For the best experience, open
https://m.punjabitribuneonline.com
on your mobile browser.
Advertisement

ਵਾਤਾਵਰਨ ਦਾ ਸੰਕਟ ਅਤੇ ਗਾਂਧੀ ਦੀ ਵਿਰਾਸਤ

07:08 PM Jun 23, 2023 IST
ਵਾਤਾਵਰਨ ਦਾ ਸੰਕਟ ਅਤੇ ਗਾਂਧੀ ਦੀ ਵਿਰਾਸਤ
Advertisement

ਰਾਮਚੰਦਰ ਗੁਹਾ

Advertisement

1896 ਵਿੱਚ ਸਵੀਡਨ ਦੇ ਵਿਗਿਆਨੀ ਸਵਾਂਤੇ ਅਰਹੀਨੀਅਸ ਨੇ ਪਹਿਲੀ ਵਾਰ ਇਹ ਅਨੁਮਾਨ ਪੇਸ਼ ਕੀਤੇ ਕਿ ਮਨੁੱਖਾਂ ਦੁਆਰਾ ਪੈਦਾ ਕੀਤੀ ਜਾ ਰਹੀ ਕਾਰਬਨ-ਡਾਇਆਕਸਾਈਡ ਸੰਸਾਰ ਤਾਪਮਾਨ (ਆਲਮੀ ਤਪਸ਼) ਨੂੰ ਵਧਾ ਰਹੀ ਹੈ। 19ਵੀਂ ਸਦੀ ਵਿੱਚ ਹੀ ਫਰੈਡਰਿਕ ਏਂਜਲਸ ਨੇ ਲਿਖਿਆ ਸੀ, ”ਚੰਗਾ ਹੋਵੇ ਅਸੀਂ ਮਨੁੱਖ ਦੀਆਂ ਕੁਦਰਤ ‘ਤੇ ਜਿੱਤਾਂ ਦਾ ਏਨਾ ਜਸ਼ਨ ਨਾ ਮਨਾਈਏ। ਕੁਦਰਤ ਸਾਡੇ ਤੋਂ ਹਰ ਜਿੱਤ ਦਾ ਬਦਲਾ ਲੈਂਦੀ ਹੈ।” ਮਹਾਤਮਾ ਗਾਂਧੀ ਦੀ ਸੋਚ ਵਿੱਚ ਵੀ ਅਸੀਂ ਸਨਅਤੀਕਰਨ ਦੇ ਵਾਤਾਵਰਨ ‘ਤੇ ਪ੍ਰਭਾਵ ਬਾਰੇ ਅਜਿਹੀ ਸੋਚ ਦੀ ਪੈੜ ਵੇਖਦੇ ਹਾਂ।

ਤਕਰੀਬਨ ਤੀਹ ਸਾਲ ਪਹਿਲਾਂ ‘ਇੰਡਸਟ੍ਰੀਅਲਾਈਜ਼ – ਐਂਡ ਪੈਰਿਸ਼’ (ਸਨਅਤੀਕਰਨ ਕਰੋ ਤੇ ਬਰਬਾਦ ਹੋ ਜਾਓ) ਦੇ ਸਿਰਲੇਖ ਹੇਠ ਪ੍ਰਕਾਸ਼ਿਤ ਗਾਂਧੀ ਦੀਆਂ ਕੁਝ ਚੋਣਵੀਆਂ ਲਿਖਤਾਂ ਨੂੰ ਪੜ੍ਹਦਿਆਂ, ਕੁਝ ਸਖ਼ਤ ਟਿੱਪਣੀਆਂ ਮੇਰੀ ਨਜ਼ਰ ਹੇਠ ਆਈਆਂ ਸਨ ਜੋ ਪਹਿਲਾਂ ‘ਯੰਗ ਇੰਡੀਆ’ ਦੇ 20 ਦਸੰਬਰ 1928 ਦੇ ਅੰਕ ‘ਚ ਪ੍ਰਕਾਸ਼ਿਤ ਹੋਈਆਂ ਸਨ: ‘ਰੱਬ ਨਾ ਕਰੇ ਕਿ ਹਿੰਦੋਸਤਾਨ ਨੂੰ ਕਦੇ ਉਸੇ ਤਰ੍ਹਾਂ ਸਨਅਤੀਕਰਨ ਕਰਨਾ ਪਵੇ ਜਿਵੇਂ ਪੱਛਮ ਨੇ ਕੀਤਾ ਸੀ। ਇੱਕ ਛੋਟੇ ਜਿਹੇ ਟਾਪੂ ਦੀ ਸਲਤਨਤ (ਇੰਗਲੈਂਡ) ਦੇ ਆਰਥਿਕ ਸਾਮਰਾਜਵਾਦ ਨੇ ਅੱਜ ਦੁਨੀਆਂ ਨੂੰ ਜ਼ੰਜੀਰਾਂ ਵਿੱਚ ਜਕੜ ਰੱਖਿਆ ਹੈ। ਜੇ ਤੀਹ ਕਰੋੜ ਦੀ ਆਬਾਦੀ ਵਾਲੇ ਸਮੁੱਚੇ ਦੇਸ਼ ਨੇ ਇਸੇ ਤਰ੍ਹਾਂ ਦੇ ਆਰਥਿਕ ਸ਼ੋਸ਼ਣ ਦਾ ਰਾਹ ਅਪਣਾ ਲਿਆ ਤਾਂ ਦੁਨੀਆ ਉਵੇਂ ਰੁੰਡ-ਮਰੁੰਡ ਹੋ ਕੇ ਰਹਿ ਜਾਵੇਗੀ ਜਿਵੇਂ ਟਿੱਡੀ ਦਲ ਦੇ ਹੱਲੇ ਤੋਂ ਬਾਅਦ ਹੁੰਦਾ ਹੈ।’

