ਵਾਤਾਵਰਨ ਦਾ ਪਹਿਰੇਦਾਰ ਪਰਮਿੰਦਰ ਪਾਲ
ਕੁਲਦੀਪ ਧਨੌਲਾ
ਪਰਮਿੰਦਰ ਪਾਲ ਵਾਤਾਵਰਨ ਦੀ ਸੰਭਾਲ ਨੂੰ ਪ੍ਰਣਾਇਆ ਹੋਇਆ ਇਨਸਾਨ ਹੈ। ਕਿਧਰੇ ਪੌਦੇ ਲਗਾਉਣੇ ਹੋਣ ਜਾਂ ਫਿਰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤੀ ਦਾ ਕਾਰਜ ਹੋਵੇ, ਉਹ ਹਰ ਥਾਂ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ। ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੁਕ ਕਰਨਾ, ਉਸ ਦਾ ਨਿੱਤਨੇਮ ਹੈ। ਲੋਕਾਂ ਨੂੰ ਪੌਲੀਥੀਨ ਤੋਂ ਦੂਰ ਕਰਨ ਲਈ ਜਿੱਥੇ ਉਹ ਜੂਟ ਦੇ ਝੋਲੇ ਦੀ ਵਰਤੋਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਉੱਥੇ ਇਨ੍ਹਾਂ ਜੂਟ ਦੇ ਝੋਲਿਆਂ ’ਤੇ ਪੰਜਾਬੀ ਵਰਣਮਾਲਾ ਅੰਕਿਤ ਕਰਕੇ ਪੰਜਾਬੀ ਭਾਸ਼ਾ ਨੂੰ ਵੀ ਹੁਲਾਰਾ ਦੇ ਰਿਹਾ ਹੈ।
ਉਸ ਦਾ ਕਹਿਣਾ ਹੈ ਕਿ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣਾ, ਸੜਕੀ ਨਿਯਮਾਂ ਦੀ ਪਾਲਣਾ ਕਰਨੀ ਤੇ ਵਾਤਾਵਰਨ ਦੀ ਸਾਂਭ-ਸੰਭਾਲ ਵਿੱਚ ਜਿੰਨਾ ਚਿਰ ਲੋਕਾਂ ਦੀ ਸ਼ਮੂਲੀਅਤ ਨਹੀਂ ਹੁੰਦੀ, ਓਨਾ ਚਿਰ ਸਰਕਾਰਾਂ ਵੀ ਇਨ੍ਹਾਂ ਵਿੱਚ ਕਾਮਯਾਬ ਨਹੀਂ ਹੋ ਸਕਦੀਆਂ ਕਿਉਂਕਿ ਆਖ਼ਰ ਇਹ ਸਭ ਕੁਝ ਹੈ ਤਾਂ ਲੋਕਾਂ ਲਈ ਹੀ। ਜਦੋਂ ਤੱਕ ਲੋਕ ਇਸ ਵਿੱਚ ਸ਼ਮੂਲੀਅਤ ਨਹੀਂ ਕਰਨਗੇ, ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।
ਪੇਸ਼ੇ ਵਜੋਂ ਪਰਮਿੰਦਰ ਪਾਲ ਇੰਜਨੀਅਰ ਹੈ। ਪੌਦਿਆਂ ਪ੍ਰਤੀ ਉਸ ਦਾ ਮੋਹ 5-6 ਸਾਲ ਦੀ ਉਮਰ ਵਿੱਚ ਹੀ ਪੈ ਗਿਆ ਸੀ। ਪਰਮਿੰਦਰ ਪਾਲ ਦਾ ਜਨਮ ਪਿਤਾ ਹਰਦੇਵ ਕੁਮਾਰ ਤੇ ਮਾਤਾ ਮਨਜੀਤ ਕੌਰ ਦੇ ਘਰ ਹੋਇਆ। ਜਦੋਂ ਉਹ ਆਪਣੀ ਦਾਦੀ-ਨਾਨੀ ਨੂੰ ਛੱਤਾਂ ਉਤੇ ਪੰਛੀਆਂ ਨੂੰ ਦਾਣੇ ਪਾਉਂਦਾ ਦੇਖਦਾ ਤਾਂ ਉਹ ਪੰਛੀਆਂ ਨੂੰ ਆਪਣੀਆਂ ਤਲੀਆਂ ਉਤੇ ਚੋਗ ਚੁਗਾਉਣ ਲੱਗ ਜਾਂਦਾ। ਜਿੱਥੇ ਉਹ ਵਾਤਾਵਰਨ ਪ੍ਰਤੀ ਗੰਭੀਰ ਹੈ, ਉੱਥੇ ਮਾਤ ਭਾਸ਼ਾ ਦੇ ਪਸਾਰ ਪ੍ਰਤੀ ਵੀ ਬੇਚੈਨ ਰਹਿੰਦਾ ਹੈ। ਪਲਾਸਟਿਕ ਤੋਂ ਵਾਤਾਵਰਨ ਬਚਾਉਣ ਦੇ ਉਪਰਾਲੇ ਵਜੋਂ ਪੰਜਾਬੀ ਭਾਸ਼ਾ ਦਾ 35 ਅੱਖਰਾਂ ਨਾਲ ਛਾਪਿਆ ਹੋਇਆ ਜੂਟ ਦਾ ਝੋਲਾ ਅਤੇ ਬੂਟੇ ਵੰਡਦਾ ਉਹ ਆਮ ਦੇਖਿਆ ਜਾ ਸਕਦਾ ਹੈ। ਉਹਦਾ ਜਨੂੰਨ ਵੇਖ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਉਸ ਨੂੰ ਸਨਮਾਨਤ ਕਰ ਚੁੱਕੇ ਹਨ। ਇਨ੍ਹੀਂ ਦਿਨੀਂ ਉਹ ਮੁਹਾਲੀ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਵਾਤਾਵਰਨ ਜਾਗਰੂਕਤਾ ਰੈਲੀ-2023’ ਜੋ ‘ਰਾਸ਼ਟਰੀ ਖੇਡ ਦਿਵਸ’ ਉਤੇ 29 ਅਗਸਤ ਨੂੰ ਮੁਹਾਲੀ ਵਿਖੇ ਕੱਢੀ ਜਾ ਰਹੀ ਹੈ, ਵਿੱਚ ਜੁਟਿਆ ਹੋਇਆ ਹੈ। ਰੈਲੀ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣ ਅਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ।
ਸੰਪਰਕ: 94642-91023