For the best experience, open
https://m.punjabitribuneonline.com
on your mobile browser.
Advertisement

ਖੁਸਰੇ ਵੀ ਸਤਿਕਾਰ ਦੇ ਹੱਕਦਾਰ

08:44 AM Mar 30, 2024 IST
ਖੁਸਰੇ ਵੀ ਸਤਿਕਾਰ ਦੇ ਹੱਕਦਾਰ
Advertisement

ਜਸਵਿੰਦਰ ਸਿੰਘ ਰੁਪਾਲ

Advertisement

ਬੜੀ ਵਾਰ ਖ਼ਿਆਲ ਆਉਂਦਾ ਹੈ ਕਿ ਖੁਸਰੇ ਸਿਰਫ਼ ਸਾਡੀਆਂ ਖ਼ੁਸ਼ੀਆਂ ਵਿੱਚੋਂ ਹੀ ਆਪਣੀਆਂ ਖ਼ੁਸ਼ੀਆਂ ਲੱਭਦੇ ਹਨ। ਕੀ ਉਨ੍ਹਾਂ ਦੀਆਂ ਆਪਣੀਆਂ ਖ਼ੁਸ਼ੀਆਂ ਅਤੇ ਚਾਅ ਨਹੀਂ? ਕਿਉਂ ਉਨ੍ਹਾਂ ਨੂੰ ਸਮਾਜ ਦਾ ਇੱਕ ਅਲੱਗ ਅਤੇ ਵੱਖਰਾ ਫਿਰਕਾ ਸਮਝਿਆ ਜਾਂਦਾ? ਇਹ ਸੋਚ ਬਣਾਉਣ ਵਿੱਚ ਕੌਣ ਕਿੰਨਾ ਜ਼ਿੰਮੇਵਾਰ ਹੈ? ਸਮਾਜ? ਉਹ ਆਪ? ਜਾਂ ਹਾਲਾਤ? ਕਿਉਂ ਉਹ ਸਿਰਫ਼ ਵਧਾਈ ਲੈਣ ਹੀ ਆਉਂਦੇ ਹਨ? ਸਦਾ ‘ਮੇਰਾ ਦਿਨ ਵਡਭਾਗੀ ਆਇਆ’ ਕਹਿਣ ਵਾਲਿਆਂ ਲਈ ਕਿਹੜਾ ਦਿਨ ਵਡਭਾਗਾ ਹੈ? ਕਿਉਂ ਨਹੀਂ ਉਹ ਆਮ ਮਨੁੱਖਾਂ ਵਾਂਗ ਕੰਮ ਕਰਦੇ ਨਜ਼ਰ ਆਉਂਦੇ? ਇਹ ਅਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਮਨ ਨੂੰ ਵਲੂੰਧਰਦੇ ਰਹਿੰਦੇ ਹਨ। ਕੌਣ ਹਨ ਇਹ ਲੋਕ? ਕੁਦਰਤ ਦੀ ਕਿਸੇ ਕਰੋਪੀ ਕਾਰਨ ਸਰੀਰਕ ਪੱਖ ਤੋਂ ਅਧੂਰੇ ਹਨ। ਜਣਨ-ਇੰਦ੍ਰੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਹੁੰਦੇ ਜਾਂ ਉਨ੍ਹਾਂ ’ਚੋਂ ਉਪਜਣ ਵਾਲੇ ਰਸ (ਹਾਰਮੋਨ) ਸੰਤੁਲਿਤ ਨਹੀਂ ਹੁੰਦੇ। ਇਸ ਕਾਰਨ ਉਹ ਆਮ ਨਹੀਂ ਰਹਿੰਦੇ।
