For the best experience, open
https://m.punjabitribuneonline.com
on your mobile browser.
Advertisement

ਡੇਅਰੀਆਂ ਦਾ ਪ੍ਰਦੂਸ਼ਿਤ ਪਾਣੀ ਬੁੱਢੇ ਨਾਲੇ ’ਚ ਸੁੱਟਣ ’ਤੇ ਵਾਤਾਵਰਨ ਪ੍ਰੇਮੀਆਂ ਵਿੱਚ ਰੋਸ

07:45 AM Aug 28, 2023 IST
ਡੇਅਰੀਆਂ ਦਾ ਪ੍ਰਦੂਸ਼ਿਤ ਪਾਣੀ ਬੁੱਢੇ ਨਾਲੇ ’ਚ ਸੁੱਟਣ ’ਤੇ ਵਾਤਾਵਰਨ ਪ੍ਰੇਮੀਆਂ ਵਿੱਚ ਰੋਸ
ਈਟੀਪੀ ਪ੍ਰਾਜੈਕਟ ਦਾ ਦੌਰਾ ਕਰਦੇ ਹੋਏ ਵਾਤਾਵਰਨ ਪ੍ਰੇਮੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਵਾਤਾਵਰਨ ਪ੍ਰੇਮੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੁੱਢਾ ਦਰਿਆ ਪੈਦਲ ਯਾਤਰਾ ਭਾਗ-3 ਤਹਿਤ ਅੱਜ ਡੇਅਰੀਆਂ ਵਿੱਚ ਤਿਆਰ ਹੋ ਰਹੇ ਈਟੀਪੀ ਦਾ ਦੌਰਾ ਕੀਤਾ ਹੈ। ਇਸ ਦੌਰੇ ਦੌਰਾਨ ਦੇਖਿਆ ਗਿਆ ਕਿ ਡੇਅਰੀਆਂ ਦਾ ਪ੍ਰਦੂਸ਼ਿਤ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਸੁੱਟਿਆ ਜਾ ਰਿਹਾ ਸੀ, ਜਿਸ ’ਤੇ ਉਨ੍ਹਾਂ ਨੇ ਚਿੰਤਾ ਪ੍ਰਗਟਾਈ।
ਅੱਜ ਦੇ ਇਸ ਦੌਰੇ ਦੀ ਅਗਵਾਈ ਸੁਖਵਿੰਦਰ ਸਿੰਘ ਗੋਲਡੀ ਨੇ ਕੀਤੀ। ਉਨ੍ਹਾਂ ਨੇ ਉਕਤ ਪ੍ਰਾਜੈਕਟ ਦੇ ਕੰਮ ਦੀ ਹੌਲੀ ਚਾਲ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਨੁਮਾਇੰਦਿਆਂ ਨੇ ਇਸ ਪ੍ਰਾਜੈਕਟ ਵਿੱਚ ਲੱਗੇ ਕੰਪਨੀ ਦੇ ਨੁਮਾਇੰਦਿਆਂ ਨਾਲ ਈਟੀਪੀ ਦੇ ਨਿਰਮਾਣ ਦੀ ਨਿਗਰਾਨੀ, ਰੱਖ-ਰਖਾਅ ਅਤੇ ਪਲਾਂਟ ਨੂੰ ਚਲਾਉਣ ਲਈ ਜ਼ਿੰਮੇਵਾਰੀ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਪਤਾ ਲੱਗਾ ਹੈ ਕਿ ਈਟੀਪੀ ਪ੍ਰਾਜੈਕਟ ਦੋ ਹਿੱਸਿਆਂ ਵਿੱਚ ਦੋ ਵੱਖ ਵੱਖ ਥਾਵਾਂ ’ਤੇ ਲਗਭਗ ਅੱਧੇ ਕਿਲੋਮੀਟਰ ਦੀ ਦੂਰੀ ’ਤੇ ਵੰਡਿਆ ਗਿਆ ਹੈ। ਡੇਅਰੀ ਰਹਿੰਦ-ਖੂੰਹਦ ਪ੍ਰਾਜੈਕਟ ਦੇ ਪਹਿਲੇ ਹਿੱਸੇ ’ਚ ਗੋਹੇ ਤੋਂ ਬਿਜਲੀ ਬਣਾਉਣ ਅਤੇ ਬਚੇ ਹੋਏ ਗੋਹੇ ਨੂੰ ਖਾਦ ਵਜੋਂ ਪ੍ਰਯੋਗ ਲਿਆਉਣ ਦੀ ਪਲਾਨਿੰਗ ਹੈ। ਦੂਜੇ ਹਿੱਸੇ ’ਚ ਖੁੱਲ੍ਹੀਆਂ ਨਾਲੀਆਂ ਨੂੰ ਪਾਈਪਲਾਈਨ ਨਾਲ ਜੋੜਿਆ ਜਾਣਾ ਹੈ। ਇਸ ਰਾਹੀਂ ਪਾਣੀ ਵਿੱਚੋਂ ਚਿੱਕੜ ਅਤੇ ਹੋਰ ਗੰਦਗੀ ਸਾਫ ਕਰਨ ਤੋਂ ਬਾਅਦ ਪਾਣੀ ਬੁੱਢੇ ਦਰਿਆ ਵਿੱਚ ਸੁੱਟਿਆ ਜਾਵੇਗਾ ਪਰ ਮੌਜੂਦਾ ਸਮੇਂ ਕਈ ਡੇਅਰੀਆਂ ਦਾ ਗੰਦਾ ਪਾਣੀ ਬਿਨਾਂ ਸੋਧਿਆਂ ਸਿੱਧਾ ਬੁੱਢੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਪੈਦਲ ਯਾਤਰਾ ਦੌਰਾਨ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਆਪਣੇ ਗਲਿਆਂ ਵਿੱਚ ਵੱਖ ਵੱਖ ਨਾਅਰੇ ਲਿਖੀਆਂ ਤਖਤੀਆਂ ਵੀ ਪਾਈਆਂ ਹੋਈਆਂ ਸਨ। ਇਸ ਮੌਕੇ ਡਾ. ਵੀਪੀ ਮਿਸ਼ਰਾ, ਦਾਨ ਸਿੰਘ, ਹਰਦੇਵ ਸਿੰਘ, ਗਿਆਨ ਭਜਨ ਸਿੰਘ, ਅਨੀਤਾ ਸ਼ਰਮਾ, ਸ੍ਰੀਪਾਲ ਸ਼ਰਮਾ, ਯੋਗੇਸ਼ ਖੰਨਾ, ਆਰਐਸ ਅਰੋੜਾ, ਮਨਪ੍ਰੀਤ ਸਿੰਘ, ਪੂਜਾ ਸੇਨਗੁਪਤਾ, ਕ੍ਰਿਸ਼ਨੇਂਦੂ ਸੇਨਗੁਪਤਾ, ਕਰਨਲ ਜੇਐਸ ਗਿੱਲ, ਅਮੀਨ ਲਖਨਪਾਲ, ਵਿਜੇ ਕੁਮਾਰ, ਸੁਖਵਿੰਦਰ ਸਿੰਘ ਸੁੱਖਾ, ਗੁਰਬਚਨ ਸਿੰਘ ਬੱਤਰਾ ਅਤੇ ਕਰਨਲ ਸੀਐਮ ਲਖਨਪਾਲ ਆਦਿ ਨੇ ਵੀ ਸ਼ਿਰਕਤ ਕੀਤੀ।

Advertisement

Advertisement
Advertisement
Author Image

Advertisement