ਈਟੀਓ ਨੇ ਜੰਡਿਆਲਾ ਗੁਰੂ ’ਚ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 23 ਨਵੰਬਰ
ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ’ਚ 2 ਕਰੋੜ 33 ਲੱਖ ਦੇ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਭਰ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਜਾਰੀ ਹਨ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹੋਰ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਸੂਬਾ ਵਾਸੀਆਂ ਨੇ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ ਜਿਸ ਸਦਕਾ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੰਡਿਆਲਾ ਗੁਰੂ ਵਿੱਚ ਵਿਕਾਸ ਕਾਰਜਾਂ ਲਈ 4 ਕਰੋੜ 26 ਲੱਖ ਰੁਪਏ ਦੇ ਟੈਂਡਰ ਪਾਸ ਹੋ ਚੁੱਕੇ ਹਨ ਜਿਸ ਅਧੀਨ ਕਰੀਬ 25 ਗਲੀਆਂ ਦਾ ਕੰਮ ਕੀਤਾ ਜਾਣਾ ਹੈ। ਇਸ ਤਹਿਤ ਅੱਜ ਅੱਠ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ’ਤੇ 2.33 ਕਰੋੜ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਇਹ ਸਾਰੇ ਵਿਕਾਸ ਕਾਰਜ ਤਿੰਨ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣਗੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮਿੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਜੰਡਿਆਲਾ ਹਲਕੇ ਨੂੰ ਨਮੂਨੇ ਦਾ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ।
ਇਸ ਮੌਕੇ ਨਰੇਸ਼ ਪਾਠਕ ਵਲੋਂ ਜ਼ਿਮਨੀ ਚੋਣਾਂ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਕੈਬਨਿਟ ਮੰਤਰੀ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਅਤੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੀ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਏਗੀ।