ਕਰਵਾ ਚੌਥ ਮੌਕੇ 22 ਹਜ਼ਾਰ ਕਰੋੜ ਦਾ ਕਾਰੋਬਾਰ ਹੋਣ ਦਾ ਅਨੁਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਕਰਵਾ ਚੌਥ ਦੇ ਮੌਕੇ ’ਤੇ ਦਿੱਲੀ ਅਤੇ ਦੇਸ਼ ਦੇ ਬਾਜ਼ਾਰਾਂ ਵਿੱਚ ਕਰੀਬ 22 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਣ ਦਾ ਅਨੁਮਾਨ ਹੈ। ਪਿਛਲੇ ਸਾਲ ਇਹ ਅੰਕੜਾ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਸੀ। ਚਾਂਦਨੀ ਚੌਕ ਦੇ ਲੋਕ ਸਭਾ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਕਰਵਾ ਚੌਥ ਮੌਕੇ ਭਾਰਤ ਵਿੱਚ ਬਣੀਆਂ ਵਸਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤਿਉਹਾਰ ਭਾਰਤ ਵਿੱਚ ਬਣੀਆਂ ਵਸਤਾਂ ਦੀ ਵਰਤੋਂ ਕਰਨ ਦਾ ਸੁਨੇਹਾ ਦਿੰਦਾ ਹੈ। ਪਿਛਲੇ 3 ਦਿਨਾਂ ਤੋਂ ਇਸ ਤਿਉਹਾਰ ਦੀ ਖਰੀਦਦਾਰੀ ਨੂੰ ਲੈ ਕੇ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਕੱਪੜਿਆਂ, ਗਹਿਣਿਆਂ, ਮੇਕਅੱਪ-ਕਾਸਮੈਟਿਕਸ, ਤੋਹਫ਼ਿਆਂ ਦੀਆਂ ਵਸਤੂਆਂ ਅਤੇ ਪੂਜਾ ਦੀਆਂ ਵਸਤੂਆਂ ਨੂੰ ਲੈ ਕੇ ਬਹੁਤ ਜ਼ਿਆਦਾ ਖਰੀਦਦਾਰੀ ਹੋ ਰਹੀ ਸੀ। ਖੰਡੇਲਵਾਲ ਨੇ ਦੱਸਿਆ ਕਿ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਲਗਪਗ 4,000 ਕਰੋੜ ਰੁਪਏ ਦੀ ਵਿਕਰੀ ਹੋਈ ਹੈ। ਵਪਾਰੀਆਂ ਮੁਤਾਬਕ ਕਰਵਾ ਚੌਥ ਦੇ ਤਿਉਹਾਰ ’ਤੇ ਦੇਸ਼ ਭਰ ਵਿੱਚ ਕਰੀਬ 22 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਵੇਗਾ। ਦਿੱਲੀ ਸਣੇ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ। ਤਿਉਹਾਰਾਂ ਦੇ ਸੀਜ਼ਨ ਦੌਰਾਨ ਮਰਦ ਅਤੇ ਔਰਤਾਂ ਵੱਡੇ ਪੱਧਰ ’ਤੇ ਖਰੀਦਦਾਰੀ ਕਰ ਰਹੇ ਹਨ।
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਰੌਣਕ ਨਜ਼ਰ ਆ ਰਹੀ ਹੈ। ਸ੍ਰੀ ਖੰਡੇਲਵਾਲ ਨੇ ਦੱਸਿਆ ਕਿ ਕਰਵਾ ਚੌਥ ’ਤੇ ਗਹਿਣੇ, ਕੱਪੜੇ, ਮੇਕਅੱਪ ਸਮੱਗਰੀ, ਸਾੜੀਆਂ, ਪੂਜਾ ਕੈਲੰਡਰ ਅਤੇ ਪੂਜਾ ਸਮੱਗਰੀ ਤੋਂ ਲੈ ਕੇ ਕਰਵਾ, ਛਾਣਨੀ, ਦੀਵਾ, ਫੁੱਲਾਂ ਅਤੇ ਪੂਜਾ ਨਾਲ ਸਬੰਧਤ ਹੋਰ ਸਮੱਗਰੀ ਖਰੀਦੀ ਗਈ ਹੈ।