For the best experience, open
https://m.punjabitribuneonline.com
on your mobile browser.
Advertisement

ਈਟੀਟੀ ਪ੍ਰੀਖਿਆ: ਪੰਜਾਬੀ ਵਿੱਚੋਂ 27 ਫੀਸਦ ਉਮੀਦਵਾਰ ਫ਼ੇਲ੍ਹ

10:39 AM Jul 10, 2023 IST
ਈਟੀਟੀ ਪ੍ਰੀਖਿਆ  ਪੰਜਾਬੀ ਵਿੱਚੋਂ 27 ਫੀਸਦ ਉਮੀਦਵਾਰ ਫ਼ੇਲ੍ਹ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 9 ਜੁਲਾਈ
ਪੰਜਾਬ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਵਾਸਤੇ ਲਈ ਗਈ ਈਟੀਟੀ ਪ੍ਰੀਖਿਆ ਵਿੱਚ 27 ਫ਼ੀਸਦ ਉਮੀਦਵਾਰ ਪੰਜਾਬੀ ਵਿਸ਼ੇ ’ਚ ਫ਼ੇਲ੍ਹ ਹੋ ਗਏ ਹਨ। ਇਹ ਨਤੀਜਾ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਆਪਣੀ ਵੈਬਸਾਈਟ ਰਾਹੀਂ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਈਟੀਟੀ ਦੀ ਪ੍ਰੀਖਿਆ ਦੇਣ ਲਈ ਸੂਬੇ ਦੇ 22,358 ਉਮੀਦਵਾਰਾਂ ਨੇ ਫਾਰਮ ਭਰੇ ਸਨ। ਇਸ ਵਿੱਚੋਂ ਕੁੱਲ 19,855 ਉਮੀਦਵਾਰ ਲਿਖਤੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 14,360 ਉਮੀਦਵਾਰਾਂ ਨੇ 50 ਫ਼ੀਸਦ ਅੰਕ ਹਾਸਲ ਕਰਕੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰ ਲਈ ਹੈ ਜਦੋਂਕਿ 5,495 ਉਮੀਦਵਾਰ ਪੰਜਾਬੀ ਭਾਸ਼ਾ ਦੀ ਪਹਿਲੀ ਪ੍ਰੀਖਿਆ ਵਿੱਚੋਂ 50 ਫ਼ੀਸਦ ਅੰਕ ਵੀ ਹਾਸਲ ਕਰਨ ’ਚ ਨਾਕਾਮ ਰਹੇ ਹਨ ਜਿਨ੍ਹਾਂ ਦੀ ਦਰ 27 ਫ਼ੀਸਦੀ ਬਣਦੀ ਹੈ। ਈਟੀਟੀ ਦੇ ਨਤੀਜਿਆਂ ’ਤੇ ਨਜ਼ਰ ਮਾਰਨ ’ਤੇ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਦੀ ਪ੍ਰੀਖਿਆ ਵਿੱਚੋਂ ਫ਼ੇਲ੍ਹ ਹੋਣ ਵਾਲੇ 5,495 ਉਮੀਦਵਾਰਾਂ ਵਿੱਚੋਂ 1,666 ਉਮੀਦਵਾਰਾਂ ਦੇ ਨੰਬਰ 40 ਫ਼ੀਸਦ ਤੋਂ ਘੱਟ ਆਏ ਹਨ। ਇਸੇ ਤਰ੍ਹਾਂ 132 ਉਮੀਦਵਾਰਾਂ ਦੇ ਨੰਬਰ 30 ਫ਼ੀਸਦ ਅਤੇ 20 ਉਮੀਦਵਾਰਾਂ ਦੇ ਨੰਬਰ 25 ਤੋਂ ਵੀ ਘੱਟ ਆਏ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਲਈ ਕੱਢੀਆਂ ਜਾਣ ਵਾਲੀਆਂ ਅਸਾਮੀਆਂ ਵਿੱਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਵਿੱਚੋਂ ਘੱਟੋ-ਘੱਟ ਪੰਜਾਹ ਫ਼ੀਸਦੀ ਅੰਕ ਹਾਸਲ ਕਰਨੇ ਲਾਜ਼ਮੀ ਹਨ ਜਦੋਂਕਿ 50 ਫ਼ੀਸਦ ਅੰਕ ਹਾਸਲ ਨਾ ਕਰਨ ਵਾਲੇ ਉਮੀਦਵਾਰ ਅੱਗੇ ਈਟੀਟੀ ਦੀ ਪ੍ਰੀਖਿਆ ਵਿੱਚ ਨਹੀਂ ਬੈਠ ਸਕਦੇ। ਇਸ ਤੋਂ ਪਹਿਲਾਂ ਵੀ ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਵਾਸਤੇ ਹੋਈ ਪ੍ਰੀਖਿਆ ਵਿੱਚ ਵੀ 38 ਫ਼ੀਸਦ ਦੇ ਕਰੀਬ ਉਮੀਦਵਾਰ ਪੰਜਾਬੀ ਭਾਸ਼ਾ ਵਿੱਚੋਂ ਫੇਲ੍ਹ ਹੋ ਗਏ ਸਨ। ਇਸੇ ਤਰ੍ਹਾਂ ਅਧੀਨ ਸੇਵਾਵਾਂ ਬੋਰਡ ਵੱਲੋਂ ਸਟੈਨੋ ਟਾਈਪਿਸਟਾਂ ਦੀਆਂ ਅਸਾਮੀਆਂ ਵਾਸਤੇ ਲਈ ਗਈ ਲਿਖਤੀ ਪ੍ਰੀਖਿਆ ਵਿੱਚ 4627 ਉਮੀਦਵਾਰਾਂ ਵਿੱਚੋਂ 2038 ਉਮੀਦਵਾਰ ਪੰਜਾਬੀ ਵਿੱਚੋਂ ਫੇਲ੍ਹ ਹੋ ਗਏ ਸਨ।