ਵਾਤਾਵਰਨਵਾਦੀਆਂ ਦੇ ਲਿਹਾਜ਼ ਤੋਂ ਇਨ੍ਹਾਂ ਸਤਰਾਂ ਨੂੰ ਪੜ੍ਹ ਕੇ ਜੋਸ਼ ਆ ਜਾਂਦਾ ਹੈ ਕਿਉਂ ਜੁ ਇਹ ਲੋਕਾਈ ਨੂੰ ਕੁਦਰਤੀ ਸਰੋਤਾਂ ਅਤੇ ਊਰਜਾ ਦੀ ਬੇਤਹਾਸ਼ਾ ਵਰਤੋਂ ਅਤੇ ਸਨਅਤੀ ਵਿਕਾਸ ਖਿਲਾਫ਼ ਚਿਤਾਵਨੀ ਦਿੰਦੀਆਂ ਹਨ। ਦਰਅਸਲ (ਪੱਛਮ ਤੋਂ ਪ੍ਰੇਰਿਤ ਹੋ ਕੇ) ਆਰਥਿਕ ਸ਼ੋਸ਼ਣ ਦੇ ਢੰਗ ਅਪਣਾ ਕੇ ਅੱਜ ਭਾਰਤ ਅਤੇ ਚੀਨ ਵਾਕਈ ਦੁਨੀਆ ਨੂੰ ਟਿੱਡੀ ਦਲ ਦੇ ਹਮਲੇ ਦੀ ਤਰ੍ਹਾਂ ਰੁੰਡ-ਮਰੁੰਡ ਕਰਨ ਦਾ ਖ਼ਤਰਾ ਖੜ੍ਹਾ ਕਰ ਰਹੇ ਹਨ।

ਮਨੁੱਖੀ ਲਾਲਚ ਦੇ ਆਲੋਚਕ ਵਜੋਂ, ਵਿਕੇਂਦਰਤ ਅਤੇ ਪਿੰਡ ਕੇਂਦਰਤ ਆਰਥਿਕਤਾ (ਜੋ ਬਹੁਤ ਘੱਟ ਸ਼ੋਸ਼ਣਕਾਰੀ ਹੁੰਦੀ ਹੈ) ਦੇ ਹਮਾਇਤੀ ਵਜੋਂ, ਘਾਤਕ ਜਾਂ ਤਬਾਹਕੁਨ ਸਰਕਾਰੀ ਨੀਤੀਆਂ ਖਿਲਾਫ਼ ਅਹਿੰਸਕ ਰੋਸ ਪ੍ਰਦਰਸ਼ਨ ਦੇ ਝੰਡਾਬਰਦਾਰ ਵਜੋਂ – ਗਾਂਧੀ ਨੂੰ ਲੰਮੇ ਸਮੇਂ ਤੋਂ ਵਾਤਾਵਰਨ ਅੰਦੋਲਨ ਦੇ ਇੱਕ ਵਡੇਰੇ ਵਜੋਂ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ। ਚਿਪਕੋ ਅਤੇ ਨਰਮਦਾ ਬਚਾਓ ਅੰਦੋਲਨ ਜਿਹੀਆਂ ਭਾਰਤ ਦੀਆਂ ਸਭ ਤੋਂ ਵੱਧ ਮਾਣਮੱਤੀਆਂ ਵਾਤਾਵਰਨੀ ਪਹਿਲਕਦਮੀਆਂ ਦੀ ਅਗਵਾਈ ਉਨ੍ਹਾਂ ਵਿਅਕਤੀਆਂ ਨੇ ਕੀਤੀ ਜੋ ਬਚਨ ਅਤੇ ਕਰਮ ਪੱਖੋਂ ਆਪਣੇ ਆਪ ਨੂੰ ਗਾਂਧੀ ਦੇ ਨਕਸ਼ੇ-ਕਦਮ ਦੇ ਪਾਂਧੀ ਗਿਣਦੇ ਹਨ/ਸਨ। ਮਰਹੂਮ ਅਰਥ ਸ਼ਾਸਤਰੀ ਅਤੇ ਜਰਮਨ ਗ੍ਰੀਨ ਪਾਰਟੀ ਦੇ ਬਾਨੀ ਈ.ਐਫ. ਸ਼ੂਮਾਕਰ (ਸਮਾਲ ਇਜ਼ ਬਿਊਟੀਫੁੱਲ ਦੇ ਲੇਖਕ) ਜਿਹੇ ਪੱਛਮੀ ਵਾਤਾਵਰਨਵਾਦੀ ਵੀ ਗਾਂਧੀ ਦੀ ਮਿਸਾਲ ਦਿੰਦੇ ਸਨ।

