ਇਸ ਦੀ ਬਿਜਾਈ ਕਰਵਾਉਂਦੀਆਂ ਹਨ। ਮਾਲਟ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੀ ਪ੍ਰਮਾਣਿਤ ਕਿਸਮ ਡੀਡਬਲਿਊਆਰਯੂਬੀ-52 (2008) ਅਤੇ ਡੀਡਬਲਿਊਆਰਬੀ-123 (2019) ਦੀ ਚੋਣ ਕੀਤੀ ਜਾਂਦੀ ਹੈ। ਇਸ ਵਿਚੋਂ ਕ੍ਰਮਵਾਰ 17.3 ਅਤੇ 19.4 ਕੁਇੰਟਲ ਪ੍ਰਤੀ ਏਕੜ ਝਾੜ ਮਿਲਦਾ ਹੈ। ਜੌਂਆਂ ਦੀ ਬਿਜਾਈ ਚੰਗੇ ਨਿਕਾਸ ਵਾਲੀਆਂ ਜ਼ਮੀਨਾਂ ਅਤੇ ਸੋਧੀਆਂ ਹੋਈਆਂ ਨਿਕਾਸ ਵਾਲੀਆਂ ਜ਼ਮੀਨਾਂ ’ਤੇ ਕੀਤੀ ਜਾਂਦੀ ਹੈ। ਕੌਮੀ ਪੱਧਰ ’ਤੇ ਪੰਜਾਬ ਲਈ ਸਿਫ਼ਾਰਸ਼ ਕੀਤੀਆਂ ਜੌਂਅ ਦੀਆਂ ਕਿਸਮਾਂ ਆਰਡੀ 2849, ਡੀਡਬਲਿਊਆਰਬੀ 123, ਡੀਡਬਲਿਊਆਰਬੀ 160, ਡੀਡਬਲਿਊਆਰਬੀ 182 ਅਤੇ ਡੀਡਬਲਿਊਆਰਬੀ 137 ਹਨ। ਪੀਏਯੂ ਵੱਲੋਂ ਜੌਂਅ ਦੀਆਂ ਹੋਰ ਪ੍ਰਮਾਣਿਤ ਕਿਸਮਾਂ ਪੀਐੱਲ 891, ਪੀਐੱਲ 807 ਅਤੇ ਪੀਐੱਲ 426 ਹਨ। ਪੀਏਯੂ ਦੀ ਸਿਫ਼ਾਰਸ਼ ਮੁਤਾਬਿਕ ਜੌਂਅ ਲਈ ਮੁੱਖ ਕਾਸ਼ਤਕਾਰੀ ਖ਼ਰਚੇ ਲਗਭਗ 11,000 ਰੁਪਏ ਪ੍ਰਤੀ ਏਕੜ ਤੱਕ ਹਨ ਅਤੇ ਇਸ ਦੀ ਕਾਸ਼ਤ ਤੋਂ ਕੁੱਲ ਆਮਦਨ 32,700 ਰੁਪਏ ਪ੍ਰਤੀ ਏਕੜ ਤੱਕ ਹੋ ਸਕਦੀ ਹੈ। ਜੌਂਆਂ ਦੇ ਦਾਣੇ ਪਸ਼ੂਆਂ ਲਈ ਪੌਸ਼ਟਿਕ ਫੀਡ ਤਿਆਰ ਕਰਨ ਲਈ ਵੀ ਵਰਤੇ ਜਾਂਦੇ ਹਨ।
