ਈਟੀਓ ਨੇ ਮਜੀਠਾ-ਫਤਿਹਗੜ੍ਹ ਚੂੜੀਆਂ ਸੜਕ ਦਾ ਨੀਂਹ ਪੱਥਰ ਰੱਖਿਆ
ਲਖਨਪਾਲ ਸਿੰਘ
ਮਜੀਠਾ, 14 ਨਵੰਬਰ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਜੀਠਾ-ਫਤਿਹਗੜ੍ਹ ਚੂੜੀਆਂ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹਲਕਾ ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਵੀ ਹਾਜ਼ਰ ਸਨ। ਸੜਕ ਦੇ ਨੀਂਹ ਪੱਥਰ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ‘ਆਪ’ ਦੀ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ ਲਪਗਤ 13 ਕਰੋੜ ਰੁਪਏ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਨਿਰਮਾਣ ਲੋਕਾਂ ਦੀ ਪੁਰਾਣੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ 3800 ਕਰੋੜ ਰੁਪਏ ਮਿਲਣ ’ਤੇ ਬਾਕੀ ਸੜਕਾਂ ਦੀ ਉਸਾਰੀ ਸਮੇਤ ਮੁਰੰਮਤ ਵੀ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਮਜੀਠਾ ਤੋਂ ਫਤਿਹਗੜ੍ਹ ਚੂੜੀਆਂ ਤੱਕ 14 ਕਿਲੋਮੀਟਰ ਸੜਕ ਨੂੰ ਬਣਾਉਣ ਲਈ ਪਿਛਲੇ ਸਮੇਂ ਵਿੱਚ ਸਥਾਨਕ ਲੋਕਾਂ ਵਲੋਂ ਜਿੱਥੇ ਰੋਸ ਮੁਜ਼ਾਹਰੇ ਕੀਤੇ ਗਏ ਉਥੇ ਹੀ ਮਜੀਠਾ ਹਲਕੇ ਦੀ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਨੇ ਸੜਕ ਨੂੰ ਬਣਾਉਣ ਲਈ ਹਲਕੇ ਦੇ ਲੋਕਾਂ ਦੀ ਆਵਾਜ਼ ਵਿਧਾਨ ਸਭਾ ਵਿੱਚ ਉਠਾਈ ਸੀ, ਜਿਸ ’ਤੇ ਸਰਕਾਰ ਵਲੋਂ ਇਸ ਸੜਕ ਨੂੰ ਬਣਾਉਣ ਲਈ ਟੈਂਡਰ ਅਲਾਟ ਕੀਤਾ ਗਿਆ ਹੈ। ਇਸ ਮੌਕੇ ‘ਆਪ’ ਆਗੂ ਡਾ. ਸਤਿੰਦਰ ਕੌਰ ਮਜੀਠਾ, ਅਕਾਲੀ ਆਗੂ ਜੋਧ ਸਿੰਘ ਸਮਰਾ, ਪ੍ਰਿਤਪਾਲ ਸਿੰਘ ਬੱਲ, ਚੇਅਰਮੈਨ ਬਲਜੀਤ ਸਿੰਘ ਜਜਿੇਆਣੀ, ਦੁਰਗਾ ਦਾਸ ਪਟਵਾਰੀ, ਤਰੁਣ ਅਬਰੋਲ, ਬਚਿੱਤਰ ਸਿੰਘ ਲਾਲੀ ਢਿੰਗਨੰਗਲ, ਬਲਵਿੰਦਰ ਸਿੰਘ, ਪ੍ਰਭਦਿਆਲ ਸਿੰਘ, ਰਣਜੀਤ ਸਿੰਘ ਭੋਮਾਂ ਪ੍ਰਧਾਨ ਸਮਾਜ ਸੁਧਾਰ ਸੰਸਥਾ ਪੰਜਾਬ, ਹੋਰ ਪਾਰਟੀਆਂ ਦੇ ਆਗੂ ਹਾਜ਼ਰ ਸਨ।