ਅੰਤਾਂ ਦੀ ਮਹਿੰਗਾਈ ਹੇਠ ਪਿਸ ਰਹੇ ਯੂਰੋਪੀਅਨ
ਜੋਬਨ
ਲੱਖਾਂ ਸਾਲਾਂ ਦੇ ਮਨੁੱਖੀ ਵਿਕਾਸ ਤੋਂ ਬਾਅਦ ਅੱਜ ਤਕਨੀਕ ਦੇ ਖੇਤਰ ਵਿਚ ਅਖੌਤੀ ‘ਬਣਾਉਟੀ ਚੇਤਨਾ’, ਭਾਵ, ਅਥਾਹ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਵਿਗਿਆਨ ਦੀ ਇਸ ਅਥਾਹ ਤਰੱਕੀ ਦੇ ਬਾਵਜੂਦ, ਕਿਰਤੀ ਲੋਕਾਈ ਅੱਜ ਵੀ ਬੁਨਿਆਦੀ ਲੋੜਾਂ ਲਈ ਜੱਦੋ-ਜਹਿਦ ਕਰਨ ਲਈ ਮਜਬੂਰ ਹੈ। ਅਜਿਹੀ ਹੀ ਇੱਕ ਲੜਾਈ ਹੈ ਭੋਜਨ ਸੁਰੱਖਿਆ ਲਈ, ਢਿੱਡ ਭਰਵੇਂ ਪੌਸ਼ਟਿਕ ਭੋਜਨ ਲਈ। ਪਹਿਲਾਂ ਦੇ ਸਮਾਜਾਂ ਵਿਚ ਅਕਸਰ ਅਕਾਲ ਪੈਂਦੇ ਸਨ, ਅਨਾਜ ਦੀ ਥੁੜ੍ਹ ਹੁੰਦੀ ਸੀ ਪਰ ਅੱਜ ਕੁੱਲ ਦੁਨੀਆ ਦੇ ਪੈਮਾਨੇ ਉੱਤੇ ਹੀ ਅਨਾਜ ਦੀ ਬਹੁਤਾਤ ਹੈ। ਇਸ ਦੇ ਬਾਵਜੂਦ ਧਰਤੀ ਉੱਤੇ ਕਰੋੜਾਂ ਲੋਕ ਚੰਗੀ ਖੁਰਾਕ ਤੋਂ ਵਿਰਵੇ ਹਨ। ਏਸ਼ੀਆ, ਅਫਰੀਕਾ ਦੇ ਮੁਲਕਾਂ ਵਿਚ ਕਰੋੜਾਂ ਲੋਕਾਂ ਦੇ ਭੁੱਖੇ ਸੌਣ ਦੀਆਂ ਤਾਂ ਗੱਲਾਂ ਅਸੀਂ ਅਕਸਰ ਸੁਣਦੇ ਰਹੇ ਹਾਂ। ਅੱਜ ਅਸੀਂ ਧਰਤੀ ਦੇ ਉਸ ਹਿੱਸੇ ਵਿਚ ਭੋਜਨ ਦੀ ਥੁੜ੍ਹ ਦੀ ਗੱਲ ਕਰਾਂਗੇ ਜਿਹੜਾ ਆਪਣੀ ਤਰੱਕੀ, ਖੁਸ਼ਹਾਲੀ ਲਈ ਜਾਣਿਆ ਜਾਂਦਾ ਰਿਹਾ ਹੈ, ਇਹ ਯੂਰੋਪੀਅਨ ਮਹਾਂਦੀਪ ਹੈ।
2023 ਵਿਚ ਯੂਰੋਪ ਦੀਆਂ ਸੜਕਾਂ ਮੁਜ਼ਾਹਰਾਕਾਰੀਆਂ ਨੇ ਮੱਲ੍ਹੀ ਰੱਖੀਆਂ ਕਿਉਂਕਿ ਆਰਥਿਕ ਮੰਦਹਾਲੀ ਕਾਰਨ ਲੋਕਾਂ ਦੀਆਂ ਜਿ਼ੰਦਗੀਆਂ ਵਿਚ ਵੱਡਾ ਨਿਘਾਰ ਆਇਆ ਹੈ। ਹਾਲ ਇਹ ਹੈ ਕਿ ਵਧ ਰਹੀਆਂ ਕੀਮਤਾਂ ਕਾਰਨ ਤਕਰੀਬਨ ਇੱਕ-ਤਿਹਾਈ ਯੂਰੋਪੀਅਨ, ਗਰੀਬੀ ਵਿਚ ਧੱਕੇ ਗਏ ਹਨ। ਇੱਕ ਸਰਵੇਖਣ ਮੁਤਾਬਕ ਯੂਰੋਪੀਅਨਾਂ ਦੀ ਖਰੀਦ ਸ਼ਕਤੀ ਪਿਛਲੇ ਤਿੰਨ ਸਾਲਾਂ ਦੌਰਾਨ ਘਟੀ ਹੈ ਜਿਸ ਨੇ ਬਹੁਗਿਣਤੀ ਨੂੰ ਇੱਕ ਜਾਂ ਦੋ ਸਮੇਂ ਦਾ ਭੋਜਨ ਤੱਕ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਅੱਧੇ ਤੋਂ ਵੱਧ ਯੂਰੋਪੀਅਨਾਂ ਨੇ ਆਪਣੇ ਖਰਚੇ ਘਟਾਏ ਹਨ। ਹਰ ਦੋ ਯੂਰੋਪੀਅਨਾਂ ਵਿਚੋਂ ਇੱਕ ਨੂੰ ਲੱਗਦਾ ਹੈ ਕਿ ਮਹਿੰਗਾਈ ਅਤੇ ਘੱਟ ਤਨਖਾਹਾਂ ਕਾਰਨ ਉਹ ਅਗਲੇ ਹੀ ਮਹੀਨੇ ਗਰੀਬੀ ਵਿਚ ਧਸ ਜਾਵੇਗਾ।
ਅੱਜ ਯੂਰੋਪ ਦੇ ਸਿਰਫ 15% ਫੀਸਦੀ ਲੋਕ ਹੀ ਆਰਥਿਕ ਤੌਰ ’ਤੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇੱਕ ਹੋਰ ਸਰਵੇਖਣ ਮੁਤਾਬਕ ਪਿਛਲੇ ਛੇ ਮਹੀਨਿਆਂ ਅੰਦਰ 29% ਯੂਰੋਪੀਅਨਾਂ ਨੇ ਆਪਣਾ ਸਫਰ ਘਟਾਇਆ ਹੈ, 23% ਨੇ ਠੰਢ ਲੱਗਣ ਦੇ ਬਾਵਜੂਦ ਘਰ ਦਾ ਹੀਟਰ ਚਾਲੂ ਨਹੀਂ ਕੀਤਾ, 30% ਨੇ ਪਰਿਵਾਰਕ ਜੀਆਂ ਜਾਂ ਦੋਸਤਾਂ ਤੋਂ ਪੈਸੇ ਲੈਣੇ ਜਾਂ ਦੇਣੇ ਸ਼ੁਰੂ ਕੀਤੇ ਹਨ, 21% ਨੇ ਸਿਹਤ ਸਮੱਸਿਆ ਹੋਣ ਦੇ ਬਾਵਜੂਦ ਇਲਾਜ ਨਹੀਂ ਕਰਵਾਇਆ, 18% ਨੇ ਭੁੱਖ ਲੱਗਣ ਦੇ ਬਾਵਜੂਦ ਇੱਕ ਸਮੇਂ ਦਾ ਭੋਜਨ ਛੱਡ ਦਿੱਤਾ, 11% ਨੇ ਦਾਨ ਵਿਚ ਭੋਜਨ ਜਾਂ ਕੱਪੜੇ ਲਏ ਅਤੇ 10% ਨੇ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਘਰ ਦੀ ਬਸੇਰੇ ਵਜੋਂ ਵਰਤੋਂ ਕੀਤੀ ਕਿਉਂਕਿ ਉਨ੍ਹਾਂ ਕੋਲ਼ ਖੁਦ ਦੇ ਰਹਿਣ ਲਈ ਜਗ੍ਹਾ ਜੋਗੇ ਪੈਸੇ ਨਹੀਂ ਸਨ। ਹਰ ਖੇਤਰ ਵਿਚ ਆਈ ਇਸ ਮਹਿੰਗਾਈ ਨੇ ਲੋਕਾਂ ਨੂੰ ਔਖੀ ਚੋਣ ਕਰਨ ਲਈ ਮਜਬੂਰ ਕੀਤਾ ਹੈ ਕਿ ਕਿਹੜੀਆਂ ਬੁਨਿਆਦੀ ਲੋੜਾਂ ’ਤੇ ਪੈਸੇ ਲਾਏ ਜਾਣ ਅਤੇ ਕਿਹੜੀਆਂ ’ਤੇ ਨਾ ਲਾਏ ਜਾਣ।
2022 ਤੋਂ ਹੀ ਮਹਿੰਗਾਈ ਨੇ ਯੂਰੋਪੀਅਨਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਭੋਜਨ ਵਸਤਾਂ ਦੀ ਮਹਿੰਗਾਈ ਨੇ ਲੋਕਾਂ ਨੂੰ ਸਭ ਤੋਂ ਵੱਧ ਤੰਗ ਕੀਤਾ ਹੈ। ਸਰਵੇਖਣ ਮੁਤਾਬਕ 38% ਲੋਕ ਹੁਣ ਰੋਜ਼ਾਨਾ ਤਿੰਨ ਸਮੇਂ ਦਾ ਖਾਣਾ ਨਹੀਂ ਖਾ ਰਹੇ। ਪਿਛਲੇ ਸਾਲ ਭੋਜਨ ਵਸਤਾਂ ਦੀਆਂ ਵਧੀਆਂ ਕੀਮਤਾਂ ਨੇ ਚਾਰ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਸੀ। ਮਾਰਚ 2023 ਵਿਚ ਯੂਰੋਪ ਅੰਦਰ ਭੋਜਨ ਮਹਿੰਗਾਈ ਦਰ ਨੇ ਆਪਣਾ ਸਿਖਰ 19.2% ਛੂਹਿਆ। ਭੋਜਨ ਵਸਤਾਂ ਦੀ ਮਹਿੰਗਾਈ ਯੂਰੋਪ ਦੇ 37 ਵਿਚੋਂ 33 ਦੇਸ਼ਾਂ ਵਿਚ ਕੁੱਲ ਮਹਿੰਗਾਈ ਤੋਂ ਵੱਧ ਸੀ। ਤੁਰਕੀ ਅੰਦਰ ਇਹ ਦਰ 72.5% ਦੇ ਭਿਆਨਕ ਪੱਧਰ ’ਤੇ ਪੁੱਜ ਚੁੱਕੀ ਹੈ। ਇੱਕ ਸਮੇਂ ਦਾ ਖਾਣਾ ਛੱਡਣ ਤੋਂ ਬਿਨਾਂ ਭੋਜਨ ਦੀ ਗੁਣਵੱਤਾ ਵਿਚ ਵੀ ਵੱਡੀ ਕਮੀ ਆਈ ਹੈ। ਜ਼ਾਹਿਰ ਹੈ ਇਸ ਸਭ ਦਾ ਬੱਚਿਆਂ ’ਤੇ ਸਭ ਤੋਂ ਭਿਆਨਕ ਅਸਰ ਪਿਆ ਹੈ। ਯੂਰੋਪ ਦੇ ਇੱਕ-ਚੌਥਾਈ ਬੱਚੇ ਅੱਜ ਅਤਿ ਦੀ ਗਰੀਬੀ ਵਿਚ ਧੱਕੇ ਜਾਣ ਦੇ ਖ਼ਤਰੇ ਹੇਠ ਹਨ। ਇਹ ਹਾਲਾਤ ਲਾਜ਼ਮੀ ਉਨ੍ਹਾਂ ਦੇ ਸਿਹਤਮੰਦ ਵਿਕਾਸ ’ਤੇ ਬੁਰਾ ਅਸਰ ਪਾ ਰਹੀ ਹੈ।
