ਨਿਕਾਸੀ ਮਾਮਲਾ: ਨਾਇਬ ਤਹਿਸੀਲਦਾਰ, ਈਓ ਤੇ ਜੇਈ ਬੰਦੀ ਬਣਾਏ
ਭਗਵਾਨ ਦਾਸ ਗਰਗ
ਨਥਾਣਾ, 7 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਦੇ ਸਹਿਯੋਗ ਨਾਲ ਲਾਇਆ ਪੱਕਾ ਮੋਰਚਾ ਅੱਜ ਇੱਥੇ 25ਵੇਂ ਦਿਨ ਵੀ ਜਾਰੀ ਰਿਹਾ। ਯੂਨੀਅਨ ਨੇ ਅੱਜ ਭਾਰੀ ਇਕੱਠ ਕਰ ਕੇ ਸੰਘਰਸ਼ ਦੀ ਨਵੀਂ ਰੂਪ ਰੇਖਾ ਉਲੀਕੀ। ਇਸ ਯੋਜਨਾ ਤਹਿਤ ਜਥੇਬੰਦੀ ਨੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦਾ ਘਿਰਾਓ ਕਰ ਕੇ ਸਬ ਤਹਿਸੀਲ ਕੰਪਲੈਕਸ ’ਚ ਝੰਡੇ ਗੱਡ ਦਿੱਤੇ। ਦੁਪਹਿਰ ਦੋ ਵਜੇ ਸ਼ੁਰੂ ਹੋਇਆ ਇਹ ਘਿਰਾਓ ਉਸ ਸਮੇਂ ਤੱਕ ਜਾਰੀ ਰਿਹਾ ਜਦੋ ਤੱਕ ਈਓ ਅਤੇ ਜੇਈ ਗੱਲਬਾਤ ਲਈ ਨਹੀਂ ਪੁੱਜੇ। ਭਾਵੇ ਦੋਵਾਂ ਧਿਰਾਂ ਵਿਚਕਾਰ ਚੱਲੀ ਗੱਲਬਾਤ ਬੇਸਿੱਟਾ ਰਹੀ ਪ੍ਰੰਤੂ ਨਾਇਬ ਤਹਿਸੀਲਦਾਰ ਨੂੰ ਰਿਹਾਅ ਕਰ ਦਿੱਤਾ। ਈਓ ਅਤੇ ਜੇਈ ਨੂੰ ਬੰਦੀ ਬਣਾ ਕੇ ਸਪੱਸ਼ਟ ਕਿਹਾ ਗਿਆ ਕਿ ਜਦੋਂ ਤੱਕ ਪਾਣੀ ਦੀ ਨਿਕਾਸੀ ਵਾਲੀਆਂ ਮੋਟਰਾਂ ਨਹੀਂ ਚਲਾਈਆਂ ਜਾਂਦੀਆਂ ਉਸ ਸਮੇਂ ਤੱਕ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ।
ਇਸੇ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਰਾਮਰਤਨ ਸਿੰਘ, ਲਖਵੀਰ ਸਿੰਘ, ਗੁਰਮੇਲ ਸਿੰਘ, ਬਹਾਦਰ ਸਿੰਘ ਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਅਧਿਕਾਰੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ ਜਿਸ ਕਾਰਨ ਸਮੱਸਿਆ ਹੱਲ ਹੋਣ ਦੀ ਥਾਂ ਹੋਰ ਗੁੰਝਲਦਾਰ ਹੋ ਰਹੀ ਹੈ। ਖਬਰ ਲਿਖੇ ਜਾਣ ਤੱਕ ਈਓ ਤਰੁਣ ਕੁਮਾਰ ਅਤੇ ਜੇਈ ਗੁਰਬਖਸੀਸ਼ ਸਿੰਘ ਦਾ ਘਿਰਾਓ ਜਾਰੀ ਸੀ।