ਆਓ ਜ਼ਰਾ ਜੀਵ-ਵਿਗਿਆਨਕ ਪੱਖ ਤੋਂ ਦੇਖੀਏ। ਡਾਕਟਰ ਜਗਜੀਤ ਸਿੰਘ ਆਪਣੀ ਪੁਸਤਕ ‘ਰੋਗਾਂ ਬਾਰੇ’ ਵਿੱਚ ਲਿਖਦੇ ਹਨ, “ਜਣਨ ਇੰਦ੍ਰੇ ਸਿਰਫ਼ ਬੱਚੇ ਪੈਦਾ ਕਰਨ ਲਈ ਹੀ ਨਹੀਂ ਹੁੰਦੇ, ਸਗੋਂ ਇਨ੍ਹਾਂ ਤੋਂ ਉਪਜਿਆ ਰਸ ਸਰੀਰਕ, ਮਾਨਸਿਕ ਤੇ ਆਤਮਿਕ ਕਿਰਿਆਵਾਂ ’ਤੇ ਬੜਾ ਹਾਵੀ ਹੁੰਦਾ ਹੈ। ਅਜੇ ਤੱਕ ਸੰਸਾਰ ’ਤੇ ਕੋਈ ਹਿਜੜਾ ਮਹਾਨ ਫ਼ਿਲਾਸਫ਼ਰ, ਸਾਇੰਸਦਾਨ ਜਾਂ ਸੰਤ ਨਹੀਂ ਹੋਇਆ। ਪਿਆਰ ਦੇ ਜੋਸ਼ ਵਿੱਚ ਮਨੁੱਖ ਕੀ ਨਹੀਂ ਕਰ ਗੁਜ਼ਰਦਾ? ਇਸ ਨੇ ਕਈ ਮਹਾਨ ਕਵੀ, ਚਿੱਤਰਕਾਰ, ਸੰਤ ਤੇ ਜੇਤੂ ਪੈਦਾ ਕੀਤੇ ਹਨ, ਪਰ ਵਧੇਰੇ ਕਾਮ-ਵਿਸ਼ਈ ਇਨ੍ਹਾਂ ਇੰਦ੍ਰਿਆਂ ਦਾ ਦੂਜਾ ਪਾਸਾ ਖੋਹ ਸਰੀਰਕ, ਮਾਨਸਿਕ ਤੇ ਆਤਮਿਕ ਤਾਕਤ ਘਟਾ ਤੇ ਗੁਆ ਬੈਠਦਾ ਹੈ।’ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਖਿਡਾਰੀ, ਕਵੀ, ਚਿੱਤਰਕਾਰ, ਸੰਤ, ਸਾਇੰਸਦਾਨ ਕੋਈ ਵੀ ਤਾਂ ਅਜਿਹਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਜੋ ਖ਼ੁਸਰਾ ਹੋਵੇ ਅਤੇ ਕਿਸੇ ਖੇਤਰ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੋਵੇ। ਕਿਉਂਕਿ ਉੱਪਰ ਵਰਣਨ ਕੀਤੇ ਅਨੁਸਾਰ ਇਹ ਰਸ ਸਰੀਰਕ, ਮਾਨਸਿਕ ਅਤੇ ਆਤਮਿਕ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ। ਨਵੀਂ ਖੋਜ ਦੱਸਦੀ ਹੈ ਕਿ ਪੁਰਸ਼ ਦੇ ਅੰਡਕੋਸ਼ ਦਾ ਰਸ ਹੋਰ ਵੀ ਬੜੇ ਕੰਮਾਂ ਵਿੱਚ ਮਦਦ ਕਰਦਾ ਹੈ। ਪ੍ਰੋਟੀਨ ਨੂੰ ਸਰੀਰ ਵਿੱਚ ਵਰਤਣ ਲਈ ਬੜੀ ਸਹਾਇਤਾ ਕਰਦਾ ਹੈ। ਭੁੱਖ ਲੱਗਦੀ ਹੈ। ਟੁੱਟੀਆਂ ਹੋਈਆਂ ਹੱਡੀਆਂ ਇਸ ਨਾਲ ਛੇਤੀ ਜੁੜਦੀਆਂ ਹਨ। ਇਸਤਰੀਆਂ ਦੀ ਬੱਚੇਦਾਨੀ ਵਿੱਚੋਂ ਵਧੇਰੇ ਲਹੂ ਦਾ ਵਗਣਾ ਰੋਕਦਾ ਹੈ। ਬੁੱਢਿਆਂ ਵਿੱਚ ਇਸ ਦਾ ਘਾਟਾ ਟੀਕਿਆਂ ਨਾਲ ਪੂਰਾ ਕਰਕੇ ਜਵਾਨੀ ਵੱਲ ਮੋੜ ਦਿੱਤਾ ਜਾਂਦਾ ਹੈ। ਸੁਭਾਅ ਵਿੱਚ ਇੰਨਾ ਫ਼ਰਕ ਪੈ ਜਾਂਦਾ ਹੈ ਕਿ ਕਾਮੀ ਪੁਰਸ਼ ਇਸ ਤੋਂ ਵਾਂਝੇ ਜਾਣ ਤਾਂ ਉਹ ਇਸਤਰੀਆਂ ਦੇ ਰਖਵਾਲੇ ਬਣ ਜਾਂਦੇ ਹਨ। ਵਿਗਿਆਨੀ ਆਸ ਕਰਦੇ ਹਨ ਕਿ ਜੇ ਇਹ ਰਸ ਮਨੁੱਖ ਦੀ ਉਮਰ ਨਹੀਂ ਵਧਾ ਸਕਦਾ ਤਾਂ ਘੱਟੋ ਘੱਟ ਬੁਢਾਪੇ ਦੇ ਔਖ ਤੇ ਦੁੱਖ ਜ਼ਰੂਰ ਦੂਰ ਰੱਖ ਸਕਦਾ ਹੈ।
ਸਪੱਸ਼ਟ ਹੈ ਕਿ ਖੁਸਰਿਆਂ ਦੇ ਸਰੀਰ ਵਿੱਚ ਇਹ ਜੀਵਨ-ਰਸ ਸੰਤੁਲਿਤ ਮਾਤਰਾ ਵਿੱਚ ਨਹੀਂ ਹੁੰਦਾ। ਕਿਤੇ ਜਣਨ ਅੰਗ ਪੂਰੇ ਵਿਕਸਿਤ ਨਹੀਂ ਜਾਂ ਵੱਧ ਵਿਕਸਿਤ ਹਨ। ਇਸੇ ਕਾਰਨ ਉਹ ਸਰੀਰਕ, ਮਾਨਸਿਕ ਤੇ ਆਤਮਿਕ ਪੱਖ ਤੋਂ ਨਿਰਬਲ ਹੁੰਦੇ ਹਨ। ਪਰ ਕੀ ਜਣਨ ਅੰਗ ਉਨ੍ਹਾਂ ਨੂੰ ਹਰ ਕੰਮ ਕਰਨ ਤੋਂ ਰੋਕਦੇ ਹਨ? ਕੀ ਉਹ ਕੋਈ ਹੋਰ ਮਰਦ-ਔਰਤਾਂ ਦੁਆਰਾ ਕੀਤਾ ਕੰਮ ਨਹੀਂ ਕਰ ਸਕਦੇ? ਜੇ ਕਰ ਸਕਦੇ ਹਨ ਤਾਂ ਕਿਉਂ ਨਹੀਂ ਕਰਦੇ? ਸਰਕਾਰ, ਸਮਾਜ ਨੇ ਹੱਥ, ਪੈਰ, ਅੱਖਾਂ ਆਦਿ ਵਰਗੇ ਅੰਗਾਂ ਦੇ ਕੰਮ ਨਾ ਕਰਨ ਵਾਲੇ ਨੂੰ ਅੰਗਹੀਣ ਮੰਨਿਆ ਹੈ। ਮਾਨਸਿਕ ਤੌਰ ’ਤੇ ਪਿੱਛੇ ਰਹੇ ਬੱਚਿਆਂ ਲਈ ਵਿਸ਼ੇਸ਼ ਤਰ੍ਹਾਂ ਦਾ ਵਿਹਾਰ ਹੈ। ਸਕੂਲ ਵੀ ਅਲੱਗ ਹਨ। ਪਾਗਲਾਂ ਲਈ ਵੀ ਪਾਗਲਖਾਨੇ ਹਨ ਪਰ ਕਿਧਰੇ ਸੁਣਨ ਵਿੱਚ ਨਹੀਂ ਆਇਆ ਕਿ ਕੋਈ ਸਰਕਾਰੀ ਜਾਂ ਗ਼ੈਰ ਸਰਕਾਰੀ ਸੰਸਥਾ ਵੱਲੋਂ ਇਨ੍ਹਾਂ ਲਈ ਕੈਂਪ ਲਗਾਏ ਗਏ ਹੋਣ। ਇਨ੍ਹਾਂ ਦਾ ਮਨੋਵਿਗਿਆਨ ਪੜ੍ਹਿਆ ਗਿਆ ਹੋਵੇ, ਇਨ੍ਹਾਂ ’ਤੇ ਖੋਜ ਹੋਈ ਹੋਵੇ, ਇਨ੍ਹਾਂ ਦਾ ਕੋਈ ਵਿਸ਼ੇਸ਼ ਦਿਨ ਹੋਵੇ। ਵਿਸ਼ੇਸ਼ ਅਧਿਕਾਰ ਹੋਣ ਜਾਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਹੋਣ। ਨਤੀਜਾ ਇਹ ਕਿ ਮਰਦ ਅਤੇ ਔਰਤਾਂ ਦੋਵੇਂ ਇਨ੍ਹਾਂ ਦੀ ਮਨੋਸਥਿਤੀ ਨਹੀਂ ਸਮਝਦੇ। ਇਸ ਲਈ ਇਹ ਸਮਾਜ ਤੋਂ ਅਲੱਗ ਹੋ ਜਾਂਦੇ ਹਨ। ਇਹ ਹੋਰ ਕੋਈ ਕੰਮ ਨਾ ਕਰਕੇ ਸਿਰਫ਼ ਵਧਾਈ ਲੈਣ ਦੇ ਕੰਮ ’ਤੇ ਚੱਲ ਪੈਂਦੇ ਹਨ। ਭਲਾ ਮਨੁੱਖ ਵਧਾਈ ਕਦੋਂ ਦਿੰਦਾ ਹੈ? ਮੁੰਡਾ ਜੰਮਣ ’ਤੇ, ਮੁੰਡੇ ਦੇ ਵਿਆਹ ਹੋਣ ’ਤੇ ਆਦਿ। ਯਾਨੀ ਲੜਕੀ ਅਤੇ ਲੜਕੇ ਵਿੱਚ ਅੰਤਰ ਦਰਸਾਉਣ ਲਈ। ਕੀ ਕਿਸੇ ਨੇ ਲੜਕੀ ਜੰਮਣ ’ਤੇ ਖੁਸਰੇ ਨਚਾਏ ਹਨ? ਇੱਕ ਗੱਲ ਹੋਰ, ਖੁਸਰੇ ਜਾਣਦੇ ਹਨ ਕਿ ਆਪਣੇ ਆਪ ਨੂੰ ਸੱਭਿਅਕ ਸਮਝਣ ਅਤੇ ਕਹਾਉਣ ਵਾਲਾ ਮਨੁੱਖ ਅਸ਼ਲੀਲ ਸ਼ਬਦਾਵਲੀ ‘ਸ਼ਰੇਆਮ’ ਨਹੀਂ ਸੁਣ ਸਕਦਾ। ਇਸ ਲਈ ਖੁਸਰੇ ਜਾਣਬੁੱਝ ਕੇ ਰੇਟ ਵਧਾਉਣ ਲਈ ਇਸ ਤਰ੍ਹਾਂ ਦੀ ਖੁੱਲ੍ਹੀ ਸ਼ਬਦਾਵਲੀ ਵਰਤਦੇ ਹਨ ਤਾਂਕਿ ਵਧਾਈ ਦੇਣ ਵਾਲਾ ਜ਼ਿਆਦਾ ਪੈਸੇ ਤੇ ਤੋਹਫ਼ੇ ਦੇਵੇ। ਸਮਾਜ ਵਿੱਚ ਨੱਕ ਰੱਖਣ ਲਈ ਖੁਸਰੇ ਵੀ ਨਚਾਉਂਦਾ ਹੈ, ਅਸ਼ਲੀਲਤਾ ਵੀ ਸੁਣਨਾ ਨਹੀਂ ਚਾਹੁੰਦਾ। ਰੇਟ ਘੱਟ ਕਰਦਿਆਂ ਕਈ ਵਾਰ ਤਕਰਾਰ ਵੀ ਹੋ ਜਾਂਦਾ ਹੈ ਪਰ ਸਾਡੇ ਸੱਭਿਆਚਾਰ ਵਿੱਚ ਇਹ ਵੀ ਵਿਸ਼ਵਾਸ ਹੈ ਕਿ ਇਨ੍ਹਾਂ ਦੀ ਬਦ-ਦੁਆ ਬਹੁਤ ਮਾੜੀ ਹੁੰਦੀ ਹੈ। ਸਾਡੀ ਰਿਸ਼ਤੇਦਾਰੀ ਵਿੱਚ ਹੀ ਇੱਕ ਪਿਤਾ ਨੇ ਪੁੱਤਰ ਦੇ ਵਿਆਹ ’ਤੇ ਖੁਸਰਿਆਂ ਨੂੰ ਵਧਾਈ ਦੇਣ ਦੀ ਥਾਂ ਅਪਮਾਨਿਤ ਕਰਕੇ ਤੋਰ ਦਿੱਤਾ ਸੀ, ਕੁਦਰਤੀ ਉਸ ਵਿਆਹ ਵਾਲੇ ਲੜਕੇ ਦੇ ਅਜੇ ਤੱਕ ਕੋਈ ਔਲਾਦ ਨਹੀਂ ਹੋਈ। ਫਿਰ ਇਸ ਨੂੰ ਉਨ੍ਹਾਂ ਦੀ ਬਦ-ਦੁਆ ਨਾਲ ਜੋੜ ਲਿਆ ਗਿਆ। ਭਾਵੇਂ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ। ਇਸ ਲਈ ਸਰਾਪ ਤੋਂ ਡਰਦਿਆਂ ਹਰ ਕੋਈ ਇਨ੍ਹਾਂ ਦੀ ਮੰਗ ਪੂਰੀ ਕਰ ਦਿੰਦਾ ਹੈ।
ਕੁਝ ਸਾਲ ਪਹਿਲਾਂ ਸਰਹੰਦ ਵਾਲੇ ਪਾਸੇ ਇੱਕ ਪੁਲੀਸ ਅਫ਼ਸਰ ਦੇ ਘਰ ਲੜਕੀ-ਖੁਸਰਾ ਪੈਦਾ ਹੋਈ ਸੀ। ਪਹਿਲਾਂ ਤਾਂ ਕਿਸੇ ਨੂੰ ਨਹੀਂ ਸੀ ਪਤਾ, ਪਰ ਜਦੋਂ ਇਹ ਗੱਲ ਜ਼ਾਹਰ ਹੋਈ ਤਾਂ ਖੁਸਰਿਆਂ ਦੀ ਜਮਾਤ ਨੇ ਉਸ ਅਫ਼ਸਰ ਦੇ ਘਰ ਅੱਗੇ ਧਰਨਾ ਦੇ ਦਿੱਤਾ ਅਤੇ ਜ਼ੋਰ ਨਾਲ ਹੀ ਉਸ ਬੱਚੇ ਨੂੰ, ਜੋ ਉਸ ਸਮੇਂ 18-19 ਸਾਲ ਦਾ ਹੋ ਚੁੱਕਿਆ ਸੀ, ਆਪਣੇ ਨਾਲ ਹਮੇਸ਼ਾ ਵਾਸਤੇ ‘ਵਧਾਈ ਮੰਗਣ’ ਲਈ ਲੈ ਗਏ ਸਨ ਅਤੇ ਉਹ ਅਫ਼ਸਰ ਕੁਝ ਨਹੀਂ ਸੀ ਕਰ ਸਕਿਆ।
