ਸ੍ਰੀਨਗਰ ’ਚ ਠੰਢ ਨੇ ਪੰਜ ਦਹਾਕਿਆਂ ਦਾ ਰਿਕਾਰਡ ਤੋੜਿਆ
ਸ੍ਰੀਨਗਰ, 21 ਦਸੰਬਰ
ਕਸ਼ਮੀਰ ਵਿੱਚ ਅੱਜ 40 ਦਿਨਾਂ ਦੀ ਹੱਡ ਚੀਰਵੀਂ ਠੰਢ ਦਾ ਦੌਰ ‘ਚਿੱਲਈ ਕਲਾਂ’ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸ੍ਰੀਨਗਰ ਵਿੱਚ ਮਨਫੀ 8.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਬੀਤੀ ਰਾਤ ਪੰਜ ਦਹਾਕਿਆਂ ਵਿੱਚ ਦਸੰਬਰ ਦੀ ਸਭ ਤੋਂ ਠੰਢੀ ਰਾਤ ਰਹੀ। ਵਾਦੀ ਦੇ ਹੋਰ ਹਿੱਸਿਆਂ ਵਿੱਚ ਵੀ ਘੱਟੋ-ਘੱਟ ਤਾਪਮਾਨ ਮਨਫੀ ਤੋਂ ਹੇਠਾਂ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸ੍ਰੀਨਗਰ ਵਿੱਚ ਬੀਤੀ ਰਾਤ ਤਾਪਮਾਨ ਮਨਫੀ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਮਨਫ਼ੀ 6.2 ਡਿਗਰੀ ਸੈਲਸੀਅਸ ਸੀ। ਇਸ ਮਹੀਨੇ ਵਿੱਚ ਸ੍ਰੀਨਗਰ ਦਾ ਹੁਣ ਤੱਕ ਦਾ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 13 ਦਸੰਬਰ 1934 ਨੂੰ ਮਨਫੀ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 1974 ਵਿੱਚ ਇਹ 10.3 ਡਿਗਰੀ ਸੈਲਸੀਅਸ ਸੀ। ਕੜਾਕੇ ਦੀ ਠੰਢ ਕਾਰਨ ਮਸ਼ਹੂਰ ਡੱਲ ਝੀਲ ਦੇ ਕੁਝ ਹਿੱਸਿਆਂ ਸਮੇਤ ਕਈ ਹੋਰ ਨਦੀਆਂ ਅਤੇ ਝੀਲਾਂ ਜੰਮ ਗਈਆਂ ਹਨ। ਦੱਖਣੀ ਕਸ਼ਮੀਰ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ਵਿੱਚ ਘੱਟੋ ਘੱਟ ਤਾਪਮਾਨ ਮਨਫੀ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਗੁਲਮਰਗ ਇਹ ਮਨਫੀ 6.2 ਡਿਗਰੀ ਸੈਲਸੀਅਸ ਰਿਹਾ।
ਪੰਪੋਰ ਸ਼ਹਿਰ ਦੇ ਬਾਹਰਵਾਰ ਛੋਟਾ ਜਿਹਾ ਪਿੰਡ ਕੋਨੀਬਲ ਵਾਦੀ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 8.2, ਕੁਪਵਾੜਾ ਵਿੱਚ ਮਨਫੀ 7.2 ਅਤੇ ਕੋਕਰਨਾਗ ਵਿੱਚ ਮਨਫੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ 1998 ਤੋਂ ਬਾਅਦ ਕੁਪਵਾੜਾ ਵਿੱਚ ਦਸੰਬਰ ਦਾ ਸਭ ਤੋਂ ਘੱਟ ਤਾਪਮਾਨ ਸੀ। ਮੌਸਮ ਵਿਭਾਗ ਅਨੁਸਾਰ 26 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ 21-22 ਦਸੰਬਰ ਦੀ ਰਾਤ ਨੂੰ ਘਾਟੀ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਹੋ ਸਕਦੀ ਹੈ। -ਪੀਟੀਆਈ
ਹਿਮਾਚਲ ਵਿੱਚ ਵੱਖ-ਵੱਖ ਥਾਈਂ ਬਰਫ ਤੇ ਮੀਂਹ ਦੀ ਪੇਸ਼ੀਨਗੋਈ
ਸ਼ਿਮਲਾ: ਮੌਸਮ ਵਿਭਾਗ ਨੇ 23 ਅਤੇ 24 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਬਰਫ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਊਨਾ, ਹਮੀਰਪੁਰ, ਬਿਲਾਸਪੁਰ ਅਤੇ ਮੰਡੀ ’ਚ 24 ਦਸੰਬਰ ਤੱਕ ਸੀਤ ਲਹਿਰ ਲਈ ‘ਓਰੇਂਜ ਅਲਰਟ’ ਜਦਕਿ ਚੰਬਾ, ਕਾਂਗੜਾ ਅਤੇ ਕੁੱਲੂ ਲਈ 25 ਦਸੰਬਰ ਤੱਕ ‘ਯੈਲੇ ਅਲਰਟ’ ਜਾਰੀ ਕੀਤਾ ਗਿਆ ਹੈ। ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿਚਲਾ ਤਾਬੋ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਬੀਤੀ ਰਾਤ ਤਾਪਮਾਨ ਮਨਫੀ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