ਈਟੀਓ ਨੇ ਚਹੁੰ-ਮਾਰਗੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 1 ਫਰਵਰੀ
ਅੰਮ੍ਰਿਤਸਰ ਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਸੜਕ ਨੂੰ ਚਹੁੰ-ਮਾਰਗੀ ਕਰਨ ਲਈ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਲਗਪਗ 70 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਚਾਰ ਮਾਰਗੀ ਹੋਵੇਗੀ। ਉਨ੍ਹਾਂ ਕਿਹਾ ਕਿ 30 ਫੁੱਟ ਚੌੜੀ ਇਸ ਸੜਕ ਦੀ ਹੁਣ ਤਕ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਸੀ। ਜਦੋਂ ਕਿ ਇਹ ਸੜਕ ਸ੍ਰੀ ਦਰਬਾਰ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ, ਗੁਰਦੁਆਰਾ ਟਾਹਲਾ ਸਾਹਿਬ, ਬਾਬਾ ਨੌਧ ਸਿੰਘ ਦੀ ਸਮਾਧ, ਤਰਨਤਾਰਨ, ਸੰਗਰਾਣਾ ਸਾਹਿਬ, ਗੋਇੰਦਵਾਲ ਸਾਹਿਬ ਵਰਗੇ ਵੱਡੇ ਗੁਰੂ ਘਰਾਂ ਨੂੰ ਮਿਲਾਉਂਦੀ ਹੈ। ਇਹ ਸੜਕ ਹੁਣ ਦੋਵੇਂ ਪਾਸੇ 23-23 ਫੁੱਟ ਚੌੜੀ ਹੋਵੇਗੀ ਅਤੇ ਵਿਚਾਲੇ 6.5 ਫੁੱਟ ਦਾ ਡਿਵਾਈਡਰ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਟਾਹਲਾ ਸਾਹਿਬ ਤੇ ਸੰਗਰਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਖਰੀ 10-10 ਫੁੱਟ ਦੀ ਸਲਿਪ ਰੋਡ ਬਣਾਈ ਜਾਵੇਗੀ। ਇਸ ਦੇ ਨਾਲ ਪਾਣੀ ਦੇ ਨਿਕਾਸ ਲਈ ਡਰੇਨੇਜ ਸਿਸਟਮ ਅਤੇ 70 ਲੱਖ ਰੁਪਏ ਦੀਆਂ ਸਟਰੀਟ ਲਾਈਟਾਂ ਵੀ ਲਗਾਈਆ ਜਾਣਗੀਆਂ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਨਵਾਂ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਨੂੰ ਹਰ ਪੱਖ ਤੋਂ ਮਜ਼ਬੂਤ ਕਰ ਰਹੀ ਹੈ। ਇਸ ਮੌਕੇ ਹਲਕੇ ਨਾਲ ਸਬੰਧਤ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਲਜੀਤ ਸਿੰਘ ਖਹਿਰਾ ਲੋਕ ਸਭਾ ਇੰਚਾਰਜ ਹਲਕਾ ਖਡੂਰ ਸਾਹਿਬ, ਚੇਅਰਮੈਨ ਛਨਾਖ ਸਿੰਘ, ਸੀਮਾ ਸੋਢੀ ਮਹਿਲਾ ਪ੍ਰਧਾਨ, ਸਰਬਜੀਤ ਸਿੰਘ ਡਿੰਪੀ ਆਦਿ ਹਾਜ਼ਰ ਸਨ।