ਲੋੜ ਹੈ ਖੁਸਰਿਆਂ ਨੂੰ ਬਰਾਬਰ ਦਾ ਮਾਣ ਸਤਿਕਾਰ ਦੇਣ ਦੀ। ਉਹ ਵੀ ਸਮਾਜ ਦਾ ਹੀ ਅੰਗ ਹਨ। ਜੇ ਸਰੀਰਕ ਤੌਰ ’ਤੇ ਕੋਈ ਨੁਕਸ ਹੈ ਤਾਂ ਇਸ ਦੇ ਜ਼ਿੰਮੇਵਾਰ ਉਹ ਆਪ ਨਹੀਂ। ਉਨ੍ਹਾਂ ਦੀਆਂ ਸਮਰੱਥਾਵਾਂ, ਕੁਸ਼ਲਤਾਵਾਂ ਅਤੇ ਯੋਗਤਾਵਾਂ ਨੂੰ ਪਛਾਨਣ ਦੀ ਅਤੇ ਵਿਕਸਿਤ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਉਨ੍ਹਾਂ ਦੀਆਂ ਕਮਜ਼ੋਰੀਆਂ, ਅਸਮਰੱਥਾਵਾਂ ਅਤੇ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ। ਸਰੀਰ ਵਿਗਿਆਨੀ, ਮਨੋਵਿਗਿਆਨੀ ਅਤੇ ਸਮਾਜ ਵਿਗਿਆਨੀ ਸਾਂਝੇ ਤੌਰ ’ਤੇ ਇਸ ਜੀਵ ਨੂੰ ਚੰਗੀ ਤਰ੍ਹਾਂ ਘੋਖਣ, ਪਰਖਣ ਅਤੇ ਸਮਾਜ ਵਿੱਚ ਇਨ੍ਹਾਂ ਪ੍ਰਤੀ ਚੇਤੰਨਤਾ ਫੈਲਾਉਣ। ਜੇ ਅਸੀਂ ਏਡਜ਼ ਦੇ ਰੋਗੀ ਨਾਲ ਪਿਆਰ ਤੇ ਮਿਲਵਰਤਨ ਵਧਾਉਣ ਦੀ ਜਾਗਰੂਕਤਾ ਲਿਆ ਸਕਦੇ ਹਾਂ ਤਾਂ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਰਾਹੀਂ ਸਮਾਜ ਦੇ ਇਸ ਅਣਗੌਲੇ ਅਤੇ ਫਾਲਤੂ ਸਮਝੇ ਜਾਂਦੇ ਅੰਗ ਬਾਰੇ ਕਿਉਂ ਜਾਗਰੂਕਤਾ ਨਹੀਂ ਲਿਆ ਸਕਦੇ? ਅਸੀਂ ਇਹ ਜ਼ਰੂਰ ਕਰ ਸਕਦੇ ਹਾਂ। ਵਿਦੇਸ਼ਾਂ ਵਿੱਚ ਇਨ੍ਹਾਂ ਨੂੰ ਵੀ ਬਰਾਬਰ ਦੀਆਂ ਸਹੂਲਤਾਂ ਅਤੇ ਮੌਕੇ ਉਪਲੱਬਧ ਹਨ। ਜਿੱਥੇ ਕਿਤੇ ਵੀ ਘੱਟ ਹਨ ਜਾਂ ਵਿਤਕਰਾ ਹੈ, ਉੱਥੇ ਇਸ ਦੀ ਪ੍ਰਾਪਤੀ ਦੇ ਯਤਨ ਚੱਲ ਰਹੇ ਹਨ ਪਰ ਸਾਡੇ ਦੇਸ਼ ਵਿੱਚ ਅਜੇ ਬਹੁਤ ਕੁਝ ਕਰਨ ਵਾਲਾ ਹੈ।
ਪਿੱਛੇ ਜਿਹੇ ਹੋਈ ਮਰਦਮਸ਼ੁਮਾਰੀ ਦੇ ਫਾਰਮਾਂ ਵਿੱਚ ਲਿੰਗ ਦੇ ਤਿੰਨ ਕਾਲਮ ਬਣਾਏ ਸਨ- ਮਰਦ, ਔਰਤ ਅਤੇ ਹੋਰ। ਪਰ ਇਹ ਵੀ ਯਾਦ ਰੱਖਣ ਤੇ ਵਿਚਾਰਨ ਵਾਲੀ ਗੱਲ ਹੋਵੇਗੀ ਕਿ ਲਿਖਤ ਵਿੱਚ ਸਿਰਫ਼ ਓਹੀ ਆਉਣਗੇ ਜਿਹੜੇ ਜੱਗ-ਜ਼ਾਹਰ ਹਨ ਅਤੇ ਮੁੱਖ ਤੌਰ ’ਤੇ ਵਧਾਈ ਲੈਣ ਦਾ ਕੰਮ ਹੀ ਕਰਦੇ ਹਨ। ਕੁਝ ਕੁ ਮਰਦ ਔਰਤਾਂ ਦੀ ਦੁਨੀਆ ਵਿੱਚ ਲੁਕੇ ਛਿਪੇ ਖੁਸਰੇ ਵੀ ਹੋ ਸਕਦੇ ਹਨ, ਬਿਲਕੁਲ ਉਵੇਂ ਜਿਵੇਂ ਲੁਕੇ ਹੋਏ ਏਡਜ਼ ਦੇ ਰੋਗੀ। ਅਸੀਂ ਸਿਰਫ਼ ਦਿਖਾਈ ਦੇਣ ਵਾਲੀ ਘਾਟ ਨੂੰ ਹੀ ਅੰਗਹੀਣਤਾ ਵਿੱਚ ਸ਼ਾਮਲ ਕੀਤਾ ਹੈ। ਮਨ ਅਤੇ ਤਨ ਦਾ ਬਹੁਤ ਗੂੜ੍ਹਾ ਸਬੰਧ ਹੈ। ਕੌਣ ਜਾਣੇ, ਜੋ ਉਤਾਂਹ ਨਹੀਂ ਆ ਰਹੇ, ਉਨ੍ਹਾਂ ਵਿੱਚ ਕਿਹੜੀ ਅਤੇ ਕਿਸ ਤਰ੍ਹਾਂ ਦੀ ਘਾਟ ਹੈ।
ਸਾਡੀ ਇੱਛਾ ਹੈ ਕਿ ਇਸ ਵਿਸ਼ੇ ਬਾਰੇ ਵਧੇਰੇ ਖੋਜ ਹੋਵੇ। ਕੀ ਖੁਸਰੇ ਹੋਰ ਕੋਈ ਕੰਮ ਨਹੀਂ ਕਰ ਸਕਦੇ? ਵਧਾਈ ਲੈਣਾ ਤਾਂ ਮੰਗਣ ਦੇ ਸਮਾਨ ਹੈ। ਜੇ ਕੱਲ੍ਹ ਨੂੰ ਅਸੀਂ ਆਸ ਕਰੀਏ ਕਿ ਸਮਾਜ ਦੀ ਸੋਚ ਲੜਕੀ ਲੜਕੇ ਪ੍ਰਤੀ ਇੱਕੋ ਜਿਹੀ ਹੋ ਜਾਵੇ, ਤਾਂ ਇਨ੍ਹਾਂ ਕੋਲ ਕਿਹੜਾ ਕੰਮ ਹੋਵੇਗਾ? ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਤੋਂ ਇਨ੍ਹਾਂ ਦੀ ਸਮਰੱਥਾ ਮੁਤਾਬਿਕ ਕੰਮ ਲਿਆ ਜਾਵੇ। ਨਾਲ ਹੀ ਇਨ੍ਹਾਂ ਨੂੰ ਕੁਝ ਸਹੂਲਤਾਂ ਵੀ ਦਿੱਤੀਆਂ ਜਾਣ ਤਾਂ ਕਿ ਇਹ ਮਾਣ ਸਨਮਾਨ ਨਾਲ ਆਪਣੀ ਜ਼ਿੰਦਗੀ ਜੀਅ ਸਕਣ। ਕੁਦਰਤੀ ਘਾਟ ਇਨ੍ਹਾਂ ਵਿੱਚ ਹੀਣ ਭਾਵਨਾ ਨਾ ਲਿਆਵੇ ਨਾ ਹੀ ਸਾਨੂੰ ਇਨ੍ਹਾਂ ਨਾਲ ਕੋਈ ਵਿਤਕਰਾ ਕਰਨਾ ਚਾਹੀਦਾ ਹੈ।

Advertisement
Author Image

joginder kumar

View all posts

Advertisement
Advertisement
×