ਹਾੜ੍ਹੀ ਦੀਆਂ ਤੇਲ ਬੀਜ ਫ਼ਸਲਾਂ ਵਿਚ ਗੋਭੀ ਸਰ੍ਹੋਂ, ਰਾਇਆ, ਤੋਰੀਆ ਅਤੇ ਤਾਰਾਮੀਰਾ ਅਹਿਮ ਹਨ। ਪੰਜਾਬ ਵਿਚ ਤਕਰੀਬਨ 44 ਹਜ਼ਾਰ ਹੈਕਟੇਅਰ ਰਕਬਾ ਇਨ੍ਹਾਂ ਫ਼ਸਲਾਂ ਦੀ ਕਾਸ਼ਤ ਥੱਲੇ ਹੈ। ਪੀਏਯੂ ਵੱਲੋਂ ਰਾਇਆ ਦੀ ਆਰਐੱਲਸੀ-3 ਹਾਈਬ੍ਰਿਡ ਅਤੇ ਆਰਸੀਐੱਚ-1, ਗੋਭੀ ਸਰ੍ਹੋਂ ਦੀ ਜੀਐੱਸਸੀ-6 ਅਤੇ ਜੀਐੱਸਸੀ-7 ਅਤੇ ਹਾਈਬ੍ਰਿਡ ਗੋਭੀ ਸਰ੍ਹੋਂ ਦੀ ਪੀਜੀਐੱਸਐੱਚ 1707 ਅਤੇ ਹਾਇਓਲਾ ਪੀਜੀਸੀ 401 ਮੁੱਖ ਪ੍ਰਮਾਣਿਤ ਕਿਸਮਾਂ ਹਨ। ਤੋਰੀਆ ਅਤੇ ਗੋਭੀ ਸਰ੍ਹੋਂ ਸਿੰਜਾਈ ਵਾਲੀਆਂ ਜ਼ਮੀਨਾਂ ਵਿਚ ਹੀ ਬੀਜੀਆਂ ਜਾਂਦੀਆਂ ਹਨ; ਰਾਇਆ ਅਤੇ ਤਾਰਾਮੀਰਾ ਬਰਾਨੀ ਜ਼ਮੀਨਾਂ ’ਤੇ ਵੀ ਬੀਜਿਆ ਜਾ ਸਕਦਾ ਹੈ। ਕਨੌਲਾ ਗੋਭੀ ਸਰ੍ਹੋਂ ਜਿਸ ਦੇ ਤੇਲ ਵਿਚ 2 ਫ਼ੀਸਦੀ ਤੋਂ ਘੱਟ ਇਰੂਸਿਕ ਐਸਿਡ ਹੁੰਦਾ ਹੈ, ਵਪਾਰਿਕ ਪੱਧਰ ’ਤੇ ਵਿਕਦਾ ਹੈ। ਕਨੌਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਪਸ਼ੂਆਂ ਦੀ ਖ਼ੁਰਾਕ ਲਈ ਵਧੀਆ ਕਿਸਮ ਦੇ ਮੰਨੇ ਗਏ ਹਨ। ਪੰਜਾਬ ਵਿਚ ਕਨੌਲਾ ਦੀ ਕਾਸ਼ਤ ਵਿਚ ਪੀਏਯੂ ਦੀ ਸਿਫ਼ਾਰਸ਼ ਮੁਤਾਬਿਕ ਕੁੱਲ ਖ਼ਰਚਾ ਲਗਭਗ 16,000 ਰੁਪਏ/ਏਕੜ ਅਤੇ ਇਸ ਦਾ ਔਸਤ ਝਾੜ 7 ਕੁਇੰਟਲ/ਏਕੜ ਮਿਲ ਸਕਦਾ ਹੈ। ਇਸ ਦੀ ਕਾਸ਼ਤ ਦੇ ਹੋਏ ਖ਼ਰਚੇ ਤੋਂ ਆਮਦਨ ਲਗਭਗ 40,000 ਰੁਪਏ/ਏਕੜ ਮਿਲ ਸਕਦੀ ਹੈ। ਕਨੌਲਾ ਗੋਭੀ ਸਰ੍ਹੋਂ ਦੀ ਨਿਰੋਲ ਆਮਦਨ ਲਗਭਗ 24,000 ਰੁਪਏ/ਏਕੜ ਤੱਕ ਹੋ ਸਕਦੀ ਹੈ। ਸੂਰਜਮੁਖੀ ਦੀ ਫ਼ਸਲ ਲਈ ਪੀਏਯੂ ਵੱਲੋਂ ਪ੍ਰਮਾਣਿਤ ਕਿਸਮਾਂ ਪੀਐੱਸਐੱਚ 2080, ਪੀਐੱਸਐੱਚ 1962, ਡੀਕੇ 3849 ਅਤੇ ਪੀਐੱਸਐੱਚ 996 ਹਨ। ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨਾਂ ਵਿਚ ਕਰ ਲੈਣੀ ਚਾਹੀਦੀ ਹੈ। ਪੀਏਯੂ ਦੀ ਸਿਫ਼ਾਰਸ਼ ਮੁਤਾਬਕ ਸੂਰਜਮੁਖੀ ਦੀ ਕਾਸ਼ਤ ਤੇ ਕੁੱਲ ਖ਼ਰਚਾ ਤਕਰੀਬਨ 17,000 ਰੁਪਏ/ ਏਕੜ ਅਤੇ ਇਸ ਦਾ ਔਸਤ ਝਾੜ 8 ਕੁਇੰਟਲ/ਏਕੜ ਮਿਲ ਸਕਦਾ ਹੈ। ਸੂਰਜਮੁਖੀ ਦੀ ਨਿਰੋਲ ਆਮਦਨ ਲਗਭਗ 37,400 ਰੁਪਏ/ਏਕੜ ਤੱਕ ਹੋ ਸਕਦੀ ਹੈ।
ਦਾਲ ਬੀਜ ਫ਼ਸਲਾਂ ਵਿਚ ਹਾੜ੍ਹੀ ਦੀ ਮੁੱਖ ਫ਼ਸਲ ਛੋਲੇ ਹਨ ਜਿਸ ਦਾ ਪੰਜਾਬ ਵਿਚ ਕੇਵਲ 1.8 ਹਜ਼ਾਰ ਹੈਕਟੇਅਰ ਰਕਬਾ ਹੀ ਹੈ। ਇਸ ਦਾ ਔਸਤ ਝਾੜ ਲਗਪਗ 7.5 ਕੁਇੰਟਲ ਪ੍ਰਤੀ ਏਕੜ ਤੱਕ ਰਹਿੰਦਾ ਹੈ। ਛੋਲੇ ਘੱਟ ਬਾਰਸ਼ ਅਤੇ ਚੰਗੇ ਨਿਕਾਸ ਵਾਲੀ ਰੇਤਲੀ ਜ਼ਮੀਨ ’ਤੇ ਉਗਾਈ ਜਾ ਸਕਦੀ ਹੈ। ਪੀਏਯੂ ਵੱਲੋਂ ਪ੍ਰਮਾਣਿਤ ਕਿਸਮਾਂ ਵਿਚ ਛੋਲਿਆਂ ਦੀ ਪੀਬੀਜੀ-7, ਪੀਬੀਜੀ-8, ਜੀਪੀਐੱਫ-52 ਅਤੇ ਕਾਬੁਲੀ ਛੋਲਿਆਂ ਵਿਚ ਐੱਲ-552 ਕਿਸਮ ਪ੍ਰਚੱਲਿਤ ਹੈ। ਇਸ ਦੀ ਕਾਸ਼ਤ ਤੇ ਔਸਤ ਖਰਚਾ ਤਕਰੀਬਨ 18000 ਰੁਪਏ/ਏਕੜ ਆਉਂਦਾ ਹੈ ਅਤੇ ਨਿਰੋਲ ਆਮਦਨ ਲਗਭਗ 24500 ਰੁਪਏ/ਏਕੜ ਤੱਕ ਹੋ ਸਕਦੀ ਹੈ।
*ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ, ਪੀਏਯੂ, ਲੁਿਧਆਣਾ।