ਈਟੀਟੀ ਭਰਤੀ: ਬੇਰੁਜ਼ਗਾਰਾਂ ਅਧਿਆਪਕਾਂ ਨੇ ਬਾਜ਼ਾਰਾਂ ’ਚ ਭੀਖ ਮੰਗੀ
ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 25 ਅਕਤੂਬਰ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿੱਚ ਪਿਛਲੇ 25 ਦਿਨਾਂ ਤੋਂ ਧਰਨਾ ਦੇ ਰਹੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਮੁੱਖ ਬਾਜ਼ਾਰਾਂ ਵਿੱਚ ਭੀਖ ਮੰਗ ਕੇ ਅਤੇ ਬੱਸ ਸਟੈਂਡ ਵਿੱਚ ਲੋਕਾਂ ਦੇ ਬੂਟ ਪਾਲਿਸ਼ ਕਰਕੇ ‘ਆਪ’ ਸਰਕਾਰ ਖਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਪੈਂਫਲੇਟ ਵੀ ਵੰਡੇ ਜਿਸ ਵਿੱਚ ਈਟੀਟੀ 5994 ਭਰਤੀ ਸਬੰਧੀ ਵੱਖ-ਵੱਖ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਦੌਰਾਨ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕ ਰਜਨੀ ਬਾਲਾ ਦਾ ਮਰਨ ਵਰਤ ਅੱਜ ਤੀਜੇ ਦਿਨ ਵੀ ਜਾਰੀ ਰਿਹਾ, ਜਦਕਿ ਪਿਛਲੇ 22 ਦਿਨਾਂ ਤੋਂ ਟੈਂਕੀ ’ਤੇ ਚੜ੍ਹੇ ਦੋ ਉਮੀਦਵਾਰਾਂ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਦੀ ਭੁੱਖ ਹੜਤਾਲ ਦੂਜੇ ਦਿਨ ਵਿੱਚ ਦਾਖ਼ਲ ਹੋ ਗਈ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਬਲਿਹਾਰ ਸਿੰਘ, ਅਸ਼ੋਕ ਬਾਵਾ, ਹਰੀਸ਼ ਫਾਜ਼ਿਲਕਾ ਅਤੇ ਪ੍ਰਗਟ ਬੋਹਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਚ ਲਗਾਏ ਧਰਨੇ ਨੂੰ ਅੱਜ ਲਗਪਗ 25 ਦਿਨ ਹੋ ਗਏ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ।
ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਾਵੇ ਤਾਂ ਜੋ ਉਹ ਆਪਣੀਆਂ ਸੇਵਾਵਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਦੇ ਸਕਣ।