ਇਸ ਲੇਖ ਵਿੱਚ ਮੈਂ ਸਾਡੇ ਸਮਿਆਂ ਦੇ ਸਰੋਕਾਰਾਂ ਦੇ ਪੂਰਵ ਅਨੁਮਾਨ ਦੇ ਰੂਪ ਵਿੱਚ ਗਾਂਧੀ ਦੀ ਸੋਚ ਦੇ ਕੁਝ ਅਜਿਹੇ ਪਹਿਲੂਆਂ ਦੀ ਚਰਚਾ ਕਰ ਕੇ ਉਨ੍ਹਾਂ ਨੂੰ ਮੋਢੀ ਵਾਤਾਵਰਨਵਾਦੀ ਸਿੱਧ ਕਰਨ ਦੀ ਧਾਰਨਾ ਦੇਣਾ ਚਾਹੁੰਦਾ ਹਾਂ। ਖ਼ਾਸ ਤੌਰ ‘ਤੇ ਮੈਂ ਦਰਖ਼ਤਾਂ ਅਤੇ ਹਰਿਆਲੀ ਦੀ ਅਹਿਮੀਅਤ ਬਾਰੇ ਉਨ੍ਹਾਂ ਦੀਆਂ ਕੁਝ ਘੱਟ ਜਾਣੀਆਂ ਜਾਂਦੀਆਂ ਟਿੱਪਣੀਆਂ ਵੱਲ ਧਿਆਨ ਦਿਵਾਉਣਾ ਚਾਹੁੰਦਾ ਹਾਂ। ਨਵੰਬਰ 1925 ਵਿੱਚ ਮਹਾਤਮਾ ਗਾਂਧੀ ਹਿੰਦੋਸਤਾਨ ਦੇ ਪੱਛਮ ਵਿੱਚ ਕੱਛ ਦੇ ਰੇਗਿਸਤਾਨੀ ਖੇਤਰ ਵਿੱਚ ਗਏ ਸਨ ਜਿੱਥੇ ਮੀਂਹ ਅਤੇ ਹਰਿਆਵਲ ਦੀ ਬਹੁਤ ਘਾਟ ਸੀ। ਉਨ੍ਹਾਂ ਦੇ ਮੇਜ਼ਬਾਨ ਜੈਕ੍ਰਿਸ਼ਨ ਇੰਦਰਾਜੀ ਸਮਾਜ ਸੇਵੀ ਸਨ ਜੋ ਗਾਂਧੀ ਨੂੰ ‘ਗੁਜਰਾਤ ਦਾ ਹੀਰਾ’ ਕਿਹਾ ਕਰਦੇ ਸਨ ਅਤੇ ਇੱਕ ਔਨਲਾਈਨ ਸਰੋਤ ‘ਤੇ ਉਸ ਨੂੰ ਐਥਨੋਬੋਟੈਨਿਸਟ (ਮੌਲਿਕ ਬਨਸਪਤੀ ਵਿਗਿਆਨੀ) ਕਿਹਾ ਗਿਆ ਹੈ। ਜੈਕ੍ਰਿਸ਼ਨ ਦਾ ਜਨਮ ਗਾਂਧੀ ਦੇ ਜਨਮ ਤੋਂ ਵੀਹ ਸਾਲ ਪਹਿਲਾਂ 1849 ਵਿੱਚ ਹੋਇਆ ਸੀ। ਉਹ ਇੱਕ ਖ਼ੁਦਸਾਖਤਾ ਬਨਸਪਤੀ ਵਿਗਿਆਨੀ ਸਨ ਜਿਨ੍ਹਾਂ ਨੇ ਬਾਅਦ ਵਿੱਚ ਪੋਰਬੰਦਰ ਰਿਆਸਤ (ਜਿੱਥੇ ਗਾਂਧੀ ਦੇ ਪੁਰਖਿਆਂ ਨੇ ਵੀ ਸੇਵਾਵਾਂ ਨਿਭਾਈਆਂ ਸਨ) ਵਿੱਚ ਕੰਮ ਕੀਤਾ ਸੀ। ਜੈਕ੍ਰਿਸ਼ਨ ਨੂੰ ਦੁੱਖ ਹੁੰਦਾ ਸੀ ਕਿ ਹਿੰਦੋਸਤਾਨੀ ਲੋਕ ਪੌਦਿਆਂ ‘ਚ ਬਹੁਤੀ ਰੁਚੀ ਨਹੀਂ ਲੈਂਦੇ। ਉਨ੍ਹਾਂ ਆਖਿਆ ਸੀ: ‘ਯੌਰਪੀਅਨ ਲੋਕ ਇਸ ਮੁਲਕ ਦੇ ਪੌਦਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਨ੍ਹਾਂ ਬਾਰੇ ਲਿਖਦੇ ਹਨ ਜਦੋਂਕਿ ਮੇਰੇ ਦੇਸ਼ ਦੇ ਲੋਕ ਆਪਣੇ ਵਿਹੜੇ ਜਾਂ ਆਂਢ-ਗੁਆਂਢ ਵਿੱਚ ਉੱਗੇ ਦਰੱਖਤਾਂ ਬਾਰੇ ਵੀ ਨਹੀਂ ਜਾਣਦੇ।’ ਇਸ ਅਗਿਆਨਤਾ ਨੂੰ ਮਿਟਾਉਣ ਲਈ ਉਨ੍ਹਾਂ ਪੋਰਬੰਦਰ ਦੇ ਬਰਦਾ ਪਹਾੜੀਆਂ ਦੀ ਬਨਸਪਤੀ ਬਾਰੇ ਲਾਸਾਨੀ ਅਧਿਐਨ ਕੀਤਾ ਸੀ ਜੋ ਜਦੋਂ ਕੱਛ ਦੇ ਮਹਾਰਾਓ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਜੈਕ੍ਰਿਸ਼ਨ ਨੂੰ ਆਪਣੇ ਕੋਲ ਸੱਦ ਲਿਆ ਅਤੇ ਇੱਥੇ ਆ ਕੇ ਉਨ੍ਹਾਂ ਰਿਆਸਤ ਦੀ ਬਨਸਪਤੀ ਬਾਰੇ ਖੋਜ ਕਰਨ ਦੇ ਨਾਲ ਨਾਲ ਰੇਗਿਸਤਾਨ ਨੂੰ ਹਰਿਆ-ਭਰਿਆ ਬਣਾਉਣ ਲਈ ਵੀ ਕੰਮ ਕੀਤਾ।

