ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੁਲੀਸ ਵਿਚਾਲੇ ਧੱਕਾਮੁੱਕੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 2 ਫਰਵਰੀ
ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਬੈਕਲਾਗ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਮਾਮੂਲੀ ਧੱਕਾ-ਮੁੱਕੀ ਵੀ ਹੋਈ ਪਰ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ। ਇਸ ਕਾਰਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਵਾਜਾਈ ਠੱਪ ਕਰ ਕੇ ਧਰਨਾ ਦਿੱਤਾ ਗਿਆ। ਬਸੰਤ ਪੰਚਮੀ ਵਾਲੇ ਦਿਨ ਬੇਰੁਜ਼ਗਾਰ ਪਤੰਗਾਂ ਉੱਪਰ ਨਾਅਰੇ ਲਿਖ ਕੇ ਪੁੱਜੇ ਸਨ ਜੋ 5994 ਭਰਤੀ ਬੈਕਲਾਗ ਸਣੇ ਪੂਰੀ ਕਰ ਕੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਸਨ।
ਵੱਖ-ਵੱਖ ਜ਼ਿਲ੍ਹਿਆਂ ਤੋਂ ਈਟੀਟੀ ਬੇਰੁਜ਼ਗਾਰ ਅਧਿਆਪਕ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿੱਥੋਂ ਮਾਰਚ ਕਰਦੇ ਹੋਏ ਉਹ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਪੁੱਜੇ ਤਾਂ ਪੁਲੀਸ ਨੇ ਨਾਕਾਬੰਦੀ ਕਰ ਕੇ ਰੋਕ ਲਿਆ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਸੂਬਾ ਪ੍ਰੈੱਸ ਸਕੱਤਰ ਦੀਪਕ ਅਬੋਹਰ, ਬਲਵਿੰਦਰ ਕਾਕਾ, ਮਨਦੀਪ ਫ਼ਾਜ਼ਿਲਕਾ ਤੇ ਰਾਜ ਕੁਮਾਰ ਅਬੋਹਰ ਨੇ ਸੰਬੋਧਨ ਕੀਤਾ। ਉਨ੍ਹਾਂ ਦੱਸਿਆ ਕਿ ਈਟੀਟੀ ਕਾਡਰ ਦੀ 5994 ਭਰਤੀ ਦਾ ਇਸ਼ਤਿਹਾਰ ਆਏ ਨੂੰ ਕਰੀਬ ਤਿੰਨ ਸਾਲ ਹੋਣ ਜਾ ਰਹੇ ਹਨ। ਇਸ ਵਿੱਚ 2994 ਬੈਕਲਾਗ ਅਸਾਮੀਆਂ ਵੀ ਹਨ ਪਰ ਅਜੇ ਤੱਕ ਇੱਕ ਵੀ ਉਮੀਦਵਾਰ ਨੂੰ ਜੁਆਇਨ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ 25 ਸਤੰਬਰ 2024 ਨੂੰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਯੂਨੀਅਨ ਦੀ ਮੀਟਿੰਗ ਹੋਈ। ਇਸ ਦੌਰਾਨ ਅਧਿਕਾਰੀਆਂ ਨੇ ਬੈਕਲਾਗ ਭਰਨ ਤੋਂ ਨਾਂਹ ਕਰ ਦਿੱਤੀ। ਫਿਰ ਅਗਲੀ ਮੀਟਿੰਗ ਸਿੱਖਿਆ ਮੰਤਰੀ ਨਾਲ ਹੋਈ ਜਿਨ੍ਹਾਂ ਦੇ ਧਿਆਨ ’ਚ ਲਿਆਂਦਾ ਕਿ ਯੋਗ ਉਮੀਦਵਾਰ ਹੋਣ ਦੀ ਸੂਰਤ ਵਿੱਚ ਬੈਕਲਾਗ ਦੀਆਂ ਬਕਾਇਆ ਅਸਾਮੀਆਂ ਨੂੰ ਕਾਨੂੰਨਾਂ ਮੁਤਾਬਕ ਸਬ-ਕੈਟੇਗਿਰੀਜ਼ ਤੋਂ ਮੁੱਖ ਕੈਟਾਗਰੀਆਂ ਵਿੱਚ ਮਰਜ਼ ਕਰ ਕੇ ਨਾਲ ਹੀ ਭਰਿਆ ਜਾਣਾ ਹੈ ਅਤੇ ਬਕਾਇਆ ਅਸਾਮੀਆਂ ਨੂੰ ਅੱਗੇ ਨਹੀਂ ਪਾਇਆ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਯਮਾਂ ਤਹਿਤ ਸਿੱਖਿਆ ਮੰਤਰੀ ਵੱਲੋਂ ਬੈਕਲਾਗ ਦੀ ਫਾਈਲ ’ਤੇ ਦਸਤਖ਼ਤ ਕਰ ਕੇ ਬੈਕਲਾਗ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਡੀਪੀਆਈ ਐਲੀਮੈਂਟਰੀ ਨੂੰ ਜਮ੍ਹਾਂ ਕਰਾਉਣ ਦੇ ਆਦੇਸ਼ ਦਿੱਤੇ ਗਏ ਸਨ ਪਰ ਹਾਲੇ ਤੱਕ ਇਹ ਕੰਮ ਸ਼ੁਰੂ ਨਹੀਂ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਸਿੱਖਿਆ ਮੰਤਰੀ ਨਾਲ 7 ਫਰਵਰੀ ਦੀ ਪੈਨਲ ਮੀਟਿੰਗ ਨਿਸ਼ਚਿਤ ਕਰਾਉਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।