Advertisement

ਪੰਜਾਬੀ ਦੀ ਪ੍ਰੀਖਿਆ ਵਿੱਚ ਲੜਕੀਆਂ ਮੋਹਰੀ
ਈਟੀਟੀ ਦੀ ਪੰਜਾਬੀ ਦੀ ਪ੍ਰੀਖਿਆ ਵਿੱਚੋਂ ਲੜਕੀਆਂ ਮੋਹਰੀ ਰਹੀਆਂ ਹਨ। ਪੰਜਾਬੀ ਦੀ ਪ੍ਰੀਖਿਆ ਵਿੱਚ 94 ਫ਼ੀਸਦ ਜਾਂ ਇਸ ਤੋਂ ਵੱਧ ਅੰਕ ਲੈਣ ਵਾਲੇ 9 ਉਮੀਦਵਾਰਾਂ ਵਿੱਚ 7 ਲੜਕੀਆਂ ਸ਼ਾਮਲ ਹਨ ਜਦੋਂਕਿ ਸਭ ਤੋਂ ਵੱਧ ਅੰਕ ਵੀ ਚਾਰ ਲੜਕੀਆਂ ਨੇ ਹਾਸਲ ਕੀਤੇ ਸਨ। ਇਨ੍ਹਾਂ ਵਿੱਚੋਂ ਇਕ ਲੜਕੀ ਨੇ 96 ਫੀਸਦੀ ਤੇ ਤਿੰਨ ਲੜਕੀਆਂ ਨੇ 95 ਫ਼ੀਸਦ ਅੰਕ ਹਾਸਲ ਕੀਤੇ ਹਨ। ਹਾਲਾਂਕਿ 94 ਫੀਸਦੀ ਅੰਕ ਲੈਣ ਵਾਲੇ ਪੰਜ ਉਮੀਦਵਾਰਾਂ ਵਿੱਚ ਵੀ ਤਿੰਨ ਲੜਕੀਆਂ ਸ਼ਾਮਲ ਹਨ।

Advertisement
Tags :
Author Image

Advertisement
Advertisement
×