ਜੈਕ੍ਰਿਸ਼ਨ ਨੂੰ ਮਿਲਣ ਤੋਂ ਬਾਅਦ ਗਾਂਧੀ ਨੇ ਲਿਖਿਆ: ‘ਉਹ ਬਰਦਾ ਦੇ ਹਰੇਕ ਰੁੱਖ ਅਤੇ ਪੱਤੇ ਬਾਰੇ ਜਾਣਦੇ ਹਨ। ਪੌਦੇ ਲਾਉਣ ਵਿੱਚ ਉਨ੍ਹਾਂ ਦਾ ਇੰਨਾ ਗਹਿਰਾ ਵਿਸ਼ਵਾਸ ਹੈ ਕਿ ਇਹੀ ਉਨ੍ਹਾਂ ਲਈ ਸਰਬੋਤਮ ਕਾਰਜ ਬਣ ਗਿਆ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਕੰਮ ਨਾਲ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਉਨ੍ਹਾਂ ਦੇ ਉਤਸ਼ਾਹ ਅਤੇ ਵਿਸ਼ਵਾਸ ਤੋਂ ਅਛੂਤਾ ਰਹਿਣਾ ਬਹੁਤ ਮੁਸ਼ਕਿਲ ਹੈ। ਮੇਰੇ ‘ਤੇ ਕਾਫ਼ੀ ਚਿਰ ਪਹਿਲਾਂ ਹੀ ਇਸ ਦਾ ਪ੍ਰਭਾਵ ਪੈ ਗਿਆ ਸੀ। ਜੇ ਕੋਈ ਹਾਕਮ ਅਤੇ ਉਸ ਦੀ ਪਰਜਾ ਚਾਹੇ ਤਾਂ ਆਪਣੇ ਕੋਲ ਇਹੋ ਜਿਹੇ ਸੂਝਵਾਨ ਬੰਦੇ ਦੀ ਮੌਜੂਦਗੀ ਦਾ ਲਾਹਾ ਲੈ ਕੇ ਖ਼ੂਬਸੂਰਤ ਜੰਗਲ ਉਗਾ ਸਕਦੇ ਹਨ।’