ਅੰਕੜਿਆਂ ਦਾ ਇੰਨੇ ਵਿਸਥਾਰ ਵਾਲਾ ਵੇਰਵਾ ਦੇਣ ਦਾ ਮਕਸਦ ਇਹੀ ਦਰਸਾਉਣਾ ਹੈ ਕਿ ਸਭ ਤੋਂ ਖੁਸ਼ਹਾਲ ਮੰਨੇ ਜਾਂਦੇ ਮਹਾਂਦੀਪ ਉੱਪਰ ਵੀ ਕਿਵੇਂ ਅੱਜ ਕਿਰਤੀ ਬੁਨਿਆਦੀ ਲੋੜਾਂ ਲਈ ਵੀ ਜੂਝ ਰਹੇ ਹਨ। ਇਹ ਅੰਕੜੇ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਕਰ ਦਿੰਦੇ ਹਨ ਕਿ ਯੂਰੋਪ ਡੂੰਘੀ ਮੰਦਹਾਲੀ ਦੇ ਮੂੰਹ ’ਤੇ ਖੜ੍ਹਾ ਹੈ ਜਿਸ ਦੇ ਮਾੜੇ ਪ੍ਰਭਾਵ ਹੁਣ ਤੋਂ ਹੀ ਲੋਕਾਈ ਦੀਆਂ ਬਦਤਰ ਹੋਏ ਹਾਲਾਤ ਵਿਚ ਝਲਕਦੇ ਹਨ। ਇਹ ਉਹੀ ਯੂਰੋਪ ਹੈ ਜਿਸ ਦੇ ਸੋਹਲੇ ਸਰਮਾਏਦਾਰਾ ਅਰਥ ਸ਼ਾਸਤਰੀ ਗਾਉਂਦੇ ਸਨ ਕਿ ਯੂਰੋਪ ਸਰਮਾਏਦਾਰਾ ਪ੍ਰਬੰਧ ਦਾ ਸਵਰਗ ਹੈ। ਉਂਝ, ਅਜਿਹੇ ਹਾਲਾਤ ਨੇ ਸਾਫ ਕਰ ਦਿੱਤਾ ਹੈ ਕਿ ਸਰਮਾਏਦਾਰਾ ਪ੍ਰਬੰਧ ਸਿਰਫ ਕੁਝ ਕੁ ਧਨਾਢਾਂ ਲਈ ਹੀ ਸਵਰਗ ਸਿਰਜ ਸਕਦਾ ਹੈ, ਉਹ ਵੀ ਆਮ
ਬਹੁਗਿਣਤੀ ਲੋਕਾਂ ਦੀਆਂ ਜੀਵਨ ਹਾਲਾਤ ਨਰਕ ਬਣਾ ਕੇ। ਲੋਕਾਂ ਦੀ ਅਸਲ ਧਰਤੀ ਤਾਂ ਸਮਾਜਵਾਦ ਹੀ ਹੋ ਸਕਦੀ ਹੈ ਜਿੱਥੇ ਪੈਦਾਵਾਰ ਮਨੁੱਖੀ ਲੋੜਾਂ ਲਈ ਹੁੰਦੀ ਹੈ ਨਾ ਕਿ ਮੁਨਾਫੇ ਲਈ।
ਅਜਿਹੇ ਔਖੇ ਹਾਲਾਤ ਦਾ ਸਾਹਮਣਾ ਕਰ ਰਹੇ ਯੂਰੋਪ ਦੇ ਲੋਕ ਚੁੱਪ ਨਹੀਂ ਹਨ। ਆਪਣੇ ਹਾਲਾਤ ਨੂੰ ਬਦਲ ਦੇਣ ਲਈ ਉਨ੍ਹਾਂ ਨੇ ਵੱਡੇ ਸੰਘਰਸ਼ ਵਿੱਢ ਦਿੱਤੇ ਹਨ। ਡਾਕ ਵਿਭਾਗ, ਰੇਲ ਵਿਭਾਗ ਅਤੇ ਹੋਰ ਕਿੰਨੇ ਹੀ ਖੇਤਰਾਂ ਦੇ ਮਜ਼ਦੂਰਾਂ ਦੀਆਂ ਲੱਖਾਂ ਦੀ ਗਿਣਤੀ ਵਾਲ਼ੀਆਂ ਵੱਡੀਆਂ ਹੜਤਾਲਾਂ, ਧਰਨਿਆਂ, ਮੁਜ਼ਾਹਰਿਆਂ ਨਾਲ ਉਨ੍ਹਾਂ ਨੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਸੰਪਰਕ: 89689-29372