ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੂੰ ਜੁਰਮਾਨਾ
ਮਾਲਮੋ, 24 ਜੁਲਾਈ
ਮਾਲਮੋ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਨੂੰ ਰੋਸ ਪ੍ਰਦਰਸ਼ਨ ਦੌਰਾਨ ਪੁਲੀਸ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਜੁਰਮਾਨਾ ਲਗਾਇਆ ਹੈ। ਥੁਨਬਰਗ ਨੇ ਵਾਤਾਵਰਨ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਪਿਛਲੇ ਮਹੀਨੇ ਦੱਖਣੀ ਸਵੀਡਿਸ਼ ਸ਼ਹਿਰ ਮਾਲਮੋ ਵਿੱਚ ਸੜਕ ਆਵਾਜਾਈ ਰੋਕੀ ਸੀ। ਥੁਨਬਰਗ (20) ਨੇ ਮੰਨਿਆ ਕਿ ਉਸ ਨੇ ਪੁਲੀਸ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ, ਪਰ ਖੁਦ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਅਜਿਹਾ ਕਦਮ ਮਜ਼ਬੂਰੀ ਵਿੱਚ ਚੁੱਕਿਆ ਗਿਆ ਹੈ। ਉਨ੍ਹਾਂ ਅਦਾਲਤ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਹਾਸੋਹੀਣੀ ਗੱਲ ਹੈ ਕਿ ਵਿਗਿਆਨਕ ਢੰਗ ਨਾਲ ਕੰਮ ਕਰਨ ਵਾਲਿਆਂ ਨੂੰ ਇਸ ਦੀ ਕੀਮਤ ਚੁਕਾਉਣੀ ਪੈਂਦੀ ਹੈ।’’
ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਥੁਨਬਰਗ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਦਰਸ਼ਨ ਪੂਰੀ ਤਰ੍ਹਾਂ ਨਿਆਂਸੰਗਤ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਅਸੀਂ ਐਮਰਜੈਂਸੀ ਵਾਲੀ ਹਾਲਤ ਵਿੱਚ ਹਾਂ, ਜਿੱਥੇ ਜ਼ਿੰਦਗੀ, ਸਿਹਤ ਅਤੇ ਜਾਇਦਾਦ ਖ਼ਤਰੇ ਵਿੱਚ ਹਨ।’’ ਅਦਾਲਤ ਨੇ ਥੁਨਬਰਗ ਨੂੰ 1500 ਸਵੀਡਿਸ਼ ਕਰਾਊਨਜ਼ (144 ਡਾਲਰ) ਅਦਾ ਕਰਨ ਤੋਂ ਇਲਾਵਾ 1000 ਕਰਾਊਨਜ਼ ਹੋਰ ਅਪਰਾਧ ਪੀੜਤਾਂ ਲਈ ਬਣੇ ਫੰਡ ਵਿੱਚ ਪਾਉਣ ਦਾ ਹੁਕਮ ਦਿੱਤਾ ਹੈ। ਜੁਰਮਾਨਾ ਉਸ ਵੱਲੋਂ ਦੱਸੀ ਗਈ ਆਮਦਨ ਦੇ ਅਨੁਪਾਤ ਦੇ ਹਿਸਾਬ ਨਾਲ ਲਗਾਇਆ ਗਿਆ ਹੈ। ਪੁਲੀਸ ਦੇ ਆਦੇਸ਼ ਦੀ ਉਲੰਘਣਾ ਕਰਨ ’ਤੇ ਵੱਧ ਤੋਂ ਵੱਧ ਛੇ ਮਹੀਨੇ ਜੇਲ੍ਹ ਦੀ ਸਜ਼ਾ ਹੈ। ਥੁਨਬਰਗ ਅਤੇ ‘ਰੀਕਲੇਮ ਦਿ ਫਿਊਚਰ’ ਦੇ ਕਾਰਕੁਨਾਂ ਨੇ 19 ਜੂਨ ਨੂੰ ਮਾਲਮੋ ਬੰਦਰਗਾਹ ਵਿੱਚ ਸੜਕ ਬੰਦ ਕਰ ਦਿੱਤੀ ਸੀ, ਜਿਸ ਕਾਰਨ ਤੇਲ ਟਰੱਕਾਂ ਦੀ ਆਵਾਜਾਈ ਵਿੱਚ ਵਿਘਨ ਪਿਆ ਸੀ। ਥੁਨਬਰਗ ’ਤੇ ਦੋਸ਼ ਹੈ ਕਿ ਪੁਲੀਸ ਆਦੇਸ਼ਾਂ ਦੇ ਬਾਵਜੂਦ ਉਸ ਨੇ ਸੜਕ ਖਾਲੀ ਨਹੀਂ ਕੀਤੀ। -ਰਾਇਟਰਜ਼