ਜੈਕ੍ਰਿਸ਼ਨ ਨੇ ਇੱਕ ਖੁੱਲ੍ਹੀ ਥਾਂ ‘ਤੇ ਗਾਂਧੀ ਦੇ ਹੱਥੋਂ ਪੌਦਾ ਲਗਵਾਇਆ ਅਤੇ ਉਨ੍ਹਾਂ ਲਿਖਿਆ ਕਿ ਇਹ ਉਨ੍ਹਾਂ ਲਈ ‘ਕੱਛ ਵਿੱਚ ਇੱਕ ਬਹੁਤ ਹੀ ਯਾਦਗਾਰੀ ਸਮਾਗਮ ਸਾਬਿਤ ਹੋਇਆ।’ ਉਸੇ ਦਿਨ ਦਰਖ਼ਤਾਂ ਦੀ ਰਾਖੀ ਵਾਸਤੇ ਇੱਕ ਸੁਸਾਇਟੀ ਦਾ ਗਠਨ ਕੀਤਾ ਗਿਆ ਅਤੇ ਗਾਂਧੀ ਨੇ ਆਸ ਜਤਾਈ ਕਿ ਇਸ ਦੇ ਸਿਰ ‘ਤੇ ਸਫ਼ਲਤਾ ਦਾ ਤਾਜ ਸਜੇਗਾ। ਕੱਛ ਖੇਤਰ ਵਿੱਚ ਬਨਸਪਤੀ ਵਿਗਿਆਨੀ ਜੈਕ੍ਰਿਸ਼ਨ ਦੇ ਯਤਨਾਂ ਸਦਕਾ ਆਈ ਤਬਦੀਲੀ ਦਾ ਚੇਤਾ ਕਰਦਿਆਂ ਗਾਂਧੀ ਨੇ ਦੱਖਣੀ ਅਫ਼ਰੀਕਾ ਦੇ ਇੱਕ ਖੁਸ਼ਕ ਤੇ ਉਜਾੜ ਕਸਬੇ ਨਾਲ ਤੁਲਨਾ ਦਾ ਚੇਤਾ ਕੀਤਾ ਜਿੱਥੇ ਉਨ੍ਹਾਂ ਆਪਣੀ ਵਕਾਲਤ ਦੀ ਪ੍ਰੈਕਟਿਸ ਅਤੇ ਇੱਕ ਕਾਰਕੁਨ ਵਜੋਂ ਸ਼ੁਰੂਆਤ ਕੀਤੀ ਸੀ। ਇਸ ਬਾਬਤ ਉਹ ਲਿਖਦੇ ਹਨ: ‘ਜੌਹਾਨਸਬਰਗ ਵੀ ਇਹੋ ਜਿਹਾ ਹੀ ਸ਼ਹਿਰ ਸੀ। ਇੱਕ ਸਮੇਂ ਉੱਥੇ ਘਾਹ ਤੋਂ ਬਿਨਾਂ ਹੋਰ ਕੁਝ ਨਹੀਂ ਉੱਗਦਾ ਸੀ। ਕੋਈ ਇਮਾਰਤ ਨਹੀਂ ਸੀ। ਚਾਲੀ ਸਾਲਾਂ ਦੇ ਅੰਦਰ ਇਹ ਇੱਕ ਸੁਨਹਿਰੀ ਸ਼ਹਿਰ ਦਾ ਰੂਪ ਧਾਰ ਗਿਆ। ਕੋਈ ਸਮਾਂ ਸੀ ਜਦੋਂ ਲੋਕਾਂ ਨੂੰ ਪਾਣੀ ਦੀ ਇੱਕ ਬਾਲਟੀ ਲਈ 12 ਆਨੇ ਦੇਣੇ ਪੈਂਦੇ ਸਨ ਅਤੇ ਕਈ ਵਾਰ ਖਾਰੇ ਪਾਣੀ ਨਾਲ ਹੀ ਕੰਮ ਚਲਾਉਣਾ ਪੈਂਦਾ ਸੀ। ਕਦੇ ਕਦਾਈਂ ਤਾਂ ਉਨ੍ਹਾਂ ਨੂੰ ਆਪਣੇ ਮੂੰਹ ਹੱਥ ਇਸੇ ਪਾਣੀ ਨਾਲ ਧੋਣੇ ਪੈਂਦੇ ਸਨ। ਹੁਣ ਉੱਥੇ ਹਰ ਪਾਸੇ ਪਾਣੀ ਵੀ ਹੈ ਤੇ ਦਰਖ਼ਤ ਵੀ ਹਨ। ਸੋਨੇ ਦੀਆਂ ਖਾਣਾਂ ਦੇ ਮਾਲਕਾਂ ਨੇ ਇਸ ਖੇਤਰ ਨੂੰ ਹਰੀ ਪੱਟੀ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਸਦਕਾ ਮੀਂਹ ਪੈਣ ਲੱਗ ਪਏ ਹਨ ਅਤੇ ਇੰਝ ਦੂਰੋਂ ਦੂਰੋਂ ਪੌਦੇ ਲਿਆ ਕੇ ਲਾਉਣ ਦਾ ਉਤਸ਼ਾਹ ਬਹੁਤ ਵਧ ਗਿਆ ਹੈ। ਇਸ ਤੋਂ ਇਲਾਵਾ ਅਜਿਹੀਆਂ ਮਿਸਾਲਾਂ ਵੀ ਮਿਲਦੀਆਂ ਹਨ ਕਿ ਜਦੋਂ ਜੰਗਲਾਂ ਦੀ ਕਟਾਈ ਹੋਣ ਨਾਲ ਮੀਂਹ ਪੈਣ ਦਾ ਸਿਲਸਿਲਾ ਘਟ ਗਿਆ ਜਦੋਂਕਿ ਜੰਗਲੀ ਰਕਬਾ ਵਧਣ ਨਾਲ ਮੀਂਹਾਂ ਵਿੱਚ ਵਾਧਾ ਹੋਇਆ ਹੈ।’

ਕੁਝ ਸਾਲਾਂ ਬਾਅਦ ਇੱਕ ਸ਼ਾਮ ਗਾਂਧੀ ਆਪਣੇ ਸਾਬਰਮਤੀ ਆਸ਼ਰਮ ਵਿੱਚ ਸੌਣ ਤੋਂ ਪਹਿਲਾਂ ਕੁਝ ਸੂਤ ਕੱਤਣਾ ਚਾਹੁੰਦੇ ਸਨ। ਉਨ੍ਹਾਂ ਦੀ ਸ਼ਾਗਿਰਦ ਮੀਰਾ ਨੇ ਡੋਰ ‘ਤੇ ਲੇਪ ਲਾਉਣ ਲਈ ਆਸ਼ਰਮ ‘ਚ ਰਹਿੰਦੇ ਇੱਕ ਨੌਜਵਾਨ ਨੂੰ ਕਿੱਕਰ ਦੇ ਕੁਝ ਪੱਤੇ ਤੋੜ ਕੇ ਲਿਆਉਣ ਲਈ ਆਖਿਆ। ਨੌਜਵਾਨ ਹਰੇ ਕਚੂਰ ਪੱਤਿਆਂ ਨਾਲ ਭਰੀ ਇੱਕ ਵੱਡੀ ਟਾਹਣੀ ਤੋੜ ਕੇ ਲੈ ਆਇਆ। ਮੀਰਾ ਦੇ ਦੱਸਣ ਮੁਤਾਬਿਕ ਜਦੋਂ ਉਨ੍ਹਾਂ ਗਾਂਧੀ ਨੂੰ ਦੱਸਿਆ ਤਾਂ ਉਨ੍ਹਾਂ ਡਾਢੀ ਵੇਦਨਾ ਨਾਲ ਆਖਿਆ: ”ਛੋਟੇ ਛੋਟੇ ਸਾਰੇ ਪੱਤੇ ਸਦਾ ਲਈ ਸੌਂ ਗਏ ਹਨ। ਦਰੱਖਤ ਵੀ ਸਾਡੇ ਤਰ੍ਹਾਂ ਹੀ ਜਿਊਂਦੇ ਜਾਗਦੇ ਹਨ। ਉਹ ਵੀ ਸਾਡੇ ਵਾਂਗ ਸਾਹ ਲੈਂਦੇ ਹਨ, ਖੁਰਾਕ ਤੇ ਪਾਣੀ ਪੀਂਦੇ ਹਨ ਤੇ ਸਾਡੇ ਵਾਂਗ ਹੀ ਉਨ੍ਹਾਂ ਨੂੰ ਵੀ ਨੀਂਦ ਦੀ ਲੋੜ ਪੈਂਦੀ ਹੈ। ਰਾਤ ਨੂੰ ਜਦੋਂ ਦਰੱਖਤ ਸੌਂ ਰਹੇ ਹਨ ਤਾਂ ਉਦੋਂ ਪੱਤੇ ਤੋੜਨਾ ਪਾਪ ਹੁੰਦਾ ਹੈ!’ ਮੀਰਾ ਮੁਤਾਬਿਕ ਗਾਂਧੀ ਜੀ ਮੁੰਡੇ ਵੱਲੋਂ ਵੱਡੀ ਟਾਹਣੀ ਤੋੜ ਕੇ ਲਿਆਉਣ ‘ਤੇ ਬਹੁਤ ਪ੍ਰੇਸ਼ਾਨ ਹੋਏ ਅਤੇ ਇਉਂ ਹੀ ਜਦੋਂ ਕੁਝ ਦੇਰ ਪਹਿਲਾਂ ਇੱਕ ਜਨਤਕ ਸਮਾਗਮ ਦੌਰਾਨ ਉਨ੍ਹਾਂ ਨੂੰ ਵੱਡੇ ਵੱਡੇ ਹਾਰ ਪਹਿਨਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਤਾਂ ਵੀ ਦੁੱਖ ਨਾਲ ਭਰ ਗਏ ਸਨ।

ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਇੱਕੋ ਸਮੇਂ ਪ੍ਰਕਾਸ਼ਿਤ ਹੋਏ ਇੱਕ ਲੇਖ ਵਿੱਿਚ ਮੀਰਾ ਦੇ ਸ਼ਬਦਾਂ ‘ਚ ਇਹ ਕਹਾਣੀ ਬਿਆਨ ਕੀਤੀ ਗਈ ਅਤੇ ਇਸ ਵਿੱਚ ਗਾਂਧੀ ਦੇ ਇਹ ਅਲਫ਼ਾਜ਼ ਵੀ ਸਾਂਝੇ ਕੀਤੇ ਗਏ: ‘ਪਾਠਕ ਇਸ ਨੂੰ ਭਾਵੁਕ ਟਕਰਾਅ ਨਾ ਸਮਝਣ ਅਤੇ ਇਸ ਮੁਤੱਲਕ ਮੈਨੂੰ ਜਾਂ ਮੀਰਾ ਨੂੰ ਨਾਉਮੀਦ ਵਿਸੰਗਤੀ ਦਾ ਦੋਸ਼ੀ ਨਾ ਮੰਨ ਲੈਣ ਕਿ ਜਦੋਂ ਅਸੀਂ ਮਣਾਂ ਮੂੰਹੀਂ ਸਬਜ਼ੀਆਂ ਖਾਂਦੇ ਹਾਂ ਤਾਂ ਇੱਕ ਊਠ ਨੂੰ ਨਿਗਲ ਜਾਂਦੇ ਹਾਂ ਅਤੇ ਰਾਤ ਨੂੰ ਕਿਸੇ ਦਰਖ਼ਤ ਦਾ ਪੱਤਾ ਤੋੜ ਕੇ ਕਿਸੇ ਮੱਛਰ ਨੂੰ ਤਕਲੀਫ਼ ਨਹੀਂ ਪਹੁੰਚਾਉਣਾ ਚਾਹੁੰਦੇ। ਕਿਸੇ ਬੁੱਚੜ ਵਿੱਚ ਵੀ ਐਨੀ ਕੁ ਇਨਸਾਨੀਅਤ ਹੁੰਦੀ ਹੈ ਕਿਉਂਕਿ ਉਹ ਮਟਨ ਖਾਣ ਵਾਲੇ ਕਿਸੇ ਬੰਦੇ ਲਈ ਰਾਤ ਨੂੰ ਆਰਾਮ ਕਰ ਰਹੀਆਂ ਭੇਡਾਂ ਬੱਕਰੀਆਂ ਦੇ ਝੁੰਡ ਨੂੰ ਜਿਬ੍ਹਾ ਨਹੀਂ ਕਰਦਾ। ਇਨਸਾਨੀਅਤ ਦਾ ਇਹੀ ਸਾਰ ਹੁੰਦਾ ਹੈ ਕਿ ਅਸੀਂ ਦੂਜਿਆਂ ਦਾ ਕਿੰਨਾ ਕੁ ਖ਼ਿਆਲ ਰੱਖਦੇ ਹਾਂ ਭਾਵੇਂ ਉਹ ਪਸ਼ੂ ਹੋਣ ਜਾਂ ਫੁੱਲ ਬੂਟੇ। ਜਿਹੜਾ ਬੰਦਾ ਸਿਰਫ਼ ਆਪਣੀ ਮੌਜ ਮਸਤੀ ਦੀ ਖ਼ਾਤਰ ਦੂਜਿਆਂ ਦੀ ਰੱਤੀ ਭਰ ਵੀ ਪਰਵਾਹ ਨਹੀਂ ਕਰਦਾ, ਯਕੀਨਨ ਉਹ ਇਨਸਾਨ ਨਹੀਂ ਅਖਵਾ ਸਕਦਾ। ਉਹ ਵਿਚਾਰਹੀਣ ਹੁੰਦਾ ਹੈ!’

ਇਸ ਤਰ੍ਹਾਂ ਸਰੋਤਾਂ ਦੀ ਖਪਤ ਵਿੱਚ ਸੰਜਮ ‘ਤੇ ਜ਼ੋਰ ਪਾਉਣ ਦੇ ਨਾਲ ਨਾਲ ਗਾਂਧੀ ਨੇ ਹਿੰਦੋਸਤਾਨੀ ਸੱਭਿਆਚਾਰ ਵਿੱਚ ਦਰਖ਼ਤਾਂ ਦੇ ਮੁਕਾਮ ਦੀ ਵਡਿਆਈ ਕੀਤੀ ਹੈ ਅਤੇ ਇੰਝ ਲਿਖਿਆ: ‘ਹਿੰਦੋਸਤਾਨ ਨੇ ਦਰਖ਼ਤਾਂ ਅਤੇ ਹੋਰਨਾਂ ਸੰਵੇਦਨਾ ਭਰਪੂਰ ਪ੍ਰਾਣੀਆਂ ਪ੍ਰਤੀ ਬਹੁਤ ਜ਼ਿਆਦਾ ਸਤਿਕਾਰ ਨੂੰ ਸੰਜੋਇਆ ਹੈ। ਕਵੀ ਲਿਖਦਾ ਹੈ ਕਿ ਦਮਯੰਤੀ ਦਰੱਖ਼ਤਾਂ ਕੋਲ ਜਾ ਕੇ ਰੋਂਦੀ ਕੁਰਲਾਉਂਦੀ ਫਿਰਦੀ ਹੈ। ਸ਼ਕੁੰਤਲਾ ਰੁੱਖਾਂ ਅਤੇ ਪੰਛੀਆਂ ਤੇ ਜਾਨਵਰਾਂ ਦਾ ਸੰਗ ਮਾਣਦੀ ਹੈ। ਮਹਾਂਕਵੀ ਕਾਲੀਦਾਸ ਸਾਨੂੰ ਦੱਸਦੇ ਹਨ ਕਿ ਉਨ੍ਹਾਂ ਤੋਂ ਦੂਰ ਹੋਣਾ ਉਸ ਲਈ ਕਿੰਨਾ ਤਕਲੀਫ਼ਦੇਹ ਹੋ ਨਿੱਬੜਦਾ ਹੈ।’

