EPFO ਨੇ ਰੁਜ਼ਗਾਰਦਾਤਿਆਂ ਲਈ ਉਜਰਤਾਂ ਬਾਰੇ ਜਾਣਕਾਰੀ ਦੇਣ ਦੀ ਆਖ਼ਰੀ ਤਰੀਕ ਵਧਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਦਸੰਬਰ
ਸੇਵਾਮੁਕਤੀ ਫੰਡ ਸੰਸਥਾ - ਐਂਪਲਾਈਜ਼ ਪ੍ਰਾਵੀਡੈਂਟ ਫ਼ੰਡ ਆਰਗੇਨਾਈਜ਼ੇਸ਼ਨ (EPFO) ਨੇ ਰੁਜ਼ਗਾਰਦਾਤਿਆਂ/ਮਾਲਕਾਂ ਨੂੰ ਉੱਚ ਤਨਖਾਹਾਂ 'ਤੇ ਪੈਨਸ਼ਨਾਂ ਨਾਲ ਸਬੰਧਤ ਵਿਕਲਪਾਂ ਜਾਂ ਸੰਯੁਕਤ ਵਿਕਲਪਾਂ ਦੀ ਪ੍ਰਮਾਣਿਕਤਾ ਲਈ ਲਟਕੀ ਰਹੀਆਂ ਅਰਜ਼ੀਆਂ ਦੀ ਪ੍ਰਕਿਰਿਆ ਅੱਗੇ ਵਧਾਉਣ ਅਤੇ ਅਪਲੋਡ ਕਰਨ ਲਈ ਆਖਰੀ ਵਾਰ ਤਰੀਕ ਵਧਾ ਦਿੱਤੀ ਹੈ। ਇਸ ਨੇ ਹੁਣ ਮਾਲਕਾਂ ਲਈ ਲੰਬਿਤ ਅਰਜ਼ੀਆਂ (ਜਿਨ੍ਹਾਂ ਦੀ ਗਿਣਤੀ ਲਗਭਗ 3 ਲੱਖ ਹੈ) ਦੀ ਪ੍ਰਕਿਰਿਆ ਅਤੇ ਅਪਲੋਡ ਕਰਨ ਲਈ 31 ਜਨਵਰੀ ਦੀ ਆਖਰੀ ਮਿਤੀ ਤੈਅ ਕੀਤੀ ਹੈ।
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਦੇ ਅਨੁਸਾਰ ਇਹ ਵਾਧਾ ਮਾਲਕਾਂ ਅਤੇ ਉਨ੍ਹਾਂ ਦੀਆਂ ਐਸੋਸੀਏਸ਼ਨਾਂ ਵੱਲੋਂ ਹੋਰ ਸਮਾਂ ਦਿੱਤੇ ਜਾਣ ਲਈ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਅਰਜ਼ੀਆਂ ਜਮ੍ਹਾਂ ਕਰਨ ਦੀ ਆਨਲਾਈਨ ਸਹੂਲਤ ਸ਼ੁਰੂ ਵਿੱਚ 26 ਫਰਵਰੀ, 2023 ਨੂੰ ਆਰੰਭ ਕੀਤੀ ਗਈ ਸੀ ਅਤੇ ਇਹ ਸਿਰਫ਼ 3 ਮਈ, 2023 ਤੱਕ ਉਪਲਬਧ ਰਹਿਣੀ ਸੀ। ਬਾਅਦ ਵਿਚ ਮੁਲਾਜ਼ਮਾਂ ਦੀਆਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਯੋਗ ਪੈਨਸ਼ਨਰਾਂ/ਮੈਂਬਰਾਂ ਨੂੰ ਅਰਜ਼ੀਆਂ ਦਾਇਰ ਕਰਨ ਲਈ ਪੂਰੇ ਚਾਰ ਮਹੀਨੇ ਦੇਣ ਕਰਨ ਲਈ ਸਮਾਂ 26 ਜੂਨ, 2023 ਤੱਕ ਦਾ ਵਧਾ ਦਿੱਤਾ ਗਿਆ ਸੀ।