ਈਟੀਟੀ ਭਰਤੀ: ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮਰਨ ਵਰਤ ਦਾ ਐਲਾਨ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਅਕਤੂਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਆਪਣੀਆਂ ਮੰਗਾਂ ਲਈ 15 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠੇ 5994 ਈਟੀਟੀ ਟੈੱਟ ਪਾਸ ਯੂਨੀਅਨ ਦੇ ਦੋ ਮੈਂਬਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਟੈਂਕੀ ’ਤੇ ਬੈਠੇ ਬੇਰੁਜ਼ਗਾਰ ਯੂਨੀਅਨ ਆਗੂਆਂ ਦਾ ਰੋਟੀ-ਪਾਣੀ ਰੋਕ ਦਿੱਤਾ ਹੈ। ਇਸ ਤੋਂ ਬਾਅਦ ਬੇਰੁਜ਼ਗਾਰ ਯੂਨੀਅਨ ਨੇ ਅੱਜ ਸਵੇਰੇ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ’ਤੇ ਗੁੱਸੇ ਵਿੱਚ ਆਏ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੇ ਟੈਂਕੀ ’ਤੇ ਬੈਠੇ ਦੋ ਬੇਰੁਜ਼ਗਾਰ ਅਧਿਆਪਕਾਂ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਲਈ ਰੋਟੀ-ਪਾਣੀ ਉਪਰ ਭੇਜਣ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਰੋਹ ਵਿੱਚ ਆ ਕੇ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੇ ਮਰਨ ਦਾ ਐਲਾਨ ਕਰ ਦਿੱਤਾ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੇ ਕਹਿਣ ’ਤੇ ਪਿੰਡ ਢੇਰ ਦੇ ਸ਼ਿਵ ਮੰਦਰ ਦੀ ਪ੍ਰਬੰਧਕ ਕਮੇਟੀ ਯੂਨੀਅਨ ਦਾ ਸਾਰਾ ਸਾਮਾਨ ਕਮਰੇ ਵਿੱਚੋਂ ਬਾਹਰ ਕੱਢ ਕੇ ਰੱਖ ਦਿੱਤਾ ਹੈ। ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬਲਿਹਾਰ ਸਿੰਘ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਅਸ਼ੋਕ ਬਾਵਾ, ਹਰੀਸ਼ ਫਾਜ਼ਿਲਕਾ ਅਤੇ ਪ੍ਰਗਟ ਬੋਹਾ ਨੇ ਕਿਹਾ ਕਿ ਟੈਂਕੀ ’ਤੇ ਬੈਠੇ ਦੋਵੇਂ ਬੇਰੁਜ਼ਗਾਰ ਅਧਿਆਪਕ ਹੁਣ ਨਿਯੁਕਤੀ ਪੱਤਰ ਜਾਰੀ ਹੋਣ ਮਗਰੋਂ ਹੀ ਹੇਠਾਂ ਉਤਰਨਗੇ।
ਪੁਲੀਸ ਨੇ ਦੋਸ਼ਾਂ ਨੂੰ ਨਕਾਰਿਆ
ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਇੱਕ ਦਿਨ ਯੂਨੀਅਨ ਵਾਲਿਆਂ ਨੇ ਟੈਂਕੀ ’ਤੇ ਚਾਕੂ ਭੇਜਣ ਦੀ ਕੋਸ਼ਿਸ਼ ਕੀਤੀ ਸੀ ਜੋ ਉਨ੍ਹਾਂ ਰੋਕ ਦਿੱਤਾ। ਰੋਟੀ-ਪਾਣੀ ਰੋਕਣ ਦੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਰੋਟੀ-ਪਾਣੀ ਨਾ ਰੋਕਿਆ ਹੈ ਤੇ ਨਾ ਹੀ ਰੋਕਿਆ ਜਾ ਸਕਦਾ ਹੈ।