ਅਸੀਂ ਹੁਣ ਜਾਣਦੇ ਹਾਂ, ਜਿਵੇਂ ਕਿ ਪਿਛਲੇ ਸਾਲ ‘ਦਿ ਗਾਰਡੀਅਨ’ ਵਿੱਚ ਛਪੇ ਇੱਕ ਲੇਖ ਤੋਂ ਸਪੱਸ਼ਟ ਹੋਇਆ ਸੀ ਕਿ ਰੁੱਖਾਂ ਅੰਦਰ ਵਾਯੂਮੰਡਲ ‘ਚੋਂ ਕਾਰਬਨ ਨੂੰ ਸੋਖ ਕੇ ਇਸ ਨੂੰ ਲੱਕੜ ਦੇ ਰੂਪ ਵਿੱਚ ਭੰਡਾਰ ਕਰਨ ਦੀ ਕੁਦਰਤੀ ਸਮੱਰਥਾ ਹੁੰਦੀ ਹੈ ਤੇ ਇੰਝ ਰੁੱਖ ਜਲਵਾਯੂ ਐਮਰਜੈਂਸੀ ਨਾਲ ਸਿੱਝਣ ਦਾ ਸਰਲ ਤੇ ਸੌਖਾ ਰਾਹ ਹਨ। ਮਨੁੱਖੀ ਸਰਗਰਮੀ ਕਰਕੇ ਆਲਮੀ ਤਪਸ਼ ਅਤੇ ਜਲਵਾਯੂ ਤਬਦੀਲੀ ਦੇ ਸਬੂਤ ਉਜਾਗਰ ਹੋਣ ਤੋਂ ਕਈ ਦਹਾਕੇ ਪਹਿਲਾਂ ਗਾਂਧੀ ਇਸ ਮੁਤੱਲਕ ਲਿਖਦੇ ਆ ਰਹੇ ਸਨ। ਉਨ੍ਹਾਂ ਨੇ ਹੋਰਾਂ ਕੰਮਾਂ ਦੇ ਮੁਕਾਬਲੇ ਪੌਦੇ ਲਾਉਣ ਦੇ ਕੰਮ ਦੀ ਹਮੇਸ਼ਾ ਪੈਰਵੀ ਕੀਤੀ ਜਿਨ੍ਹਾਂ ਕਰਕੇ ਛਾਂ ਤੇ ਛੱਤ, ਜ਼ਮੀਨ ਅਤੇ ਪਾਣੀ ਦੀਆਂ ਪ੍ਰਣਾਲੀਆਂ ਨੂੰ ਸਥਿਰ ਰੱਖਣ ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਜੀਵਨ ਦੇ ਦੂਜੇ ਰੂਪਾਂ ਪ੍ਰਤੀ ਮਨੁੱਖੀ ਸਰੋਕਾਰ ਵੀ ਜਾਗਦਾ ਹੈ। ਉਂਝ, ਬਿਨਾਂ ਸ਼ੱਕ ਜਲਵਾਯੂ ਐਮਰਜੈਂਸੀ ਉਨ੍ਹਾਂ ਦੇ ਸ਼ਬਦਾਂ ਨੂੰ ਹੋਰ ਜ਼ਿਆਦਾ ਪੂਰਬਗਾਮੀ ਬਣਾਉਂਦੀ ਹੈ। ਗਾਂਧੀ ਰਾਜਨੀਤਕ ਵਿਵਾਦਾਂ ਨੂੰ ਸੁਲਝਾਉਣ ਲਈ ਅਹਿੰਸਾ ਦੀ ਪੈਰਵੀ, ਅੰਤਰ-ਧਰਮ ਸਦਭਾਵਨਾ ਲਈ ਆਪਣੀ ਵਚਨਬੱਧਤਾ ਅਤੇ ਛੂਤਛਾਤ ਦੇ ਖ਼ਾਤਮੇ ਲਈ ਸੰਘਰਸ਼ ਕਾਰਨ ਬਹੁਤਾ ਜਾਣੇ ਜਾਂਦੇ ਹਨ। ਜੇ ਅਸੀਂ ਸਾਡੇ ਸਾਹਮਣੇ ਗਹਿਰੇ ਹੁੰਦੇ ਜਾ ਰਹੇ ਵਾਤਾਵਰਨ ਦੇ ਸੰਕਟ ਨੂੰ ਹੱਲ ਕਰਨਾ ਚਾਹੁੰਦੇ ਤਾਂ ਇਸ ਸੰਬੰਧ ਵਿੱਚ ਗਾਂਧੀ ਦੀ ਵਿਰਾਸਤ ਬਹੁਤ ਹੀ ਪ੍ਰਸੰਗਕ ਸਾਬਿਤ ਹੋ ਸਕਦੀ ਹੈ।

ਈ-ਮੇਲ: ramachandraguha@yahoo.in

Advertisement
Advertisement
Advertisement
×