ਘੋੜਸਵਾਰੀ ਚੈਂਪੀਅਨਸ਼ਿਪ: ਅਸਾਮ ਰਾਈਫਲ ਟੀਮ ਪਹਿਲੇ ਸਥਾਨ ’ਤੇ
ਹਤਿੰਦਰ ਮਹਿਤਾ
ਜਲੰਧਰ, 23 ਫਰਵਰੀ
ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ 15 ਤੋਂ 23 ਫਰਵਰੀ ਤੱਕ ਪੀ.ਏ.ਪੀ. ਕੰਪਲੈਕਸ, ਜਲੰਧਰ ਦੀ ਸਪੋਰਟਸ-ਕਮ-ਟਰੇਨਿੰਗ ਗਰਾਂਊਡ ਵਿੱਚ ਡਾਇਰੈਕਟਰ ਜਨਰਲ ਆਫ ਪੁਲੀਸ ਗੌਰਵ ਯਾਦਵ ਦੀ ਰਹਿਨੁਮਾਈ ਹੇਠ ਕਰਵਾਈ ਗਈ। ਇਸ ਦੇ ਸਮਾਪਤੀ ਸਮਾਗਮ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ, ਸਟੇਟ ਆਰਮਡ ਪੁਲੀਸ ਪੰਜਾਬ ਐੱਫ.ਐੱਫ. ਫਾਰੂਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਘੋੜਸਵਾਰੀ ਚੈਂਪੀਅਨਸ਼ਿਪ ਦੇ ਈਵੈਂਟ ਨੇਜਾਬਾਜ਼ੀ ਵਿੱਚ ਦਰੂਵਾ ਟੀਮ ਨੇ 134.5 ਅੰਕ ਹਾਸਲ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਅਤੇ ਗੋਲਡ ਮੈਡਲ ਜਿੱਤਿਆ।
ਇਸੇ ਤਰ੍ਹਾਂ 61 ਕੈਵਲਰੀ (ਆਰਮੀ) ਟੀਮ ਨੇ 133.5 ਅੰਕ ਹਾਸਲ ਕਰ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਅਸਾਮ ਰਾਈਫਲ ਟੀਮ ਨੇ 132 ਅੰਕ ਹਾਸਲ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ। ਘੋੜਸਵਾਰੀ ਚੈਂਪੀਅਨਸ਼ਿਪ ਵਿੱਚ ਬੈਸਟ ਟੀਮ ਓਵਰਆਲ ਅਸਾਮ ਰਾਈਫਲ ਟੀਮ ਪਹਿਲੇ ਸਥਾਨ ’ਤੇ ਰਹੀ ਅਤੇ ਗੋਲਡ ਮੈਡਲ ਹਾਸਲ ਕੀਤਾ ਜਦਕਿ ਦੂਜੇ ਸਥਾਨ ’ਤੇ ਦਰੂਵਾ ਟੀਮ ਅਤੇ ਤੀਜੇ ਸਥਾਨ ’ਤੇ ਇੰਡੀਅਨ ਨੇਵੀ ਟੀਮ ਰਹੀ।
ਇਸ ਚੈਂਪੀਅਨਸ਼ਿਪ ਵਿੱਚ ਬੈਸਟ ਰਾਈਡਰ ਓਵਰਆਲ ਦਾ ਖਿਤਾਬ ਅਸਾਮ ਰਾਈਫਲ ਟੀਮ ਦੇ ਡਬਯੂ ਲਮਾਟੇ ਨੇ ਆਪਣੇ ਘੋੜੇ ਮਨਾਰਕੋ ਨਾਲ ਆਪਣੇ ਨਾਮ ਕੀਤਾ। ਮੁੱਖ ਮਹਿਮਾਨ ਨੇ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਗਿੰਗ-2024-25 ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਘੋੜਸਵਾਰ ਖਿਡਾਰੀਆਂ ਪਾਸੋਂ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਬਾਅਦ ਵਿੱਚ ਡੀਆਈਜੀ ਪ੍ਰਸ਼ਾਸਨ ਪੀਏਪੀ ਇੰਦਰਬੀਰ ਸਿੰਘ ਵੱਲੋ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ ਅਤੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ। ਅੰਤ ਵਿੱਚ ਮੁੱਖ ਮਹਿਮਾਨ ਨੇ ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।